ਸਿਆਸਤਖਬਰਾਂਵਿਸ਼ੇਸ਼ ਲੇਖ

ਲਖੀਮਪੁਰ ਖੀਰੀ ਚ ਪੰਜਾਬੀ ਕਿਸਾਨ ਕਰ ਰਹੇ ਨੇ ਲੰਬਾ ਸੰਘਰਸ਼

ਵਿਸ਼ੇਸ਼ ਰਿਪੋਰਟ-ਜਸਪਾਲ ਸਿੰਘ
ਲਖੀਮਪੁਰ ਜ਼ਿਲ੍ਹੇ ਨੂੰ ਚੀਨੀ ਦੇ ਲਈ ਇਸ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਗੰਨੇ ਦੀ ਕਾਸ਼ਤ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਵਿੱਚ ਇੱਥੋਂ ਦੇ ਪੰਜਾਬੀ ਕਿਸਾਨਾਂ ਦਾ ਯੋਗਦਾਨ ਵੀ ਕਾਫ਼ੀ ਹੈ। ਪਿਛਲੇ ਕੁਝ ਦਿਨਾਂ ਤੋਂ ਲਖੀਮਪੁਰ ਜ਼ਿਲ੍ਹਾ ਚੀਨੀ ਜਾਂ ਗੰਨੇ ਲਈ ਨਹੀਂ, ਸਗੋਂ 3 ਅਕਤੂਬਰ ਨੂੰ ਭਾਜਪਾ ਆਗੂਆਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿੱਚ ਮਾਰੇ ਗਏ ਅੱਠ ਲੋਕਾਂ ਕਰਕੇ ਜ਼ਿਆਦਾ ਹੈ। ਇਹ ਇਕ ਤਰਾਂ ਦਾ ਭਗਵਿਆਂ ਵਲੋਂ ਅੱਤਵਾਦੀ ਹਮਲਾ ਹੈ। ਇਨ੍ਹਾਂ ਮ੍ਰਿਤਕਾਂ ਵਿੱਚ ਚਾਰ ਸਿਖ ਕਿਸਾਨ ਵੀ ਸ਼ਾਮਲ ਹਨ।
ਸ਼ੋਸ਼ਲ ਮੀਡੀਆ ਅਤੇ ਕਿਸਾਨ ਸੰਗਠਨਾਂ ਵੱਲੋਂ ਜੋ ਵੀਡੀਓ ਨਸ਼ਰ ਕੀਤੀਆਂ ਜਾ ਰਹੀਆਂ ਉਨ੍ਹਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਵਿਰੋਧ ਕਰ ਰਹੇ ਸਿਖ ਕਿਸਾਨਾਂ ਨੂੰ ਕਿਵੇਂ ਅੱਤਵਾਦੀ ਭਾਜਪਾ ਆਗੂਆਂ ਦੀ ਜੀਪ ਦਰੜ ਰਹੀ ਹੈ। ਲਖੀਮਪੁਰ ਦੇ ਤਿਕੌਣੀਆ ਵਿੱਚ ਹੋਈ ਇਸ ਘਟਨਾ ਦਾ ਪੰਜਾਬੀ ਭਾਈਚਾਰੇ ਤੇ ਕੌਮਾਂਤਰੀ ਪਧਰ ਉਪਰ ਫੈਲੇ ਖਾਲਸਾ ਪੰਥ ਵਿੱਚ ਜਿੱਥੇ ਰੋਸ ਹੈ ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਕੌਮੀ ਪੱਧਰ ’ਤੇ ਸਿਆਸਤ ਗਰਮ ਹੋਈ ਹੈ।
ਲਖੀਮਪੁਰ ਜ਼ਿਲ੍ਹੇ ਦੇ ਨਿਘਾਸਨ ਇਲਾਕੇ ਵਿੱਚ ਭਾਰਤ ਦੇ ਅੰਤਿਮ ਪਿੰਡ ਦੀਪ ਨਗਰ ਦੇ 86 ਸਾਲਾ ਰਤਨ ਸਿੰਘ  ਪਾਕਿਸਤਾਨ ਦੇ ਸ਼ੇਖ਼ੂਪੁਰਾ ਵਿੱਚ  ਜੰਮੇ ਹਨ। ਪਾਕਿਸਤਾਨ ਬਣਨ ਤੋਂ ਬਾਅਦ ਪਰਿਵਾਰ ਨੂੰ ਸੰਗਰੂਰ ਜ਼ਿਲ੍ਹੇ ’ਚ ਜ਼ਮੀਨ ਅਲਾਟ ਹੋਈ। ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਰਤਨ ਸਿੰਘ ਰਿਸ਼ਤੇਦਾਰਾਂ ਦੇ ਕਹਿਣ ਉੱਤੇ ਯੂਪੀ ਆ ਗਏ ਅਤੇ ਸ਼ੁਰੂ ਵਿੱਚ ਕੁਝ ਨੈਨੀਤਾਲ ਰਹੇ ਤੇ ਫਿਰ 1968 ਵਿੱਚ ਲਖੀਮਪੁਰ ਦੇ ਦੀਪ ਨਗਰ ਵਿੱਚ ਜ਼ਮੀਨ ਖ਼ਰੀਦ ਲਈ ਤੇ ਉਦੋਂ ਤੋਂ ਇੱਥੇ ਰਹਿ ਕੇ ਖੇਤੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ‘‘ਅੱਜ ਸਾਡੇ ਕੋਲ ਕੋਠੀਆਂ ਅਤੇ ਕਾਰਾਂ ਨੂੰ ਦੇਖ ਕੇ ਲੋਕਾਂ ਨੂੰ ਲੋਕਾਂ ਲੱਗਦਾ ਹੈ ਕਿ ਸਰਦਾਰ ਇੱਥੇ ਐਸ਼ ਕਰ ਰਹੇ ਹਨ ਪਰ ਇਸ ਪਿੱਛੇ ਸਾਡਾ ਲੰਬਾ ਸੰਘਰਸ਼ ਹੈ, ਦੋ ਪੀੜੀਆਂ ਦੀ ਮਿਹਨਤ ਤੋਂ ਬਾਅਦ ਇਹ ਇਹ ਕੋਠੀਆਂ ਪਈਆਂ ਹਨ।’’
86 ਸਾਲਾ ਰਤਨ ਸਿੰਘ ਦੱਸਦੇ ਹਨ ਕਿ ਜਿਸ ਸਮੇਂ ਜ਼ਮੀਨ ਖ਼ਰੀਦੀ ਸੀ ਉਸ ਸਮੇਂ ਇੱਥੇ ਜੰਗਲ ਸਨ, ਜਾਨਵਰ ਸ਼ਰੇਆਮ ਇੱਥੇ ਘੁੰਮਦੇ ਸਨ। ਪਹਿਲਾਂ ਤੋਂ ਹੀ ਇੱਥੇ ਰਹਿੰਦੇ ਸਾਡੇ ਕੁਝ ਰਿਸ਼ਤੇਦਾਰਾਂ ਦੇ ਕਹਿਣ ਉੱਤੇ ਮੈਂ ਆਪਣੇ ਭਰਾਵਾਂ ਨਾਲ ਇੱਥੇ 60 ਏਕੜ ਜ਼ਮੀਨ ਖ਼ਰੀਦੀ ਸੀ। ਇਸ ਤੋਂ ਬਾਅਦ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਸੀ ਇਸ ਨੂੰ ਆਬਾਦ ਕਿਵੇਂ ਕੀਤਾ ਜਾਵੇ, ਕਿਉਂਕਿ ਉਸ ਸਮੇਂ ਮਸ਼ੀਨਰੀ ਤਾਂ ਕੋਈ ਹੁੰਦੀ ਨਹੀਂ ਸੀ। ਰਤਨ ਸਿੰਘ ਦੱਸਦੇ ਹਨ ਕਿ ਪਾਕਿਸਤਾਨ ਵਿੱਚ ਵੀ ਉਹ ਖੇਤੀ ਹੀ ਕਰਦੇ ਸਨ ਇਸ ਕਰਕੇ ਜ਼ਮੀਨ ਦੀ ਪਰਖ ਸੀ, ਇਹ ਜ਼ਮੀਨ ਉਪਜਾਊ ਬਹੁਤ ਸੀ ਅਤੇ ਦੂਜਾ ਇੱਥੇ ਸਸਤੀ ਸੀ। ਇਸ ਕਰਕੇ ਇਸ ਨੂੰ ਖ਼ਰੀਦਿਆ ਗਿਆ। ਰਤਨ ਸਿੰਘ ਮੁਤਾਬਕ ਅਸੀਂ ਇੱਥੇ ਇੱਕ ਝੌਂਪੜੀ ਬਣਾਈ ਅਤੇ ਰਹਿਣਾ ਸ਼ੁਰੂ ਕਰ ਦਿੱਤਾ। ਹੱਥਾਂ ਦੇ ਨਾਲ ਜ਼ਮੀਨੀ ਵਿੱਚੋਂ ਜੰਗਲ ਸਾਫ਼ ਕੀਤਾ ਗਿਆ ਅਤੇ ਬਲਦਾਂ ਨਾਲ ਵਾਹੀ ਕਰਨੀ ਸ਼ੁਰੂ ਕੀਤੀ ਕਿਉਂਕਿ ਉਸ ਸਮੇਂ ਮਸ਼ੀਨਰੀ ਨਹੀਂ ਹੁੰਦੀ ਸੀ ਅਤੇ ਨਾ ਹੀ ਇਸ ਨੂੰ ਖ਼ਰੀਦਣ ਦੀ ਹੈਸੀਅਤ ਸੀ।ਪੈਰ-ਪੈਰ ਉੱਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਤੋਂ ਇਲਾਵਾ ਨੇੜੇ-ਤੇੜੇ ਕੋਈ ਇਨਸਾਨ ਨਜ਼ਰ ਨਹੀਂ ਆਉਂਦਾ ਸੀ, ਹਾਂ ਜੰਗਲੀ ਜਨਵਾਰ ਜ਼ਰੂਰ ਮਿਲ ਜਾਂਦੇ ਸਨ। ਦਿਨ ਵਿੱਚ ਖੇਤਾਂ ’ਚ ਕੰਮ ਕਰਨਾ ਅਤੇ ਰਾਤ ਸਮੇਂ ਜਾਨਵਰਾਂ ਤੋਂ ਫ਼ਸਲਾਂ ਦੀ ਰਾਖੀ ਕਰਨਾ। ਮੱਛਰ ਅਤੇ ਇੱਥੇ ਮੱਖੀਆਂ ਤੋਂ ਵੀ ਮੋਟਾ ਹੁੰਦਾ ਸੀ, ਜੇਕਰ ਲੜ ਜਾਵੇ ਤਾਂ ਮਲੇਰੀਆ ਹੋ ਜਾਂਦਾ ਸੀ। ਡਾਕਟਰ ਨੇੜੇ ਕੋਈ ਹੁੰਦਾ ਨਹੀਂ ਸੀ। ਸਥਿਤੀ ਇਹ ਸੀ ਕਿ ਰੋਟੀ ਲਈ ਜੇਕਰ ਆਟੇ ਦੀ ਲੋੜ ਹੈ ਤਾਂ ਚੱਕੀ ਇੰਨੀ ਦੂਰ ਸੀ ਕਿ ਦੋ ਦਿਨ ਬਾਅਦ ਆਟਾ ਲੈ ਕੇ ਘਰ ਵਾਪਸ ਆਉਣਾ ਪੈਂਦਾ ਸੀ। ਕਣਕ ਨੂੰ ਸਿਰ ਉੱਤੇ ਚੁੱਕੇ ਕੇ ਕਈ ਕਿੱਲੋ ਮੀਟਰ ਦੂਰ ਜਾਣਾ ਅਤੇ ਫਿਰ ਵਾਪਸ ਘਰ ਆਉਣਾ ਇਸ ਤੋਂ ਇੱਥੋਂ ਦੇ ਹਾਲਤਾਂ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ।
ਉਨ੍ਹਾਂ ਦੱਸਿਆ ਕਿ ਜਾਨਵਰਾਂ ਤੋਂ ਇਲਾਵਾ ਕੁਦਰਤ ਨਾਲ ਵੀ ਦੋ-ਦੋ ਹੱਥ ਕਰਨੇ ਪਏ। ਬਰਸਾਤਾਂ ਅਤੇ ਹਨੇਰੀਆਂ ਵਿੱਚ ਝੱਗੀ ਦੀ ਛੱਤ ਉੱਠ ਜਾਣੀ ਜਾਂ ਟੁੱਟ ਜਾਣੀ ਬਹੁਤ ਦਿੱਕਤਾਂ, ਬਰਸਾਤਾਂ ਵਿੱਚ ਇੱਥੇ ਹੜ ਆ ਜਾਂਦੇ ਸਨ ਫਿਰ ਪਰਿਵਾਰ ਅਤੇ ਸਾਰਾ ਸਮਾਨ ਲੈ ਕੇ ਦੂਰ ਕਿਸੇ ਉੱਚੀ ਥਾਂ ਉੱਤੇ ਟਿਕਾਣਾ ਬਣਾਉਣਾ। ਫ਼ਸਲਾਂ ਵੀ ਹੜ ਵਿੱਚ ਬਰਬਾਦ ਹੋ ਜਾਂਦੀਆਂ ਸਨ ਪਰ ਅਸੀਂ ਹਿੰਮਤ ਨਹੀਂ ਹਾਰੀ।ਰਤਨ ਸਿੰਘ ਥੋੜ੍ਹਾ ਭਾਵੁਕ ਹੋ ਕੇ ਦੱਸਦੇ ਹਨ ਕਿ ਸਾਡੇ ਕੋਲ ਖੋਹਣ ਲਈ ਕੁਝ ਨਹੀਂ ਸੀ ਕਿਉਂਕਿ ਜੋ ਕੁਝ ਸੀ ਉਹ ਪਾਕਿਸਤਾਨ ਵਿੱਚ ਲੁਟਾ ਅਤੇ ਛੱਡ ਆਏ ਸੀ ਸਿਰਫ਼ ਜਾਨ ਬਚਾ ਕੇ ਭਾਰਤ ਆਏ। ਇਸ ਕਰਕੇ ਹੌਲੀ ਹੌਲੀ ਮਿਹਨਤ ਕਰਦੇ ਗਏ ਅਤੇ ਦਿਨ ਬਦਲਦੇ ਗਏ। ਉਨ੍ਹਾਂ ਆਖਿਆ ਕਿ ਅਸੀਂ ਜ਼ਮੀਨ ਆਬਾਦ ਕਰ ਕੇ ਨਾ ਸਿਰਫ਼ ਆਪਣੀ ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ ਸਗੋਂ ਇੱਥੋਂ ਦੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ। ਕਿਉਂਕਿ ਇਹ ਇਲਾਕੇ ਬਹੁਤ ਪਛੜੇ ਹੋਏ ਸਨ, ਸੜਕਾਂ, ਹਸਪਤਾਲ ਕੁਝ ਨਹੀਂ ਨਹੀਂ ਸੀ ਹੁੰਦਾ। ਇਹ ਤਾਂ ਸਿਖ ਇੱਥੇ ਆਉਂਦੇ ਗਏ ਅਤੇ ਹੌਲੀ-ਹੌਲੀ ਜ਼ਮੀਨਾਂ ਨੂੰ ਆਬਾਦ ਕਰਦੇ ਗਏ ਅਤੇ ਇਹ ਪੂਰਾ ਇਲਾਕਾ ਅੱਜ ਖ਼ੁਸ਼ਹਾਲ ਹੋ ਗਿਆ ਹੈ।
ਰਤਨ ਸਿੰਘ ਦੱਸਦੇ ਹਨ ਕਿ ਦੀਪ ਨਗਰ ਵਿੱਚ ਇਸ ਸਮੇਂ 18 ਪੰਜਾਬੀ ਪਰਿਵਾਰ ਰਹਿ ਰਹੇ ਹਨ ਅਤੇ ਜ਼ਿਆਦਾਤਰ ਆਪਸ ਵਿੱਚ ਰਿਸ਼ਤੇਦਾਰ ਹੀ ਹਨ। ਉਨ੍ਹਾਂ ਦੱਸਿਆ, ‘‘ਜਿਵੇਂ ਅਸੀਂ ਇੱਥੇ ਆਏ ਅਤੇ ਹੌਲੀ-ਹੌਲੀ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਬੁਲਾਇਆ ਅਤੇ ਉਨ੍ਹਾਂ ਨੇ ਵੀ ਇੱਥੇ ਜ਼ਮੀਨਾਂ ਖ਼ਰੀਦ ਕੇ ਇਸ ਇਲਾਕੇ ਨੂੰ ਆਬਾਦ ਕੀਤਾ।”
ਰਤਨ ਸਿੰਘ ਦੀ ਪਤਨੀ ਹਰਭਜਨ ਕੌਰ ਦੀ ਕਹਾਣੀ ਤਾਂ ਉਸ ਤੋਂ ਵੀ ਔਖੀ ਹੈ। ਜੰਗਲ ਵਿੱਚ ਰਹਿ ਕੇ ਪਹਿਲਾਂ ਖੇਤਾਂ ਵਿੱਚ ਕੰਮ ਕਰਨਾ ਅਤੇ ਫਿਰ ਰੋਟੀ ਟੁੱਕ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨੀ ਇਹ ਸਭ ਕਰਦੇ ਹੋਏ ਜਵਾਨੀ ਕਦੋਂ ਬੁਢਾਪੇ ਵਿੱਚ ਪਹੁੰਚ ਗਈ ਪਤਾ ਹੀ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਵੰਡ ਸਮੇਂ ਉਸ ਦੀ ਉਮਰ 9 ਸਾਲ ਦੀ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਜੋ ਕੁਝ ਦੇਖਿਆ ਹੁਣ ਤੱਕ ਸਾਰਾ ਯਾਦ ਹੈ।
ਹਰਭਜਨ ਕੌਰ ਦੀਪ ਨਗਰ ਦੇ ਪੁਰਾਣੇ ਦਿਨਾਂ ਯਾਦ ਕਰਦੀ ਹੋਈ ਭਾਵੁਕ ਹੁੰਦੇ ਹਨ ਅਤੇ ਦੱਸਦੀ ਹੈ ਕਿ ਡਰ ਬਹੁਤ ਲੱਗਦਾ ਸੀ, ਕਿਉਂਕਿ ਜਾਨਵਰ ਦੀਆਂ ਆਵਾਜ਼ਾਂ ਰਾਤ ਸਮੇਂ ਸੁਣਾਈ ਦਿੰਦੀਆਂ ਸਨ। ਬੱਚਿਆਂ ਨੇ ਬਿਮਾਰ ਹੋ ਜਾਣਾ ਤਾਂ ਕਈ ਕਿੱਲੋ ਮੀਟਰ ਦੂਰ ਘੋੜੀ ਉੱਤੇ ਪੈਂਡਾ ਤੈਅ ਕਰ ਕੇ ਇਕੱਲਿਆਂ ਡਾਕਟਰ ਕੋਲ ਜਾਣਾ। ਬਰਸਾਤਾਂ ਤੋਂ ਪਹਿਲਾਂ ਦੂਰ ਕਸਬੇ ਤੋਂ ਰਾਸ਼ਨ ਸਿਰ ਉੱਤੇ ਚੁੱਕੇ ਕੇ ਘਰ ਵਿੱਚ ਜਮਾ ਕਰਨਾ ਪੈਂਦਾ ਸੀ, ਕਿਉਂਕਿ ਹੜ੍ਹ ਦੀ ਸਥਿਤੀ ਵਿੱਚ ਇਹ ਇਲਾਕਾ ਬਾਕੀ ਥਾਵਾਂ ਨਾਲੋਂ ਕੱਟ ਜਾਂਦਾ ਸੀ। ਹਰਭਜਨ ਕੌਰ ਆਖਦੀ ਹੈ, ‘‘ਪਹਿਲਾਂ ਪਤੀ ਇੱਥੇ ਸੀ ਅਤੇ ਬਾਅਦ ਵਿੱਚ ਬੱਚਿਆਂ ਨਾਲ ਮੈ ਇੱਥੇ ਆਈ। ਪਹਿਲਾਂ ਪਹਿਲਾਂ ਤਾਂ ਇੰਜ ਲੱਗਿਆ ਕਿ ਕਿੱਥੇ ਜੰਗਲ ਵਿੱਚ ਆ ਗਈ, ਦੂਰ-ਦੂਰ ਤੱਕ ਇਨਸਾਨ ਕੋਈ ਦਿਸਦਾ, ਸੜਕ ਕੋਈ ਹੁੰਦੀ ਨਹੀਂ ਸੀ।”
ਲਖੀਮਪੁਰੀ ਹਿੰਸਾ ਵਿੱਚ ਮਾਰੇ ਗਏ 35 ਸਾਲਾ ਦਲਜੀਤ ਸਿੰਘ ਦੇ ਚਚੇਰੇ ਭਰਾ ਸ਼ੇਰ ਸਿੰਘ ਵਿਰਕ ਆਖਦੇ ਹਨ ਇੱਥੇ ਸਾਰੇ ਰਹਿਣ ਵਾਲੇ ਪੰਜਾਬੀ ਅਮੀਰ ਨਹੀਂ ਹਨ। ਲਖੀਮਪੁਰੀ ਹਿੰਸਾ ਵਿੱਚ ਮਾਰੇ ਗਏ 35 ਸਾਲਾ ਦਲਜੀਤ ਸਿੰਘ ਦੇ ਚਚੇਰੇ ਭਰਾ ਸ਼ੇਰ ਸਿੰਘ ਵਿਰਕ ਆਖਦੇ ਹਨ ਕਿ ਇੱਥੇ ਸਾਰੇ ਰਹਿਣ ਵਾਲੇ ਪੰਜਾਬੀ ਅਮੀਰ ਨਹੀਂ ਹਨ ਕੁਝ ਘੱਟ ਜ਼ਮੀਨਾਂ ਵਾਲੇ ਵੀ ਹਨ। ਮ੍ਰਿਤਕ ਦਲਜੀਤ ਸਿੰਘ ਮਹਿਜ਼ ਦੋ ਏਕੜ ਦਾ ਮਾਲਕ ਸੀ। 3 ਅਕਤੂਬਰ ਨੂੰ ਤਕੂਨੀਆਂ ਵਿਖੇ ਕਿਸਾਨ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿੱਚ ਮਾਰੇ ਗਏ ਚਾਰ ਪੰਜਾਬੀਆਂ ਵਿੱਚੋਂ ਦੋ ਦਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਬਹਰਾਇਚ ਜ਼ਿਲ੍ਹੇ ਦੇ ਸਨ। ਸ਼ੇਰ ਸਿੰਘ ਦੱਸਦੇ ਹਨ ਕਿ ਪਾਕਿਸਤਾਨ ਤੋਂ ਉੱਜੜਨ ਤੋਂ ਬਾਅਦ ਉਨ੍ਹਾਂ ਨੂੰ ਕਰਨਾਲ ਵਿੱਚ ਜ਼ਮੀਨ ਅਲਾਟ ਕੀਤੀ ਗਈ ਸੀ ਜੋ ਕਿ ਬਹੁਤ ਘੱਟ ਸੀ। ਇਸ ਕਰਕੇ ਬਜ਼ੁਰਗਾਂ ਨੇ ਵੱਧ ਜ਼ਮੀਨ ਲਈ ਯੂਪੀ ਦਾ ਰੁਖ ਕੀਤਾ ਸੀ। ਤਮਾਮ ਦਿੱਕਤਾਂ ਦੇ ਬਾਅਦ ਉਨ੍ਹਾਂ ਨੇ ਯੂਪੀ ਦੇ ਤਰਾਈ ਦੇ ਇਲਾਕੇ ਨੂੰ ਆਬਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ਜ਼ਮੀਨ ਲਈ ਉਨ੍ਹਾਂ ਦੇ ਬਜ਼ੁਰਗਾਂ ਨੇ ਇੱਥੇ ਪਸੀਨਾ ਡੋਲਿਆ ਉਸ ਦੀ ਹੋਂਦ ਨੂੰ ਬਚਾਉਣ ਲਈ ਉਸ ਦਾ ਭਰਾ ਦਲਜੀਤ ਸਿੰਘ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ ਸੀ।
ਖੇਤ ਵਿੱਚ ਆਪਣੇ ਭਰਾ ਦੇ ਬਲਦੇ ਸੀਵੇ ਵੱਲ ਇਸ਼ਾਰਾ ਕਰਦੇ ਹੋਏ ਸ਼ੇਰ ਸਿੰਘ ਆਖਦੇ ਹਨ ਕਿ ਜਿਸ ਜ਼ਮੀਨ ਨੂੰ ਬਚਾਉਣ ਲਈ ਉਹ ਲੜਾਈ ਲੜ ਰਿਹਾ ਸੀ ਉਸੀ ਵਿੱਚ ਹੀ ਉਹ ਖ਼ੁਦ ਸਮਾ ਗਿਆ ਹੈ। ਹਿੰਸਾ ਵਿਚ ਮਾਰੇ ਗਏ ਚਾਰ ਸਿਖਾਂ ਵਿਚੋਂ ਦੋ ਦਲਜੀਤ ਸਿੰਘ ਤੇ ਗੁਰਵਿੰਦਰ ਸਿੰਘ ਬਹਰਾਇਚ ਜ਼ਿਲ੍ਹੇ ਦੇ ਸਨ। ਸ਼ੇਰ ਸਿੰਘ ਮੁਤਾਬਕ ਸਰਕਾਰ ਨੌਕਰੀਆਂ ਅਤੇ ਰਾਜਨੀਤੀ ਵਿੱਚ ਬਹੁਤ ਟਾਂਵੇਂ-ਟਾਂਵੇਂ ਸਿੱਖ ਹਨ। ਗੁਰਬਾਜ਼ ਸਿੰਘ ਦੱਸਦੇ ਹਨ ਕਿ ਯੂਪੀ ਦੀਆਂ ਕਰੀਬ 7 ਵਿਧਾਨ ਸਭਾ ਸੀਟਾਂ ਉੱਤੇ ਪੰਜਾਬੀਆਂ ਦਾ ਪ੍ਰਭਾਵ ਹੈ ਪਰ ਫਿਰ ਵੀ ਰਾਜਨੀਤਿਕ ਪਾਰਟੀਆਂ ਉਨ੍ਹਾਂ ਨੂੰ ਨੁਮਾਇੰਦਗੀ ਨਹੀਂ ਦਿੰਦੀਆਂ। ਉਨ੍ਹਾਂ ਦੱਸਿਆ ਕਿ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਇੱਥੇ ਪੰਜਾਬੀ ਇਕੱਠੇ ਹੋਣ ਸ਼ੁਰੂ ਹੋਏ ਹਨ। ਸਿੱਖਾਂ ਦਾ ਸੰਗਠਨ ਕਿਉਂ ਨਹੀਂ, ਬਾਰੇ ਗੁਰਬਾਜ਼ ਸਿੰਘ ਆਖਦੇ ਹਨ ਕਿ ਪੰਜਾਬੀ ਬਹੁਤ ਦੂਰ-ਦੂਰ ਬੈਠੇ ਹਨ ਤੇ ਸੰਪਰਕ ਸਾਧਨਾਂ ਦੀ ਘਾਟ ਸੀ।ਪਰ ਹੁਣ ਕਿਸਾਨ ਅੰਦੋਲਨ ਨਾਲ ਯੂਪੀ ਦਾ ਸਿੱਖ ਜਾਗਰੂਕ ਜ਼ਰੂਰ ਹੋਇਆ ਹੈ ਅਤੇ ਹੁਣ ਭਾਰਤੀ ਸਿੱਖ ਸੰਗਠਨ ਜਸਵੀਰ ਸਿੰਘ ਵਿਰਕ ਨੇ ਬਣਾਇਆ ਹੈ ਜਿਸ ਦੇ ਬੈਨਰ ਹੇਠ ਸਿੱਖ ਇਕੱਠੇ ਹੋ ਰਹੇ ਹਨ।ਜੁਗਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਵਾਂਗ ਇੱਥੋਂ ਵੀ ਹੁਣ ਨਵੀਂ ਪੀੜੀ ਵਿਦੇਸ਼ਾਂ ਨੂੰ ਜਾ ਰਹੀ ਹੈ।
ਸਿੱਖ ਭਾਈਚਾਰੇ ਦਾ ਗੜ੍ਹ ਲਖੀਮਪੁਰ ਖੀਰੀ
ਲਖੀਮਪੁਰ ਖੀਰੀ ਯੂਪੀ ਦੇ 75 ਜ਼ਿਲਿਆਂ ਵਿੱਚੋਂ ਸਭ ਤੋਂ ਵੱਡਾ ਜ਼ਿਲ੍ਹਾ ਹੈ ਅਤੇ ਲਖਨਊ ਡਿਵੀਜ਼ਨ ਦੇ ਅਧੀਨ ਆਉਂਦਾ ਹੈ। ਲਖਨਊ ਤੋਂ ਕਰੀਬ 130 ਕਿੱਲੋ ਮੀਟਰ ਦੂਰੀ ਉੱਤੇ ਸਥਿਤ ਲਖੀਮਪੁਰ ਖੀਰੀ ਨੇਪਾਲ ਨਾਲ ਯੂਪੀ ਦਾ ਉਹ ਇਲਾਕਾ ਹੈ ਜਿਸ ਦੇ ਵੱਖ-ਵੱਖ ਇਲਾਕਿਆਂ ਵਿੱਚ ਪੰਜਾਬੀ ਕਿਸਾਨ ਵਸੇ ਹੋਏ ਹਨ। ਇਸ ਕਰਕੇ ਤਰਾਈ ਖੇਤਰ ਦੇ ਇਸ ਇਲਾਕੇ ਵਿੱਚ ਪੰਜਾਬੀ ਕਿਸਾਨਾਂ ਦਾ ਕਾਫ਼ੀ ਪ੍ਰਭਾਵ ਹੈ। ਲਖੀਮਪੁਰ ਖੀਰੀ ਹੁਣ ਦੀ ਤਾਜ਼ਾ ਘਟਨਾ ਤੋਂ ਪਹਿਲਾਂ ਵੀ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਇੱਥੋਂ ਦੇ ਚਾਰ ਜ਼ਿਲ੍ਹਿਆਂ ਵਿੱਚ ਤਕਰੀਬਨ 1,000 ਸਿੱਖ ਕਿਸਾਨਾਂ ਦੇ ਉਜਾੜੇ ਦੀਆਂ ਖ਼ਬਰਾਂ ਆਈਆਂ ਸਨ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਦਾ ਮਾਮਲਾ ਫ਼ਿਲਹਾਲ ਠੱਪ ਹੈ।
ਸ਼ੁਰੂ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਆ ਕੇ ਕਿਸਾਨਾਂ ਨੇ ਇੱਥੇ ਖ਼ਾਲੀ ਪਈਆਂ ਜ਼ਮੀਨਾਂ ਨੂੰ ਪਹਿਲਾ ਆਬਾਦ ਕਰ ਕੇ ਵਾਹੀ ਯੋਗ ਬਣਾਇਆ। ਖੇਤੀਬਾੜੀ ਤੋਂ ਬਾਅਦ ਇੱਥੇ ਪੰਜਾਬੀ ਕਿਸਾਨਾਂ ਨੇ ਟਰਾਂਸਪੋਰਟ ਅਤੇ ਹੋਰ ਕਾਰੋਬਾਰ ਵੀ ਸਥਾਪਿਤ ਕਰ ਲਏ ਹਨ।
2011 ਦੀ ਜਨਗਣਨਾ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਸਿੱਖਾਂ ਦੀ ਕੁੱਲ ਆਬਾਦੀ 6,43,500 ਸੀ ਜੋ ਉੱਤਰ ਪ੍ਰਦੇਸ਼ ਦੀ ਕੁੱਲ ਆਬਾਦੀ ਦਾ 0.32 ਫ਼ੀਸਦੀ ਬਣਦਾ ਹੈ। ਸਿੱਖਾਂ ਦੀ ਕੁੱਲ ਆਬਾਦੀ ਵਿੱਚੋਂ ਜ਼ਿਆਦਾਤਰ ਆਬਾਦੀ ਲਖੀਮਪੁਰ ਜ਼ਿਲ੍ਹੇ ਵਿੱਚ ਹੀ ਵਸੀ ਹੋਈ ਹੈ।

Comment here