ਅਪਰਾਧਸਿਆਸਤਖਬਰਾਂ

ਰੇਪਿਸਟਾਂ ਦਾ ਐਨਕਾਊਂਟਰ ਫਰਜ਼ੀ ਸੀ, ਪੁਲਸ ਟੀਮ ‘ਤੇ ਕਾਰਵਾਈ ਦੀ ਸਿਫਾਰਿਸ਼

ਨਵੀਂ ਦਿੱਲੀ– 2019 ਵਿਚ ਹੈਦਰਾਬਾਦ ਵਿਖੇ ਸਮੂਹਿਕ ਜਬਰ-ਜ਼ਿਨਾਹ ਦੇ ਚਾਰ ਮੁਲਜ਼ਮਾਂ ਦੇ ਐਨਕਾਊਂਟਰ ਨੂੰ ਸੁਪਰੀਮ ਕੋਰਟ ਵੱਲੋਂ ਨਿਯੁਕਤ ਪੈਨਲ ਨੇ ਫਰਜ਼ੀ ਕਰਾਰ ਦਿੱਤਾ ਹੈ। ਇਸ ਪੈਨਲ ਨੇ ਸਿਫ਼ਾਰਿਸ਼ ਕੀਤੀ ਹੈ ਕਿ ਮੁਕਾਬਲੇ ‘ਚ ਸ਼ਾਮਲ 10 ਪੁਲਸ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਚਲਾਇਆ ਜਾਵੇ। ਇਸ ਪੈਨਲ ਨੇ ਇਹ ਵੀ ਕਿਹਾ ਹੈ ਕਿ ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਹ ਭਰੋਸੇਮੰਦ ਨਹੀਂ ਅਤੇ ਸਬੂਤ ਇਸ ਦਾ ਸਮਰਥਨ ਨਹੀਂ ਕਰ ਰਹੇ। ਰਿਪੋਰਟ ਮੁਤਾਬਕ ਇਸ ਪੈਨਲ ਨੇ ਕਿਹਾ ਕਿ ਸਾਡੀ ਰਾਏ ਵਿਚ ਮੁਲਜ਼ਮਾਂ ਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਬਣਾਉਣ ਦੇ ਇਰਾਦੇ ਨਾਲ ਹੀ ਗੋਲੀ ਮਾਰੀ ਗਈ ਸੀ। ਹੈਦਰਾਬਾਦ ਵਿਚ ਹੋਏ ਕਥਿਤ ਮੁਕਾਬਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਇਸ ਸਾਲ ਜਨਵਰੀ ਵਿਚ ਜਸਟਿਸ ਸਿਰਪੁਰਕਰ ਦੀ ਅਗਵਾਈ ਵਾਲੇ ਪੈਨਲ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਸੀਲਬੰਦ ਲਿਫ਼ਾਫ਼ੇ ’ਚ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਸੀ।

ਯਾਦ ਕਰਵਾ ਦੇਈਏ ਕਿ 2019 ਵਿਚ 27 ਸਾਲ ਦੀ ਇਕ ਡਾਕਟਰ ਨੂੰ ਟੋਂਦੁਪੱਲੀ ਸ਼ਮਸ਼ਾਬਾਦ ਵਿਚ ਇਕ ਟੋਲ ਪਲਾਜ਼ਾ ਨੇੜੇ ਅਗਵਾ ਕਰ ਲਿਆ ਗਿਆ ਸੀ। ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਲਾਸ਼ ਹੈਦਰਾਬਾਦ ਦੇ ਬਾਹਰਵਾਰ ਸ਼ਾਦਨਗਰ ਨੇੜੇ ਚਤਨਪੱਲੀ ਵਿੱਚ ਸੁੱਟ ਕੇ ਸਾੜ ਦਿੱਤੀ ਗਈ ਸੀ। ਮੁਹੰਮਦ ਆਰਿਫ, ਚਿੰਤਾਕੁੰਟਾ ਚੇਨਨਾਕੇਸ਼ਾਵੁਲੂ, ਜੋਲੂ ਸਿਵਾ ਅਤੇ ਜੋਲੂ ਨਵੀਨ ਨੂੰ ਨਵੰਬਰ 2019 ਵਿਚ ਸਮੂਹਿਕ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ 6 ਦਸੰਬਰ 2019 ਨੂੰ ਇਕ ਮੁਕਾਬਲੇ ਦੌਰਾਨ ਮਾਰੇ ਗਏ ਸਨ ਕਿਉਂਕਿ ਉਨ੍ਹਾਂ ਹਿਰਾਸਤ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਇਨ੍ਹਾਂ ਮੁਲਜ਼ਮਾਂ ਬਾਰੇ ਸਬੂਤ ਇਕੱਠੇ ਕਰਨ ਲਈ ਮੌਕੇ ’ਤੇ ਪੁੱਜੀ ਸੀ। ਇਸ ਤੋਂ ਪਹਿਲਾਂ ਜੁਲਾਈ 2020 ਵਿਚ ਪੈਨਲ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਈ ਗਈ ਤਾਲਾਬੰਦੀ ਕਾਰਨ ਜਾਂਚ ਪੂਰੀ ਨਹੀਂ ਕਰ ਸਕਿਆ ਸੀ । ਪੈਨਲ ਨੇ ਕਿਹਾ ਕਿ ਇਸ ਦੇ ਮੈਂਬਰ ਆਪਣੀ ਜਾਂਚ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਮੌਕੇ ’ਤੇ ਨਿਰੀਖਣ ਅਤੇ ਖੁੱਲ੍ਹੀ ਸੁਣਵਾਈ ਕਰਨ ਤੋਂ ਅਸਮਰੱਥ ਸਨ।

ਇਸ ਮਾਮਲੇ ਦਾ ਇੱਕ ਸੱਚ ਇਹ ਵੀ ਹੈ ਕਿ ਜਿਸ ਦਿਨ ਇਹ ਐਨਕਾਊਂਟਰ ਹੋਇਆ ਸੀ ਤਾਂ ਆਮ ਲੋਕਾਂ ਨੇ ਪੁਲਸ ਟੀਮ ਨੂੰ ਸਾਬਾਸ਼ੇ ਦਿੱਤੀ ਸੀ ਤੇ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਸੀ।

Comment here