ਸਿਆਸਤਖਬਰਾਂ

ਰੇਲਵੇ ਨੂੰ ਯਾਤਰੀ ਟਰੇਨਾਂ ਦੀ ਆਮਦਨ ਤੋਂ ਹੋਇਆ 70 ਫੀਸਦੀ ਘਾਟਾ

ਨਵੀਂ ਦਿੱਲੀ-ਵਿੱਤੀ ਸਾਲ 2020-21 ’ਚ ਯਾਤਰੀ ਗੱਡੀਆਂ ਦੀ ਆਮਦਨ ’ਚ 70 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਪਿਛਲੇ ਵਿੱਤੀ ਸਾਲ ਦੌਰਾਨ, ਪਹਿਲੀ ਤਾਲਾਬੰਦੀ ਕਾਰਨ ਰੇਲਵੇ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੰਸ਼ਕ ਤਾਲਾਬੰਦੀ ਜਾਰੀ ਰਹੀ। ਭਾਰਤੀ ਰੇਲਵੇ ਨੇ ਤਾਲਾਬੰਦੀ ਦੌਰਾਨ ਨਿਯਮਤ ਰੇਲ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ’ਚ ਇਕ ਸਵਾਲ ਦੇ ਜਵਾਬ ’ਚ ਦਿੱਤੀ ਜਾਣਕਾਰੀ ਮੁਤਾਬਕ ਵਿੱਤੀ ਸਾਲ 2020-21 ’ਚ ਰੇਲਵੇ ਦਾ ਯਾਤਰੀ ਮਾਲੀਆ ਘਟ ਕੇ  15,248.59 ਕਰੋੜ ਰੁਪਏ ਰਹਿ ਗਿਆ, ਜਦੋਂ ਕਿ ਪਿਛਲੇ ਵਿੱਤੀ ਸਾਲ ’ਚ ਇਹ 50,669.09 ਕਰੋੜ ਰੁਪਏ ਸੀ।
ਹਾਲਾਂਕਿ, ਮਾਲ ਭਾੜੇ ਦੇ ਮਾਲੀਏ ਵਿੱਚ ਵਾਧੇ ਕਾਰਨ ਕੁਝ ਹੱਦ ਤੱਕ ਨੁਕਸਾਨ ਦੀ ਭਰਪਾਈ ਹੋਈ ਹੈ, ਜੋ ਵਿੱਤੀ ਸਾਲ 2019-20 ਵਿੱਚ 1,13,487.89 ਕਰੋੜ ਰੁਪਏ ਤੋਂ ਵਧ ਕੇ ਵਿੱਤੀ ਸਾਲ 2020-21 ਵਿੱਚ 1,17,231.82 ਕਰੋੜ ਰੁਪਏ ਹੋ ਗਿਆ।
ਮਾਲ ਗੱਡੀਆਂ ਦੀ ਵੱਧ ਕਮਾਈ ਦੇ ਬਾਵਜੂਦ ਰੇਲਵੇ ਦੀ ਕੁੱਲ ਟ੍ਰੈਫਿਕ ਮਾਲੀਆ ਵਿੱਤੀ ਸਾਲ 2019-20 ਵਿਚ 1,74,660.52 ਕਰੋੜ ਰੁਪਏ ਦੇ ਪੱਧਰ ਤੋਂ 34,144.86 ਕਰੋੜ ਰੁਪਏ ਤੋਂ ਵੱਧ ਘਟ ਕੇ 1,40,515.66 ਕਰੋੜ ਰੁਪਏ ਰਹਿ ਗਿਆ।
ਦੱਸਣਯੋਗ ਹੈ ਕਿ ਰੇਲਵੇ ਨੂੰ ਮਾਲ ਅਤੇ ਯਾਤਰੀ ਕਿਰਾਏ ਸਮੇਤ ਹੋਰ ਸਾਰੀਆਂ ਚੀਜ਼ਾਂ ਤੋਂ ਆਮਦਨ ਹੁੰਦੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਆਮਦਨ ਮਾਲ ਢੋਆ-ਢੁਆਈ ਤੋਂ ਆਉਂਦੀ ਹੈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਆਪਣੀ ਯਾਤਰੀ ਰੇਲ ਗੱਡੀਆਂ ਰਾਹੀਂ ਵੀ ਕਮਾਈ ਕਰਦਾ ਹੈ।

Comment here