ਸਿਆਸਤਖਬਰਾਂ

ਰੱਖਿਆ ਮੰਤਰਾਲੇ ਨੇ 351 ਰੱਖਿਆ ਉਪਕਰਨਾਂ ਦੀ ਦਰਾਮਦ ’ਤੇ ਲਾਈ ਪਾਬੰਦੀ

ਨਵੀਂ ਦਿੱਲੀ-ਹੁਣੇ ਜਿਹੇ ਰੱਖਿਆ ਮੰਤਰਾਲੇ ਨੇ 351 ਸਬ-ਸਿਸਟਮ ਤੇ ਕੰਪੋਨੈਂਟਸ ਦੀ ਦਰਾਮਦ ’ਤੇ ਪਾਬੰਦੀ ਲਗਾ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਆਤਮ-ਨਿਰਭਰਤਾ ਤੇ ਸਵਦੇਸ਼ੀਕਰਨ ਵੱਲ ਇਕ ਹੋਰ ਕਦਮ ਚੁੱਕਿਆ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਇਕ ਰਿਪੋਰਟ ਅਨੁਸਾਰ, ਰੱਖਿਆ ਮੰਤਰਾਲੇ ਨੇ 351 ਉਪਕਰਨਾਂ ਦੀ ਇਕ ਨਵੀਂ ਸੂਚੀ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਅਗਲੇ ਸਾਲ ਦਸੰਬਰ ਤੋਂ ਸ਼ੁਰੂ ਹੋਣ ਵਾਲੀ ਸਮਾਂ-ਸੀਮਾ ਤਹਿਤ ਦਰਾਮਦ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਪਿਛਲੇ 16 ਮਹੀਨਿਆਂ ’ਚ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਇਹ ਤੀਜੀ ਸੂਚੀ ਹੈ। ਇਹ ਫੈਸਲਾ ਦੇਸ਼ ਨੂੰ ਫੌਜੀ ਉਪਕਰਨਾਂ ਦੇ ਨਿਰਮਾਣ ਦਾ ਕੇਂਦਰ ਬਣਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਪੀਟੀਆਈ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਮੰਤਰਾਲੇ ਨੇ ਦੇਸ਼ ਵਿਚ ਪੈਦਾ ਹੋਣ ਵਾਲੀਆਂ 2500 ਵਸਤਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਉਨ੍ਹਾਂ ਬਾਰੇ ਕਿਹਾ ਗਿਆ ਹੈ ਕਿ ਇਹ ਸਾਜ਼ੋ-ਸਾਮਾਨ ਪਹਿਲਾਂ ਹੀ ਸਵਦੇਸ਼ੀ ਹੋ ਚੁੱਕੇ ਹਨ। ਰੱਖਿਆ ਮੰਤਰਾਲਾ ਰੱਖਿਆ ਉਤਪਾਦਨ ’ਚ ਆਤਮ-ਨਿਰਭਰਤਾ ਹਾਸਲ ਕਰਨ ਅਤੇ ਦਰਾਮਦ ’ਤੇ ਨਿਰਭਰਤਾ ਘਟਾਉਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਲਗਾਤਾਰ ਅਜਿਹੇ ਕਦਮ ਚੁੱਕ ਰਿਹਾ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ 351 ਦਰਾਮਦ ਵਸਤਾਂ ਦਾ ਸਵਦੇਸ਼ੀਕਰਨ ਕੀਤਾ ਜਾਵੇਗਾ।
ਪੀਟੀਆਈ ਮੁਤਾਬਕ ਨਵੀਂ ਸੂਚੀ ਦਾ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਸੂਚੀ ’ਚ ਜ਼ਿਕਰ ਕੀਤੀਆਂ ਵਸਤਾਂ ਨੂੰ ਭਾਰਤੀ ਉਦਯੋਗਾਂ ਤੋਂ ਸਿਰਫ਼ ਨਿਰਧਾਰਤ ਸਮਾਂ-ਸੀਮਾ ਅਨੁਸਾਰ ਹੀ ਖਰੀਦਿਆ ਜਾਵੇਗਾ। ਨੋਟੀਫਿਕੇਸ਼ਨ ਮੁਤਾਬਕ 172 ਕੰਪੋਨੈਂਟਸ ਦੇ ਪਹਿਲੇ ਸੈੱਟ ਦੀ ਦਰਾਮਦ ’ਤੇ ਪਾਬੰਦੀ ਅਗਲੇ ਸਾਲ ਦਸੰਬਰ ਤਕ ਲਾਗੂ ਹੋ ਜਾਵੇਗੀ ਜਦਕਿ 89 ਕੰਪੋਨੈਂਟਸ ਦੇ ਦੂਜੇ ਬੈਚ ਦੀ ਦਰਾਮਦ ’ਤੇ ਪਾਬੰਦੀ ਦਸੰਬਰ 2023 ਤਕ ਲਾਗੂ ਰਹੇਗੀ। ਇੰਨਾ ਹੀ ਨਹੀਂ, 90 ਵਸਤਾਂ ਦੇ ਇਕ ਹੋਰ ਸੈੱਟ ਦੀ ਦਰਾਮਦ ’ਤੇ ਪਾਬੰਦੀਆਂ ਦਸੰਬਰ 2024 ਤਕ ਲਾਗੂ ਰਹਿਣਗੀਆਂ।

Comment here