ਸਿਆਸਤਖਬਰਾਂ

ਲਖੀਮਪੁਰ ਖੀਰੀ ਘਟਨਾ ਦੀ ਸਿਆਸੀ ਪਾਰਟੀਆਂ ਵਲੋਂ ਚਹੁੰ ਤਰਫ਼ੀ ਨਿੰਦਾ

 ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦੀ ਕੀਤੀ ਮੰਗ
ਚੰਡੀਗੜ੍ਹ-ਬੀਤੇ ਦਿਨੀਂ ਲਖੀਮਪੁਰ ਖੀਰੀ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਕੁਚਲ ਕੇ ਮਾਰਨ ਵਿਰੁੱਧ ਸਿਆਸੀ ਪਾਰਟੀਆਂ ਦੀ ਚਹੁੰ ਤਰਫੋ ਘੌਰ ਨਿੰਦਾ ਹੋ ਰਹੀ ਹੈ। ਉਨ੍ਹਾਂ ਕੇਂਦਰ ਤੇ ਯੋਗੀ ਸਰਕਾਰ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ।
ਘਟਨਾ ਵਿਰੁਧ ਕੈਂਡਲ ਮਾਰਚ ਕੱਢਿਆ
ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਨੇ ਕੈਂਡਲ ਮਾਰਚ ਕੱਢਿਆ। ਯੂਥ ਅਕਾਲੀ ਦਲ ਦੇ ਬੁਲਾਰੇ ਅਤੇ ਫਤਿਹਗੜ੍ਹ ਸਾਹਿਬ ਇਕਾਈ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਐਸ. ਓ. ਆਈ. ਦੇ ਪ੍ਰਧਾਨ ਰੋਬਿਨ ਬਰਾੜ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰਾਂ ਦੀ ਪਰਵਾਹ ਕੀਤੇ ਬਗੈਰ ਧੱਕੇ ਨਾਲ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੋ ਤਿੰਨ ਨਫਰਤ ਭਰੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲਖੀਮਪੁਰ ਖੀਰੀ ਵਿਖੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ, ਨੂੰ ਭਾਜਪਾ ਆਗੂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਗੱਡੀਆਂ ਥੱਲੇ ਕੁਚਲ ਦਿੱਤਾ।
ਯੂਥ ਅਕਾਲੀ ਦਲ ਤੇ ਐਸ. ਓ. ਆਈ. ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਨੇ ਵਿਦਵਾਨਾਂ ਦੀ ਉਸ ਸੋਚ ਨੂੰ ਦ੍ਰਿੜ੍ਹ ਕੀਤਾ ਹੈ ਕਿ ਕੇਂਦਰ ਸਰਕਾਰ ਅਤੇ ਭਾਜਪਾ ਦੀਆਂ ਰਾਜ ਸਰਕਾਰਾਂ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀਆਂ ਹਨ ਅਤੇ ਉਹ ਕਿਸਾਨਾਂ ਦੇ ਸ਼ਾਂਤੀਪੂਰਨ ਅੰਦੋਲਨ ਨੁੰ ਕੁਚਲਣ ਵਾਸਤੇ ਤਿਆਰ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਜਿਵੇਂ ਬੀਤੇ ਸਮੇਂ ਦੌਰਾਨ ਇਹ ਪਰਖ ਦੀ ਘੜੀ ਵਿਚ ਕਿਸਾਨਾਂ ਨਾਲ ਖੜਿ੍ਹਆ, ਉਵੇਂ ਹੀ ਹਰ ਵੇਲੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਨਾ ਤਾਂ ਭਾਜਪਾ ਅਤੇ ਨਾ ਹੀ ਕਿਸੇ ਹੋਰ ਨੂੰ ਕਿਸਾਨਾਂ ਨੂੰ ਕੁਚਲਣ ਦੀ ਆਗਿਆ ਦਿੱਤੀ ਜਾਵੇਗੀ।
ਆਪ’ ਪਾਰਟੀ ਵੱਲੋਂ ਨਿਖੇਧੀ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਹਰਪਾਲ ਸਿੰਘ ਚੀਮਾ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਰਾਘਵ ਚੱਢਾ, ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੈ ਸਿੰਘ, ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਬਣਨ ਤੋਂ ਹੀ ਕਿਸਾਨ ਸ਼ਾਂਤੀਪੂਰਕ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਰ ਲਖੀਮਪੁਰ ਖੀਰੀ ਵਿੱਚ ਜਿਸ ਤਰਾਂ ਕਿਸਾਨਾਂ ਦੇ ਕਤਲ ਕੀਤੇ ਗਏ ਹਨ, ਭਾਜਪਾ ਸਰਕਾਰ ਦੇ ਮੱਥੇ ’ਤੇ ਇਹ ਕਾਲਾ ਦਿਨ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਨੇ ਉਤਰ ਪ੍ਰਦੇਸ਼ ਵਿੱਚ ਐਮਰਜੈਂਸੀ ਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਭਾਜਪਾ ਸਰਕਾਰ ਕੇਵਲ ਆਪਣੇ ਨੇਤਾ ਅਤੇ ਮੰਤਰੀਆਂ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਜਿਸ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਧੀਨ ਪੁਲੀਸ ਹੋਵੇ ਅਤੇ ਉਸੇ ਦਾ ਪੁੱਤ ਕਿਸਾਨਾਂ ਦੇ ਕਤਲ ਵਿੱਚ ਸ਼ਾਮਲ ਹੋਵੇ, ਤਾਂ ਇਸ ਤੋਂ ਵੱਡੀ ਸਰਕਾਰੀ ਗੁੰਡਾਗਰਦੀ ਕੀ ਹੋ ਸਕਦੀ ਹੈ? ਉਨਾਂ ਕਿਹਾ ਕਿ ਇਹ ਸਵਾਲ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਪੁੱਛਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸ਼ੀਸ਼ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਅਤੇ ਗ੍ਰਹਿ ਰਾਜ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ’ਚ ਕਿਸਾਨਾਂ ਦੇ ਕਤਲ ਤੋਂ ਬਾਅਦ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ, ਵਿਰੋਧੀ ਧਿਰਾਂ ਦੇ ਆਗੂਆਂ ਅਤੇ ਹੋਰਨਾਂ ਨੂੰ ਘਟਨਾ ਸਥਾਨ ’ਤੇ ਨਹੀਂ ਜਾਣ ਦਿੱਤਾ ਗਿਆ ਅਤੇ ਲਖੀਮਪੁਰ ਖੀਰੀ ਨੂੰ ਸੀਲ ਕਰਕੇ ਉਥੇ ਇੰਟਰਨੈਟ ਸੇਵਾ ਬੰਦ ਕੀਤੀ ਗਈ। ਇਹ ਸਾਰਾ ਵਰਤਾਰਾ ਮਾਨਵਤਾ ਤੇ ਲੋਕਤੰਤਰ ਵਿਰੋਧੀ ਅਤੇ ਜ਼ੁਲਮ ਦਾ ਸਿਖ਼ਰ ਹੈ।
ਸੀ ਪੀ ਆਈ ਨੇ ਅਦਾਲਤੀ ਜਾਂਚ ਦੀ ਮੰਗ ਕੀਤੀ
ਪੰਜਾਬ ਸੀ ਪੀ ਆਈ ਸਰਵਸਾਥੀ ਭੂਪਿੰਦਰ ਸਾਂਬਰ, ਹਰਦੇਵ ਸਿੰਘ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਗੁਰਨਾਮ ਕੰਵਰ ਅਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਆਦਿ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਸਾਥੀ ਬੰਤ ਸਿੰਘ ਬਰਾੜ ਨੇ ਅਦਾਲਤੀ ਜਾਂਚ ਦੀ ਮੰਗ ਕਰਦਿਆਂ ਡਿਪਟੀ ਚੀਫ ਮਨਿਸਟਰ ਕੇਸ਼ਵ ਪ੍ਰਸਾਦ ਮੌਰੀਆ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਐੱਸ.ਯੂ.ਵੀ. ਕਿਸਾਨਾਂ ਉਪਰ ਚੜ੍ਹਾਉਣ ਨਾਲ 8 ਵਿਅਕਤੀ ਮਾਰੇ ਗਏ, ਜਿਸ ਦੇ ਜ਼ਿੰਮੇਵਾਰ ਸਿੱਧੇ ਤੌਰ ’ਤੇ ਯੂ.ਪੀ. ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਹੈ, ਜਿਹੜੀ ਜ਼ਿੱਦੀ ਰੁਖ ਅਖਤਿਆਰ ਕਰਕੇ ਕਾਰਪੋਰੇਟ-ਪੱਖੀ ਕਿਸਾਨ-ਵਿਰੋਧੀ ਕਾਲੇ ਕਾਨੂੰਨਾਂ ਨੂੰ ਜ਼ਬਰਦਸਤੀ ਲਾਗੂ ਕਰਨ ’ਤੇ ਤੁਲੀ ਹੋਈ ਹੈ।
ਭਾਜਪਾ ਨੂੰ ਲੋਕਤੰਤਰ ’ਚ ਨਹੀਂ, ਤਾਨਸ਼ਾਹੀ ’ਚ ਭਰੋਸਾ—ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲਖੀਮਪੁਰ ਮਾਮਲੇ ਬਾਰੇ ਕਿਹਾ ਹੈ ਕਿ ਭਾਜਪਾ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੀ, ਇਸ ਪਾਰਟੀ ਨੂੰ ਸਿਰਫ ਤਾਨਾਸ਼ਾਹੀ ਹੀ ਆਉਂਦੀ ਹੈ। ਮਮਤਾ ਨੇ ਕਿਹਾ ਇਹ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਮੇਰੇ ਕੋਲ ਇਸ ਘਟਨਾ ਦੀ ਆਲੋਚਨਾ ਕਰਨ ਲਈ ਕੋਈ ਸ਼ਬਦ ਨਹੀਂ ਹਨ। ਕੀ ਇਹ ਰਾਮ ਰਾਜ ਹੈ? ਨਹੀਂ, ਇਹ ਇੱਕ ‘ਕਿੰਲਿੰਗ ਰਾਜ’ ਹੈ।

Comment here