ਅਪਰਾਧਸਿਆਸਤਖਬਰਾਂ

ਲਖੀਮਪੁਰ ਕਾਂਡ : ਦੁਸਹਿਰੇ ਤੋਂ ਬਾਅਦ ਫੂਕੇ ਜਾਣਗੇ ਮੋਦੀ ਤੇ ਸ਼ਾਹ ਦੇ ਪੁਤਲੇ-ਸੰਯੁਕਤ ਮੋਰਚਾ

ਜਲੰਧਰ-ਸੰਯੁਕਤ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ 15 ਅਕਤੂਬਰ ਨੂੰ ਮੋਦੀ, ਸ਼ਾਹ ਅਤੇ ਅਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਸਮਾਜਿਕ ਤਿਉਹਾਰ ਹੋਣ ਕਰ ਕੇ ਅੱਗੇ ਪਾ ਦਿੱਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਪੁਤਲੇ ਹੁਣ 16 ਅਕਤੂਬਰ ਨੂੰ ਫੂਕੇ ਜਾਣ, ਕਿਉਂਕਿ ਦੁਸਹਿਰਾ ਇਕ ਸਮਾਜਿਕ ਤਿਉਹਾਰ ਹੈ, ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਗੌਰਤਲਬ ਹੈ ਕਿ ਲਖੀਮਪੁਰ ਖੀਰੀ ਵਿਖੇ ਵਾਪਰੀ ਦੁਖਦਾਇਕ ਘਟਨਾ ’ਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ ਅਤੇ ਭੜਕੀ ਹਿੰਸਾ ਵਿੱਚ 3 ਹੋਰ ਲੋਕਾਂ ਨੂੰ ਵੀ ਜਾਨ ਗੁਆਉਣੀ ਪਈ ਸੀ।ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਮ੍ਰਿਤਕਾਂ ਨੂੰ 45-45 ਲੱਖ ਰੁਪਏ ਅਤੇ 1-1 ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਮਗਰੋਂ ਪੰਜਾਬ ਅਤੇ ਛੱਤੀਸਗੜ੍ਹ ਸਰਕਾਰ ਵੱਲੋਂ ਵੀ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਦਾ ਐਲਾਨ ਕੀਤਾ ਗਿਆ ਸੀ। ਇਸ ਘਟਨਾ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਪ੍ਰੈੱਸ ਵਾਰਤਾ ਕਰਕੇ ਮੰਗ ਕੀਤੀ ਸੀ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੇ ਇਹ ਸਾਜ਼ਿਸ਼ ਰਚੀ ਹੈ। ਕਿਸਾਨ ਆਗੂਆਂ ਨੇ ਕਿਹਾ ਸੀ ਕਿ ਜੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਦੁਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ।ਬਾਅਦ ਵਿੱਚ ਕੁਝ ਸੰਗਠਨਾਂ ਨੇ ਕਿਸਾਨਾਂ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਸੀ ਕਿ ਸਮਾਜਿਕ ਤਿਉਹਾਰ ਵਾਲੇ ਦਿਨ ਅਜਿਹਾ ਕਰਨਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਹੁਣ ਤੱਕ ਅਜੇ ਮਿਸ਼ਰਾ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਕਾਰਨ ਕਿਸਾਨ ਆਗੂਆਂ ਨੇ ਦੁਸਹਿਰੇ ਵਾਲੇ ਦਿਨ ਦੀ ਜਗ੍ਹਾ 16 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ।
ਵਰੁਣ ਗਾਂਧੀ ਨੇ ਮੋਦੀ ਨੂੰ ਯਾਦ ਦਿਵਾਈ ਵਾਜਪਾਈ ਦੀ ਚਿਤਾਵਨੀ
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵੀਡੀਓ ਸ਼ੇਅਰ ਕਰਕੇ ਆਪਣੀ ਸਰਕਾਰ ਉੱਤੇ ਤੰਜ ਕੱਸਣ ਦੀ ਕੋਸ਼ਿਸ਼ੀ ਕੀਤੀ ਹੈ। ਕਿਸਾਨ ਅੰਦੋਲਨ ਦੇ ਸਮਰਥਣ ਬਾਰੇ ਵਰੁਣ ਗਾਂਧੀ ਨੇ ਵਾਜਪਾਈ ਦੇ 41 ਸਾਲ ਪੁਰਾਣੇ ਭਾਸ਼ਣ ਦੀ ਵੀਡੀਓ ਟਵਿੱਟਰ ’ਤੇ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਵਾਜਪਾਈ ਕਹਿ ਰਹੇ ਹਨ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਅਤੇ ਜੇਕਰ ਸ਼ਾਂਤੀਪੂਰਵਕ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਸਰਕਾਰ ਵਿਰੁੱਧ ਖੜ੍ਹੇ ਹੋਵਾਂਗੇ। ਇਸ ਵੀਡੀਓ ਰਾਹੀਂ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਆਪਣੇ ਵਿਦਰੋਹੀ ਰਵੱਈਏ ਨੂੰ ਸਪੱਸ਼ਟ ਕੀਤਾ ਹੈ।
ਇਸ ਤੋਂ ਪਹਿਲਾਂ ਵਰੁਣ ਗਾਂਧੀ ਨੇ ਟਵਿੱਟਰ ’ਤੇ ਲਖੀਮਪੁਰ ਖੀਰੀ ਘਟਨਾ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਸੀ, ਜਿਸ ਵਿੱਚ ਇੱਕ ਭਾਜਪਾ ਨੇਤਾ ਦੇ ਕਾਫਲੇ ਦੀ ਇੱਕ ਐਸਯੂਵੀ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਰੜਦੀ ਦਿਖਾਈ ਦੇ ਰਹੀ ਹੈ। ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਨੇ ਕਿਹਾ ਸੀ, ‘ਵੀਡੀਓ ਬਹੁਤ ਸਪਸ਼ਟ ਹੈ। ਪ੍ਰਦਰਸ਼ਨਕਾਰੀਆਂ ਨੂੰ ਕਤਲ ਰਾਹੀਂ ਚੁੱਪ ਨਹੀਂ ਕੀਤਾ ਜਾ ਸਕਦਾ।
ਵਰੁਣ ਗਾਂਧੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖ ਕੇ ਲਖੀਮਪੁਰ ਹਿੰਸਾ ਵਿੱਚ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਵਰੁਣ ਗਾਂਧੀ ਨੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਪੱਤਰ ਨੂੰ ਟਵਿੱਟਰ ’ਤੇ ਸਾਂਝਾ ਕੀਤਾ।
ਭਾਜਪਾ ਮਾਰੇ ਗਏ ਵਰਕਰ ਨੂੰ ਦੇਵੇਗੀ ਸ਼ਹੀਦ ਦਾ ਦਰਜਾ
ਉੱਤਰ ਪ੍ਰਦੇਸ਼ ਦੇ ਕਾਨੂੰਨ ਮੰਤਰੀ ਯੂਪੀ ਬ੍ਰਜੇਸ਼ ਪਾਠਕ ਨੇ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਭਾਜਪਾ ਦੇ ਮੰਡਲ ਮੰਤਰੀ ਸ਼ੁਭਮ ਮਿਸ਼ਰਾ ਨੂੰ ਸ਼ਹੀਦ ਦਾ ਦਰਜਾ ਦੇਵੇਗੀ। ਇਹ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਬੁੱਧਵਾਰ ਨੂੰ ਹਿੰਸਾ ਵਿੱਚ ਮਾਰੇ ਗਏ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਡਰਾਈਵਰ ਹਰੀ ਓਮ ਮਿਸ਼ਰਾ ਅਤੇ ਭਾਜਪਾ ਦੇ ਮੰਡਲ ਮੰਤਰੀ ਸ਼ੁਭਮ ਮਿਸ਼ਰਾ ਦੇ ਪਰਿਵਾਰ ਨਾਲ ਮੁਲਾਕਾਤ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਅਤੇ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਗੱਲ ਵੀ ਕਹੀ।
ਇਸ ਦੇ ਨਾਲ ਹੀ ਉਹ ਘਟਨਾ ਵਿੱਚ ਮਾਰੇ ਗਏ ਜ਼ਿਲ੍ਹੇ ਦੇ ਹੋਰ 4 ਲੋਕਾਂ ਦੇ ਰਿਸ਼ਤੇਦਾਰਾਂ ਨੂੰ ਨਹੀਂ ਮਿਲੇ। ਇਸ ਵਿੱਚ ਦੋ ਕਿਸਾਨ ਨਛੱਤਰ ਸਿੰਘ ਅਤੇ ਲਵਪ੍ਰੀਤ ਸਿੰਘ ਤੋਂ ਇਲਾਵਾ ਭਾਜਪਾ ਵਰਕਰ ਸ਼ਿਆਮ ਸੁੰਦਰ ਨਿਸ਼ਾਦ ਅਤੇ ਪੱਤਰਕਾਰ ਰਮਨ ਕਸ਼ਯਪ ਸ਼ਾਮਲ ਹਨ। ਘਟਨਾ ਵਿੱਚ ਮਾਰੇ ਗਏ ਦੋ ਹੋਰ ਕਿਸਾਨ ਗੁਰਵਿੰਦਰ ਸਿੰਘ ਅਤੇ ਦਿਲਜੀਤ ਸਿੰਘ ਬਹਰਾਇਚ ਜ਼ਿਲ੍ਹੇ ਦੇ ਵਸਨੀਕ ਹਨ।

Comment here