ਅਪਰਾਧਸਿਆਸਤਖਬਰਾਂ

ਲਖੀਮਪੁਰ ਘਟਨਾ ਤੇ ਸੁਪਰੀਮ ਕੋਰਟ ਸਖਤ, ਪੁਲਸ ਦੀ ਕਾਰਵਾਈ ਤੇਜ਼

ਸਿਆਸਤ ਵੀ ਗਰਮਾਈ ਹੋਈ ਹੈ

ਲਖਨਊ- ਲਖੀਮਪੁਰ ਹਿੰਸਾ  ਬਾਰੇ ਸੁਪਰੀਮ ਕੋਰਟ ਦਾ ਰੁਖ ਬੇਹਦ ਸਖਤ ਹੈ, ਅਦਾਲਤ ਨੇ ਅਜ  ਕਿਹਾ ਹੈ ਕਿ ਉਹ ਯੂ ਪੀ ਸਰਕਾਰ  ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 20 ਅਕਤੂਬਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਕਿਸੇ ਹੋਰ ਏਜੰਸੀ ਨੂੰ ਦੇਣ ਦਾ ਸੰਕੇਤ ਤੇ ਡੀਜੀਪੀ ਨੂੰ ਮਾਮਲੇ ਨਾਲ ਜੁੜੇ ਸਾਰੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਲਖੀਮਪੁਰ ਹਿੰਸਾ ਮਾਮਲੇ ਵਿੱਚ ਮੁਖ ਮੁਲਜ਼ਮ ਆਸ਼ੀਸ਼ ਮਿਸ਼ਰਾ ਅਜ ਸਵੇਰੇ 10:00 ਵਜੇ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਨਹੀਂ ਹੋਇਆ, ਉਹ ਵਾਰ ਵਾਰ ਟਿਕਾਣਾ ਬਦਲ ਰਿਹਾ ਹੈ। ਕੱਲ੍ਹ ਉਸ ਦਾ ਟਿਕਾਣਾ ਨੇਪਾਲ ਸਰਹੱਦ ਦੇ ਨੇੜੇ ਆ ਰਿਹਾ ਸੀ,  ਅਜ ਸਵੇਰੇ ਉੱਤਰਾਖੰਡ ਵਿੱਚ ਦਿਖਾਈ ਦਿਤਾ। ਇਹ ਵੀ ਖਬਰ ਆਈ ਹੈ ਕਿ ਆਸ਼ੀਸ਼ ਮਿਸ਼ਰਾ ਬਿਮਾਰ ਹੈ, ਭਲਕੇ ਪੇਸ਼ ਹੋ ਜਾਵੇਗਾ। ਕ੍ਰਾਈਮ ਬ੍ਰਾਂਚ ਟੀਮ ਨੇ ਹੁਣ ਉਸ ਨੂੰ ਸ਼ਨੀਵਾਰ ਰਾਤ 11:00 ਵਜੇ ਤੋਂ ਪਹਿਲਾਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਲਖੀਮਪੁਰ ਅਤੇ ਆਸ-ਪਾਸ ਦੇ ਇਲਾਕਿਆਂ ਚ ਇੰਟਰਨੈੱਟ ਸੇਵਾ ਬਹਾਲ ਹੋਈ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ DIG ਨੇ 9 ਮੈਂਬਰੀ ਆਬਜ਼ਰਵਰ ਕਮੇਟੀ ਦਾ ਵੀ  ਗਠਨ ਕੀਤਾ ਹੈ।  ਪੁਲਿਸ ਪ੍ਰਸ਼ਾਸਨ ਨੇ ਇੱਕ ਫੋਨ ਨੰਬਰ  ਜਾਰੀ ਕੀਤਾ ਹੈ, ਜਿਸ ਤੇ ਲਖੀਮਪੁਰ ਘਟਨਾ ਨਾਲ ਜੁੜੀਆਂ ਵੀਡੀਓ ਜਾਂ ਹੋਰ ਜਾਣਕਾਰੀ ਭੇਜੀ ਜਾ ਸਕਦੀ ਹੈ।

ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਲਖੀਮਪੁਰ ਵਾਲੀ ਘਟਨਾ ਦੁਖਦਾਈ ਅਤੇ ਮੰਦਭਾਗੀ ਹੈ। ਸਰਕਾਰ ਇਸ ਦੀ ਤਹਿ ਤੱਕ ਜਾ ਰਹੀ ਹੈ। ਲੋਕਤੰਤਰ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਕੋਈ ਵੀ ਹੋਵੇ, ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ, ਪਰ ਹਾਈ ਕੋਰਟ ਦਾ ਇਹ ਵੀ ਫੈਸਲਾ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਲੋੜੀਂਦੇ ਸਬੂਤ ਹੋਣੇ ਚਾਹੀਦੇ ਹਨ। ਅਸੀਂ ਸਿਰਫ ਦੋਸ਼ਾਂ ਕਾਰਨ ਕਿਸੇ ਨੂੰ ਗ੍ਰਿਫਤਾਰ ਨਹੀਂ ਕਰਾਂਗੇ। ਯੋਗੀ ਨੇ ਛਤੀਸਗੜ ਤੇ ਪੰਜਾਬ ਦੇ ਮੁਖ ਮੰਤਰੀਆੰ ਤੇ ਵੀ ਦੋਸ਼ ਲਾਏ ਕਿ ਇਹਨਾਂ ਤੋਂ ਆਪਣੇ ਸੂਬੇ  ਸੰਭਾਲੇ ਨਹੀਂ ਜਾਂਦੇ, ਕਿਹਾ ਕਿ ਪੰਜਾਬ, ਰਾਜਸਥਾਨ, ਛਤੀਸਗੜ ਚ ਕਿਸਾਨਾੰ ਨਾਲ ਜੋ ਹੁੰਦਾ ਹੈ, ਉਹ ਸਭ ਨੂੰ ਪਤਾ ਹੈ।

ਸਿਆਸੀ ਵਫਦ ਲਗਾਤਾਰ  ਲਖੀਮਪੁਰ ਜਾ ਰਹੇ ਹਨ। ਪੀੜਤ ਪਰਿਵਾਰਾਂ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਲਖੀਮਪੁਰ ਪਹੁੰਚਿਆ। ਹਰਸਿਮਰਤ ਕੌਰ ਬਾਦਲ, ਬੀਬੀ ਜਗੀਰ ਕੌਰ, ਪਰੋ ਪਰੇਮ ਸਿੰਘ ਚੰਦੂਮਾਜਰਾ, ਬਿਕਰਮ ਮਜੀਠੀਆ, ਬਲਵਿੰਦਰ ਸਿੰਘ ਭੂੰਦੜ ਆਦਿ  ਨੇ ਪੀੜਤ ਪਰਿਵਾਰਾਂ ਨਾਲ ਦੱਖ਼ ਸਾਂਝਾ ਕੀਤਾ।ਹਰ ਤਰਾਂ ਦੀ ਮਦਦ ਦਾ ਭਰੋਸਾ ਦਿਤਾ।

ਕਾਂਗਰਸ ਦੇ ਵੀ ਕਾਫਲੇ ਜਾ ਰਹੇ ਹਨ, ਇਸ ਤੇ ਚੋਣ ਰਣਨੀਤੀਕਾਰ  ਪ੍ਰਸ਼ਾਂਤ ਕਿਸ਼ੋਰ ਨੇ ਕਟਾਖਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੋਚਦੇ ਹਨ ਕਿ ਲਖੀਮਪੁਰ ਘਟਨਾ ਦੇ ਕਾਰਨ ਕਾਂਗਰਸ ਦੀ ਅਗਵਾਈ ‘ਚ ਵਿਰੋਧੀ ਧਿਰ ਦੀ ਜਲਦੀ ਵਾਪਸੀ ਹੋਵੇਗੀ, ਉਹ ਇੱਕ ਗਲਤਫਹਿਮੀ ਦਾ ਸ਼ਿਕਾਰ ਹਨ। ਪ੍ਰਸ਼ਾਂਤ ਕਿਸ਼ੋਰ ਮੁਤਾਬਕ, ਬਦਕਿਸਮਤੀ ਨਾਲ, ਕਾਂਗਰਸ ਦੀ ਡੂੰਘੀ ਸਮੱਸਿਆ ਦਾ ਕੋਈ ਫੌਰੀ ਹੱਲ ਨਹੀਂ ਹੈ। ਪੀਕੇ ਨੇ ਕਾਂਗਰਸ ਦਾ ਨਾਂਅ ਲੈਣ ਦੀ ਥਾਂ ਇਸਨੂੰ GOP ਯਾਨੀ ਗ੍ਰੈਂਡ ਓਲਡ ਪਾਰਟੀ ਕਿਹਾ ਹੈ।

ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਅਜ ਐਲਾਨ ਕੀਤਾ ਹੈ ਕਿ ਜੇਕਰ ਲਖੀਮਪੁਰ ਦੇ ਦੋਸ਼ੀਆਂ ਨੂੰ 7 ਦਿਨਾਂ ਅੰਦਰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਅਤੇ ਉਨ੍ਹਾਂ ਦੇ ਸਮਰਥਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਦਾ ਘਿਰਾਓ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਲਖੀਮਪੁਰ ਖੀਰੀ ਜਾ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ।

ਨਵਜੋਤ ਸਿਧੂ ਭੁੱਖ ਹੜਤਾਲ ਤੇ ਬੈਠੇ

ਲਖੀਮਪੁਰ ਖੀਰੀ ਪੀੜਤਾਂ ਨੂੰ ਮਿਲਣ ਗਏ ਕਾਂਗਰਸੀ ਆਗੂਆਂ ਚ ਸ਼ਾਮਲ ਨਵਜੋਤ ਸਿੱਧੂ ਹਿੰਸਾ ਚ ਮਾਰੇ ਗਏ ਰਮਨ ਕਸ਼ਯਪ ਦੇ ਘਰ ਭੁਖ ਹੜਤਾਲ ਉੱਤੇ ਬੈਠ ਗਏ ਅਤੇ ਮੌਨ ਵਰਤ ਵੀ ਰੱਖ ਲਿਆ।

 

Comment here