ਸਿਆਸਤਖਬਰਾਂ

ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਨੂੰ ਲੱਖਾਂ ਦਾ ਨੁਕਸਾਨ

ਜਲੰਧਰ : ਬੀਤੇ ਸ਼ਨਿੱਚਰਵਾਰ ਨੂੰ ਕਿਸਾਨਾਂ ਦੁਆਰਾ ਰੇਲ ਰੋਕੋ ਅੰਦੋਲਨ ਚਲਾਇਆ ਗਿਆ ਸੀ, ਜਿਸ ਦੇ ਕਾਰਨ ਰੇਲਵੇ ਨੂੰ ਇਕ ਦਿਨ ਦਾ 50 ਤੋਂ 60 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਅਤੇ ਐਤਵਾਰ ਨੂੰ ਰੇਲ ਗੱਡੀਆਂ ਦੀ ਰੋਜ਼ਾਨਾ ਦੀ ਤਰ੍ਹਾਂ ਬਹਾਲੀ ਹੋ ਗਈ। ਰੇਲਵੇ ਦੇ ਕਮਰਸ਼ੀਲ ਸੂਤਰਾਂ ਦੀ ਜਾਣਕਾਰੀ ਅਨੁਸਾਰ ਪ੍ਰਤੀ ਪਸੰਜਰ ਗੱਡੀ ਦੇ ਰੱਦ ਹੋਣ ਨਾਲ ਲਗਪਗ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ ਅਤੇ ਸ਼ਨਿਚਰਵਾਰ ਨੂੰ ਫਿਰੋਜ਼ਪੁਰ ਰੇਲਵੇ ਮੰਡਲ ਵਲੋਂ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਅੱਧੀ ਦਰਜਨ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਸਨ। ਜਿਸ ਕਾਰਨ ਰੇਲਵੇ ਨੂੰ ਲਗਪਗ 50 ਤੋਂ 60 ਲੱਖ ਰੁਪਏ ਦੇ ਨੁਕਸਾਨ ਦੇ ਨਾਲ-ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਸ ਦੇ ਨਾਲ ਹੀ ਕੁਝ ਯਾਤਰੀ ਗੱਡੀਆਂ ਨੂੰ ਫਗਵਾੜਾ ਅਤੇ ਜਲੰਧਰ ‘ਚ ਰੱਦ ਕੀਤੇ ਜਾਣ ਕਾਰਨ ਅੰਮਿ੍ਤਸਰ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਝਲਣੀ ਪਈ। ਆਮ ਤੌਰ ‘ਤੇ ਜਦੋਂ ਵੀ ਰੇਲਵੇ ਗੱਡੀਆਂ ਰਸਤੇ ਵਿਚ ਹੀ ਰੱਦ ਕਰ ਦਿੰਦਾ ਹੈ ਤਾਂ ਉਸ ਦਾ ਕਮਰਸ਼ੀਅਲ ਵਿੰਗ ਯਾਤਰੀਆਂ ਨੂੰ ਆਪਣੇ ਨਿਰਧਾਰਤ ਸਟੇਸ਼ਨ ‘ਤੇ ਜਾਣ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕਰਕੇ ਦਿੰਦਾ ਹੈ, ਪਰ ਫਿਰੋਜ਼ਪੁਰ ਰੇਲਵੇ ਮੰਡਲ ਨੇ ਅਜਿਹਾ ਨਾ ਕਰਕੇ ਯਾਤਰੀਆਂ ਦੀ ਪਰੇਸ਼ਾਨੀ ‘ਚ ਵਾਧਾ ਕੀਤਾ। ਇਸ ਦੌਰਾਨ ਜਲੰਧਰ ਦੇ ਸਟੇਸ਼ਨ ਸੁਪਰਡੈਂਟ ਐੱਸਐੱਸ ਬਹਿਲ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਰੱਦ ਹੋਈਆਂ ਸਾਰੀਆਂ ਗੱਡੀਆਂ ਬਹਾਲ ਕਰ ਦਿੱਤੀਆਂ ਗਈਆਂ।

Comment here