ਮਾਨਸਾ-ਤਿਉਹਾਰ ਮੌਕੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਨਾ ਹੋਵੇ ਇਹ ਕਿਵੇਂ ਹੋ ਸਕਦਾ। ਗੀਤਾਂ ਤੋਂ ਬਾਅਦ ਹੁਣ ਰੱਖੜੀ ਦੇ ਤਿਉਹਾਰ ਮੌਕੇ ਵੀ ਮੂਸੇਵਾਲਾ ਦਾ ਕਾਫ਼ੀ ਕਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਬਜਾਰਾਂ ’ਚ ਸਿੱਧੂ ਮੂਸੇਵਾਲਾ ਦੀ ਫ਼ੋਟੋ ਵਾਲੀਆਂ ਰੱਖੜੀਆਂ ਖ਼ੂਬ ਵਿਕ ਰਹੀਆਂ ਹਨ। ਸਿੱਧੂ ਦੀ ਤਸਵੀਰ ਵਾਲੀਆਂ ਰੱਖੜੀਆਂ ਦੇ ਕ੍ਰੇਜ਼ ਬੱਚਿਆਂ ਤੋਂ ਲੈਕੇ ਜਵਾਨਾਂ ’ਚ ਵੇਖਿਆ ਜਾ ਸਕਦਾ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਰੱਖੜੀਆਂ ’ਤੇ ਆਪਣੇ ਪਸੰਦੀਦਾ ਗਾਇਕ ਦੀ ਫ਼ੋਟੋ ਵੇਖ ਕੇ ਕਾਫ਼ੀ ਖੁਸ਼ ਹਨ। ਉੱਧ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਜ਼ਿਆਦਾਤਰ ਗ੍ਰਾਹਕ ਹੋਰਨਾਂ ਰੱਖੜੀਆਂ ਦੀ ਥਾਂ ਸਿੱਧੂ ਦੀ ਫ਼ੋਟੋ ਵਾਲੀਆਂ ਰੱਖੜੀਆਂ ਦੀ ਮੰਗ ਕਰ ਰਹੇ ਹਨ। ਜਿਸ ਦੇ ਚੱਲਦਿਆਂ ਦੁਕਾਨਦਾਰਾਂ ਨੇ ਮੂਸੇਵਾਲਾ ਦੀ ਫ਼ੋਟੋ ਵਾਲੀਆਂ ਰੱਖੜੀਆਂ ਥੋਕ ਦੇ ਭਾਅ ਮੰਗਵਾਂ ਲਈਆਂ ਹਨ।
ਹਾਲਾਂਕਿ ਸੂਬੇ ਭਰ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਕਾਰਨ ਲੋਕ ਆਰਥਿਕ ਤੌਰ ’ਤੇ ਪਰੇਸ਼ਾਨੀ ’ਚ ਹਨ। ਇਸ ਦੇ ਬਾਵਜੂਦ ਬੱਚਿਆਂ ’ਚ ਖਿਡੌਣੇ ਵਾਲੀ ਰੱਖੜੀ ਅਤੇ ਜਵਾਨਾਂ ’ਚ ਸਿੱਧੂ ਮੂਸੇਵਾਲਾ ਦੀ ਰੱਖੜੀ ਦਾ ਕ੍ਰੇਜ਼ ਘੱਟਣ ਦਾ ਨਾਮ ਨਹੀਂ ਲੈ ਰਿਹਾ। ਇਕ ਦੁਕਾਨਦਾਰ ਨੇ ਦੱਸਿਆ ਕਿ ਹਰ ਵਰਗ ਦੇ ਲੋਕ ਜ਼ਿਆਦਾਤਰ ਸਿੱਧੂ ਮੂਸੇਵਾਲਾ ਦੀ ਫ਼ੋਟੋ ਵਾਲੀ ਰੱਖੜੀ ਦੀ ਮੰਗ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਸਾਲ 29 ਮਈ, 2022 ਨੂੰ ਮਾਨਸਾ ’ਚ ਉਸਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਦੇ ਮੁਤਾਬਿਕ ਹੁਣ ਤੱਕ ਇਸ ਮਾਮਲੇ ’ਚ ਕੁੱਲ 29 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। 2 ਆਰੋਪੀ ਪੁਲਿਸ ਮੁਕਾਬਲੇ ’ਚ ਮਾਰੇ ਜਾ ਚੁੱਕੇ ਹਨ ਅਤੇ 5 ਜਣਿਆਂ ਨੂੰ ਭਾਰਤ ਤੋਂ ਬਾਹਰ ਤੋਂ ਲਿਆਇਆ ਜਾਣਾ ਬਾਕੀ ਹੈ।
ਹੋਰ ਤਾਂ ਹੋਰ ਸਿੱਧੂ ਮੂਸੇਵਾਲਾ ਦੀ ਸਮਾਧ ’ਤੇ ਪਹੁੰਚ ਕੁੜੀਆਂ ਵਲੋਂ ਰੱਖੜੀ ਬੰਨ੍ਹੀ ਜਾ ਰਹੀ ਹੈ, ਉੱਥੇ ਹੀ ਕੁੜੀਆਂ ਆਪਣੇ ਵੀਰਾਂ ਲਈ ਸਿੱਧੂ ਮੂਸੇਵਾਲਾ ਦੀ ਫ਼ੋਟੋ ਵਾਲੀਆਂ ਰੱਖੜੀਆਂ ਖ਼ਰੀਦ ਰਹੀਆਂ ਹਨ। ਕੁੜੀਆਂ ਦਾ ਕਹਿਣਾ ਹੈ ਕਿ ਭਾਵੇਂ ਸਿੱਧੂ ਅੱਜ ਸਾਡੇ ’ਚ ਨਹੀਂ ਰਿਹਾ ਪਰ ਉਹ ਦੁਨੀਆਂ ’ਚ ਹਮੇਸ਼ਾ ਲਈ ਅਮਰ ਹੋ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਸੰਤ ਪੰਚਮੀ ਦੇ ਤਿਉਹਾਰ ’ਤੇ ਮੂਸੇਵਾਲੀ ਦੀ ਫ਼ੋਟੋ ਵਾਲੀਆਂ ਪਤੰਗਾਂ ਵੀ ਉਸਦੇ ਪ੍ਰਸ਼ੰਸਕ ਖ਼ਰੀਦ ਰਹੇ ਸਨ। ਸਿੱਧੂ ਨੂੰ ਨਫ਼ਰਤ ਕਰਨ ਵਾਲੇ ਪ੍ਰਸ਼ੰਸਕਾਂ ਦੇ ਦਿਲਾਂ ’ਚੋਂ ਗਾਇਕ ਦੀਆਂ ਯਾਦਾਂ ਨੂੰ ਨਹੀਂ ਮਿਟਾ ਸਕੇ ਅਤੇ ਉਸਦੇ ਫ਼ੈਨਜ ਅੱਜ ਵੀ ਉਸਦੀਆਂ ਯਾਦਾਂ ਆਪਣੇ ਦਿਲਾਂ ’ਚ ਸਮੋਈ ਬੈਠੇ ਹਨ।
Comment here