ਅਪਰਾਧਸਿਆਸਤਖਬਰਾਂ

ਲਖੀਮਪੁਰ ਖੀਰੀ ਹਿੰਸਾ ’ਚ ਮਾਰੇ ਗਏ 8 ਲੋਕਾਂ ਦੀ ਹੋਈ ਪਛਾਣ

* ਪੱਤਰਕਾਰ ਸਮੇਤ ਭਾਜਪਾ ਵਰਕਰ ਸ਼ਾਮਲ * ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗੀ 45 ਲੱਖ ਰੁਪਏ ਦੀ ਸਹਾਇਤਾ, ਇਕ ਮੈਂਬਰ ਨੂੰ ਨੌਕਰੀ * ਪ੍ਰਿਅੰਕਾ ਗਾਂਧੀ, ਭੀਮ ਆਰਮੀ ਦੇ ਚੰਦਰਸ਼ੇਖਰ, ਬਸਪਾ ਦੇ ਸਤੀਸ਼ ਮਿਸ਼ਰਾ, ਅਖਿਲੇਸ਼ ਯਾਦਵ, ਰੰਧਾਵਾ, ਜ਼ੀਰਾ, ਨਾਗਰਾ ਹਿਰਾਸਤ ’ਚ ਲਏ
ਲਖੀਮਪੁਰ ਖੀਰੀ ਦੇ ਮਾਮਲੇ ’ਤੇ ਸਿਆਸਤ ਤੇਜ਼ ਹੋ ਗਈ ਹੈ। ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਲਗਾਤਾਰ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਆਲੇ ਦੁਆਲੇ ਦੇ ਖੇਤਰ ਵਿੱਚ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਜਦਕਿ ਮੌਕੇ ’ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਿੰਸਾ ਵਿਚ ਮਾਰੇ ਗਏ 8 ਲੋਕਾਂ ਦੀ ਸ਼ਾਨਖਤ ਕਰ ਲਈ ਗਈ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਨਾਮ ਜਨਤਕ ਕਰ ਦਿੱਤੇ ਹਨ। ਮਾਰੇ ਗਏ ਲੋਕਾਂ ਵਿਚ ਕਿਸਾਨਾਂ ਤੋਂ ਇਲਾਵਾ ਪੱਤਰਕਾਰ ਅਤੇ ਭਾਜਪਾ ਵਰਕਰ ਸ਼ਾਮਲ ਹਨ।
ਝੜਪ ਵਿੱਚ ਇਨ੍ਹਾਂ ਲੋਕਾਂ ਦੀ ਹੋਈ ਮੌਤ
1. ਰਮਨ ਕਸ਼ਯਪ (ਸਥਾਨਕ ਪੱਤਰਕਾਰ) 2. ਦਲਜੀਤ ਸਿੰਘ (32) ਪੁੱਤਰ ਹਰਜੀਤ ਸਿੰਘ- ਨਾਨਪਾਰਾ, ਜ਼ਿਲਾ ਬਹਰਾਇਚ (ਕਿਸਾਨ) 3. ਗੁਰਵਿੰਦਰ ਸਿੰਘ (20) ਪੁੱਤਰ ਸਤਿਆਵੀਰ ਸਿੰਘ- ਨਾਨਪਾਰਾ, ਜ਼ਿਲਾ ਬਹਰਾਇਚ (ਕਿਸਾਨ) 4. ਲਵਪ੍ਰੀਤ ਸਿੰਘ (20) ਪੁੱਤਰ ਸਤਨਾਮ ਸਿੰਘ- ਚੌਖੜਾ ਫਾਰਮ ਮਜਗਈ (ਕਿਸਾਨ) 5. ਛਤਰ ਸਿੰਘ (ਕਿਸਾਨ) 6. ਸ਼ੁਭਮ ਮਿਸ਼ਰਾ, ਪੁੱਤਰ ਵਿਜੇ ਕੁਮਾਰ ਮਿਸ਼ਰਾ, ਸ਼ਿਵਪੁਰੀ (ਭਾਜਪਾ ਨੇਤਾ) 7. ਹਰੀਓਮ ਮਿਸ਼ਰਾ, ਪੁੱਤਰ ਪਾਰਸੇਹਰਾ, ਫਰਧਾਨ (ਅਜੈ ਮਿਸ਼ਰਾ ਦਾ ਡਰਾਈਵਰ) 8. ਸ਼ਿਆਮਸੰਦਰ ਪੁੱਤਰ ਬਾਲਕ ਰਾਮ, ਕਲਾਂ ਸਿੰਗਾਹੀ (ਭਾਜਪਾ ਵਰਕਰ)।
ਕੀ ਹੈ ਲਖੀਮਪੁਰ ਵਾਲਾ ਮਾਮਲਾ
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦੌਰਾਨ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਟਿਕੋਨੀਆ ਖੇਤਰ ਵਿੱਚ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਤਿਕੋਨੀਆ-ਬਨਬੀਰਪੁਰ ਸੜਕ ’ਤੇ ਵਾਪਰੀ। ਉਪ ਮੁੱਖ ਮੰਤਰੀ ਨੂੰ ਘਟਨਾ ਸਥਾਨ ’ਤੇ ਲਿਆਉਣ ਜਾ ਰਹੇ ਭਾਜਪਾ ਵਰਕਰਾਂ ਦੇ ਦੋ ਵਾਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਤੌਰ ’ਤੇ ਟੱਕਰ ਮਾਰਨ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਦੋਵਾਂ ਵਾਹਨਾਂ ਨੂੰ ਸਾੜ ਦਿੱਤਾ। ਇਸ ਘਟਨਾ ਵਿੱਚ ਵਾਹਨਾਂ ਵਿੱਚ ਸਵਾਰ ਚਾਰ ਕਿਸਾਨਾਂ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਕਿਸਾਨ ਮੌਰਿਆ ਦੇ ਬਨਬੀਰਪੁਰ ਫੇਰੀ ਦਾ ਵਿਰੋਧ ਕਰ ਰਹੇ ਸਨ, ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਖੇੜੀ ਦੇ ਸੰਸਦ ਮੈਂਬਰ ਅਜੈ ਕੁਮਾਰ ਮਿਸ਼ਰਾ ਦਾ ਜੱਦੀ ਪਿੰਡ ਹੈ।
ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣੀ
ਉਧਰ, ਉਤਰ ਪ੍ਰਦੇਸ਼ ਦੇ ਲਖੀਮਪੁਰ ਦੀ ਘਟਨਾ ’ਤੇ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਗਈ ਹੈ। ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸਰਕਾਰ ਕੱਲ੍ਹ ਲਖੀਮਪੁਰ ਖੀਰੀ ਵਿੱਚ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰਾਂ ਨੂੰ 45 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਵੇਗੀ। ਜ਼ਖਮੀਆਂ ਨੂੰ 10 ਲੱਖ ਦਿੱਤੇ ਜਾਣਗੇ। ਕਿਸਾਨਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਐਫਆਈਆਰ ਦਰਜ ਕੀਤੀ ਜਾਵੇਗੀ। ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਮਾਮਲੇ ਦੀ ਜਾਂਚ ਕਰਨਗੇ।” ਉਨ੍ਹਾਂ ਦੱਸਿਆ ਕਿ “ਸੀਆਰਪੀਸੀ ਦੀ ਧਾਰਾ 144 ਲਾਗੂ ਹੋਣ ਕਾਰਨ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਜ਼ਿਲ੍ਹੇ ਦਾ ਦੌਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਕਿਸਾਨ ਯੂਨੀਅਨਾਂ ਦੇ ਮੈਂਬਰਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਹੈ।”
ਦੂਜੇ ਪਾਸੇ ਪੁਲਿਸ ਨੇ ਹਿੰਸਾ ਤੋਂ ਬਾਅਦ ਵਾਇਰਲ ਹੋਏ ਵੀਡੀਓ ਤੋਂ 24 ਲੋਕਾਂ ਦੀ ਪਛਾਣ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਸੱਤ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਇਸ ਤੋਂ ਪਹਿਲਾਂ, ਪੂਰੇ ਮਾਮਲੇ ਵਿੱਚ ਪੁਲਿਸ ਨੇ ਕਤਲ, ਅਪਰਾਧਿਕ ਸਾਜ਼ਿਸ਼ ਸਮੇਤ ਕਈ ਧਾਰਾਵਾਂ ਦੇ ਤਹਿਤ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ’ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਲਖੀਮਪੁਰ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਾਨ ਤੇ ਇੰਟਰਨੈੱਟ ਸੇਵਾਵਾਂ ਬੰਦ ਹਨ। ਬੀਕੇਯੂ ਦੇ ਰਾਕੇਸ਼ ਟਿਕੈਤ ਅਤੇ ਸੰਯੁਕਤ ਕਿਸਾਨ ਮੋਰਚਾ ਸਮੇਤ ਕਈ ਕਿਸਾਨ ਨੇਤਾਵਾਂ ਨੇ ਜ਼ਿਲੇ ਵਿੱਚ ਹਿੰਸਾ ਵਿੱਚ ਕਥਿਤ ਸ਼ਮੂਲੀਅਤ ਦੇ ਲਈ ਰਾਜ ਮੰਤਰੀ ਮਿਸ਼ਰਾ ਅਤੇ ਉਸਦੇ ਬੇਟੇ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।
ਟਿਕੈਤ ਨੇ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਕਥਿਤ ਵੀਡੀਓ’ ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੁਆਰਾ ਕੀਤੀ ਗਈ ਕੁਝ ਟਿੱਪਣੀਆਂ ਦੇ ਬਾਰੇ ’ਚ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਖੇਤਰ ਦਾ ਮਾਹੌਲ ਖਰਾਬ ਹੋ ਰਿਹਾ ਹੈ।
ਹਾਲਾਂਕਿ, ਦੂਜੇ ਪਾਸੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਕਿਸਾਨਾਂ ਤੇ ਗੱਡੀ ਚੜ੍ਹਾਉਣ ਦੇ ਇਲਜ਼ਾਮ ਖਾਰਜ ਕੀਤੇ ਹਨ। ਕੇਂਦਰੀ ਮੰਤਰੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਬੇਟਾ ਆਸ਼ੀਸ਼ ਘਟਨਾ ਦੇ ਸਮੇਂ ਘਟਨਾ ਸਥਾਨ ’ਤੇ ਮੌਜੂਦ ਨਹੀਂ ਸੀ। ਉਸ ਨੇ ਕਿਹਾ ਕਿ ਉਸ ਕੋਲ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਵੀਡੀਓ ਸਬੂਤ ਹਨ।  ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਬੇਟਾ ਉੱਥ ਮੌਜੂਦ ਹੀ ਨਹੀਂ ਸੀ। ਆਸ਼ੀਸ਼ ਨੇ ਪ੍ਰਦਰਸ਼ਨਕਾਰੀਆਂ ਤੇ  ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ।
ਗ੍ਰਹਿ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਦੋਸ਼ਾ ਨੂੰ ਕੀਤਾ ਖਾਰਜ
ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਕਿਹਾ ਹੈ ਕਿ ਮੈਂ ਪ੍ਰੋਗਰਾਮ ਦੇ ਅੰਤ ਤੱਕ ਸਵੇਰੇ 9 ਵਜੇ ਤੋਂ ਬਨਵਾਰੀਪੁਰ ਵਿੱਚ ਸੀ। ਮੇਰੇ ’ਤੇ ਲੱਗੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਮੈਂ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰਦਾ ਹਾਂ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਾਡੀਆਂ ਤਿੰਨ ਗੱਡੀਆਂ ਇੱਕ ਸਮਾਗਮ ਲਈ ਉਪ ਮੁੱਖ ਮੰਤਰੀ ਨੂੰ ਲੈਣ ਲਈ ਗਈਆਂ ਸਨ। ਰਸਤੇ ਵਿੱਚ ਕੁਝ ਬਦਮਾਸ਼ਾਂ ਨੇ ਪਥਰਾਅ ਕੀਤਾ, ਕਾਰਾਂ ਨੂੰ ਅੱਗ ਲਗਾ ਦਿੱਤੀ ਅਤੇ ਸਾਡੇ ਤਿੰਨ-ਚਾਰ ਕਾਰਕੁਨਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ।
ਅਜੈ ਮਿਸ਼ਰਾ ਨੇ ਹਿੰਸਾ ਲਈ ਰਾਕੇਸ਼ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਇਆ
ਦੱਸ ਦੇਈਏ ਕਿ ਲਖੀਮਪੁਰ ਹਿੰਸਾ ’ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਦੇ ਖਿਲਾਫ ਐਫਆਈਆਰ ਦਰਜ ਹੋਣ ਤੋਂ ਬਾਅਦ ਮੰਤਰੀ ਦਾ ਸਪਸ਼ਟੀਕਰਨ ਆ ਗਿਆ ਹੈ। ਮੰਤਰੀ ਨੇ ਕਿਹਾ ਕਿ ਘਟਨਾ ਦੇ ਸਮੇਂ ਬੇਟਾ ਮੌਜੂਦ ਨਹੀਂ ਸੀ। ਉਨ੍ਹਾਂ ਨਿਆਂਇਕ ਜਾਂਚ ਦੀ ਮੰਗ ਕੀਤੀ। ਅਜੈ ਮਿਸ਼ਰਾ ਨੇ ਇਸ ਹਿੰਸਾ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਯੂਪੀ ’ਚ ਪੰਜਾਬੀਆਂ ਦੀ ਐਂਟਰੀ ਬੰਦ
ਉੱਤਰ ਪ੍ਰਦੇਸ਼ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਆਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਯੂਪੀ ਸਰਕਾਰ ਦੇ ਸਕੱਤਰ ਤਰੁਣ ਗਾਬਾ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੇ ਕਿਸਾਨਾਂ ਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੈਲੀਕਾਪਟਰ ਨੂੰ ਲਖਨਾਉ ਹੈਲੀਪੈਡ ’ਤੇ ਉਤਰਨ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ,  ਨੇ ਖੁਦ ਲਖੀਮਪੁਰ ਖੀਰੀ ਜਾਣ ਦਾ ਫੈਸਲਾ ਕੀਤਾ ਅਤੇ ਯੂਪੀ ਸਰਕਾਰ ਤੋਂ ਹੈਲੀਕਾਪਟਰ ਉਤਰਨ ਅਤੇ ਵਾਪਸ ਉਡਾਣ ਭਰਨ ਦੀ ਆਗਿਆ ਮੰਗੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਹਨ। ਯੂਪੀ ਸਰਕਾਰ ਨੂੰ ਉਨ੍ਹਾਂ ਦੀ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।
ਆਗੂ ਹਿਰਾਸਤ ’ਚ ਲਏ
ਪ੍ਰਸ਼ਾਸਨ ਨੇ ਲਖੀਮਪੁਰ ਖੇੜੀ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ, ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ, ਬਸਪਾ ਦੇ ਸਤੀਸ਼ ਮਿਸ਼ਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈਣ ਲਈ ਪਹੁੰਚੇ ਪੁਲਿਸ ਕਰਮਚਾਰੀਆਂ ਨਾਲ ਜ਼ਬਰਦਸਤ ਬਹਿਸ ਹੋਈ। ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਘਰ ਦੇ ਬਾਹਰ ਬਹੁਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਜਿਸ ਤੋਂ ਬਾਅਦ ਅਖਿਲੇਸ਼ ਯਾਦਵ ਆਪਣੇ ਘਰ ਦੇ ਬਾਹਰ ਧਰਨੇ ’ਤੇ ਬੈਠੇ ਅਤੇ ਸੂਬਾ ਸਰਕਾਰ ’ਤੇ ਤਿੱਖਾ ਹਮਲਾ ਕੀਤਾ।
ਇਹ ਘਟਨਾ ਤਾਬੂਤ ਵਿੱਚ ਆਖਰੀ ਨਹੁੰ
ਲਖੀਮਪੁਰ ਦੀ ਘਟਨਾ ਤੋਂ ਬਾਅਦ ਜਿੱਥੇ ਪੂਰੇ ਸੂਬੇ ਵਿੱਚ ਕਿਸਾਨਾਂ ਦਾ ਗੁੱਸਾ ਵੱਧ ਰਿਹਾ ਹੈ। ਇਸ ਦੇ ਨਾਲ ਹੀ ਮੁਜ਼ੱਫਰਨਗਰ ’ਚ ਕਿਸਾਨਾਂ ਦੀ ਰਾਜਧਾਨੀ ਸਿਸੋਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਦੇ ਸੱਦੇ ’ਤੇ ਐਤਵਾਰ ਦੇਰ ਰਾਤ ਕਿਸਾਨਾਂ ਦੀ ਐਮਰਜੈਂਸੀ ਪੰਚਾਇਤ ਬੁਲਾਈ ਗਈ, ਜਿਸ ਵਿੱਚ ਭਾਰੀ ਰੋਸ ਅਤੇ ਗੁੱਸਾ ਸੀ ਲਖੀਮਪੁਰ ਘਟਨਾ ਸਬੰਧੀ ਕਿਸਾਨਾਂ ਵਿੱਚ। ਕਿਸਾਨਾਂ ਨੇ ਸਰਕਾਰ ਤੋਂ ਲਖੀਮਪੁਰ ਘਟਨਾ ਦੀ ਨਿਰਪੱਖ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਪੰਚਾਇਤ ਨੂੰ ਸੰਬੋਧਨ ਕਰਦਿਆਂ ਚੌਧਰੀ ਨਰੇਸ਼ ਟਿਕੈਤ ਨੇ ਕਿਹਾ ਕਿ ਲਖੀਮਪੁਰ ਖੇੜੀ ਦੀ ਘਟਨਾ ਨਾਲ ਸਰਕਾਰ ਨੇ ਆਪਣਾ ਅਣਮਨੁੱਖੀ ਚਿਹਰਾ ਦਿਖਾਇਆ ਹੈ। ਜਦੋਂ ਸਰਕਾਰ ਕਿਸਾਨ ਅੰਦੋਲਨ ਨੂੰ ਕੁਚਲ ਨਹੀਂ ਸਕੀ ਤਾਂ, ਹੁਣ ਸਰਕਾਰ ਨੇ ਕਿਸਾਨਾਂ ਨੂੰ ਵਾਹਨ ਹੇਠ ਕੁਚਲਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਆਪਣੇ ਤਾਬੂਤ ਵਿੱਚ ਆਖਰੀ ਨਹੁੰ ਠੋਕੀ ਹੈ।
ਸੁਖਬੀਰ ਬਾਦਲ ਵੱਲੋਂ ਘਟਨਾ ਦੀ ਨਿੰਦਾ
ਸੁਖਬੀਰ ਬਾਦਲ ਨੇ ਕਿਹਾ ਕਿ ਲਖੀਮਪੁਰ ਦੀ ਘਟਨਾ ਦੀ ਉਹ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਨ ਅਤੇ ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਪੁਲਿਸ ਨੂੰ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਲਖੀਮਪੁਰ ਘਟਨਾ ਦੇ ਪੀੜਤਾਂ ਨੂੰ ਮਿਲਣ ਲਈ ਅਤੇ ਇਨਸਾਫ਼ ਦਿਵਾਉਣ ਲਈ ਅਕਾਲੀ ਦਲ ਦੇ ਵਫ਼ਦ ਉਤਰ ਪ੍ਰਦੇਸ਼ ਭੇਜਣਗੇ।
ਕਾਤਲਾਂ ਨੂੰ ਸਜ਼ਾ ਮਿਲਣ ’ਤੇ ਹੀ ਸਾਹ ਲਿਆਂਗੇ—ਭੀਮ ਆਰਮੀ
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਕਿਸਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ। ਹੁਣ ਕਾਤਲਾਂ ਨੂੰ ਸਜ਼ਾ ਮਿਲਣ ’ਤੇ ਹੀ ਸਾਹ ਲਿਆਂਗੇ। ਚਾਹੇ ਉਹ ਮੰਤਰੀ ਦਾ ਪੁੱਤਰ ਹੋਵੇ ਜਾਂ ਕੋਈ ਹੋਰ ਗੁੰਡੇ। ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।
ਹਰਿਆਣਾ ਦੇ ਸੀਐਮ ਖੱਟਰ ਦਾ ਫਿਰਕੂ ਬਿਆਨ
ਦਿੱਲੀ ਤੋਂ ਇਲਾਵਾ ਹਰਿਆਣਾ, ਪੰਜਾਬ ਅਤੇ ਯੂਪੀ ਵਿੱਚ ਵੀ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਅਜਿਹਾ ਬਿਆਨ ਕਿਸਾਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਾਹਮਣੇ ਆਇਆ ਹੈ, ਜਿਸ ’ਤੇ ਵਿਰੋਧੀ ਧਿਰ ਅਤੇ ਕਿਸਾਨ ਸੰਗਠਨਾਂ ਨੇ ਸਖ਼ਤ ਨਿਸ਼ਾਨਾ ਸਾਧਿਆ ਹੈ।
ਕੀ ਕਿਹਾ ਮਨੋਹਰ ਲਾਲ ਖੱਟਰ ਨੇ
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਆਪਣੇ-ਆਪਣੇ ਖੇਤਰਾਂ ਦੇ ਇੱਕ ਹਜ਼ਾਰ ਲੋਕ ਲੱਠ ਲੈ ਕੇ ਨਿਕਲਣ ਅਤੇ ਅੰਦੋਲਨਕਾਰੀ ਕਿਸਾਨਾਂ ਦਾ ਇਲਾਜ ਕਰਨ। ਮੁੱਖ ਮੰਤਰੀ ਖੱਟਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ, ਗੁੱਸੇ ਵਿੱਚ ਆਏ ਕਿਸਾਨਾਂ ਨੂੰ ਜਵਾਬ ਦਿਓ। ਜੇ ਤੁਸੀਂ ਦੋ ਤੋਂ ਚਾਰ ਮਹੀਨਿਆਂ ਲਈ ਜੇਲ੍ਹ ਵਿੱਚ ਰਹੇ, ਤਾਂ ਤੁਸੀਂ ਇੱਕ ਵੱਡੇ ਨੇਤਾ ਬਣ ਜਾਵੋਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜ਼ਮਾਨਤ ਦੀ ਚਿੰਤਾ ਨਾ ਕਰੋ। ਦੂਜੇ ਪਾਸੇ ਮੁੱਖ ਮੰਤਰੀ ਦੇ ਬਿਆਨ ’ਤੇ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਾਂਤੀਪੂਰਨ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਵਿਰੁੱਧ ਜਨਤਕ ਤੌਰ ’ਤੇ ਕੁਝ ਲੋਕਾਂ ਨੂੰ ਭੜਕਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਖੱਟਰ ਦੇ ਬਿਆਨ ਦੀ ਨਿੰਦਾ ਕਰਦਿਆਂ, ਐਸਕੇਐਮ ਨੇ ਮੰਗ ਕੀਤੀ ਗਈ ਹੈ ਕਿ ਖੱਟਰ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਕਿ ਕੀ ਕਿਸੇ ਵੀ ਮੁੱਖ ਮੰਤਰੀ ਨੂੰ ਅਜਿਹੇ ਭੜਕਾਊ ਬਿਆਨ ਦੇਣੇ ਚਾਹੀਦੇ ਹਨ।

Comment here