ਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਰੂਸ ਦੇ ਨਾਲ ਡਟਿਆ ਰਹੇਗਾ ਭਾਰਤ?

ਅੱਜ ਰੂਸ-ਯੂਕ੍ਰੇਨ ਜੰਗ ਕਾਰਨ ਰੂਸ ਤਿੱਖੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਪੂਰੀ ਦੁਨੀਆ ’ਚ ਰੂਸ ਨੂੰ ਅਲੱਗ-ਥਲੱਗ ਕਰਨ ਦੀ ਮੁਹਿੰਮ ਚੱਲ ਰਹੀ ਹੈ, ਨਾਲ ਹੀ ਰੂਸ ’ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹਨ। ਰੂਸ ’ਚ ਕੰਮ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਵੀ ਉੱਥੋਂ ਆਪਣਾ ਕੰਮ ਸਮੇਟ ਰਹੀਆਂ ਹਨ, ਇਸ ਨਾਲ ਰੂਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਜਿਹੇ ਮਾਹੌਲ ’ਚ ਭਾਰਤ ਜੋ ਰੂਸ ਦਾ ਪੁਰਾਣਾ ਦੋਸਤ ਹੈ, ਨੇ ਰੂਸ ਦਾ ਸਾਥ ਦਿੱਤਾ, ਪਿਛਲੇ ਇਕ ਮਹੀਨੇ ਤੋਂ ਭਾਰਤ ਅਮਰੀਕਾ ਦੀਆਂ ਚਿਤਾਵਨੀਆਂ ਦੇ ਬਾਵਜੂਦ ਰੂਸ ਕੋਲੋਂ ਤੇਲ ਖਰੀਦ ਰਿਹਾ ਹੈ। ਨਾਲ ਹੀ ਸੰਯੁਕਤ ਰਾਸ਼ਟਰ ਸਮੇਤ ਕਈ ਕੌਮਾਂਤਰੀ ਮੰਚਾਂ ’ਤੇ ਜਦੋਂ ਵੀ ਰੂਸ ਦੇ ਵਿਰੁੱਧ ਕੋਈ ਮਾਮਲਾ ਚਲਾਇਆ ਜਾਂਦਾ ਹੈ ਤਾਂ ਭਾਰਤ ਉਸ ਤੋਂ ਦੂਰੀ ਬਣਾ ਲੈਂਦਾ ਹੈ। ਉਸ ਪ੍ਰਕਿਰਿਆ ’ਚ ਭਾਰਤ ਹਿੱਸਾ ਨਹੀਂ ਲੈਂਦਾ। ਸੰਯੁਕਤ ਰਾਸ਼ਟਰ ’ਚ ਵੀ ਰੂਸ ਦੇ ਵਿਰੁੱਧ ਹੋਈ ਵੋਟਿੰਗ ’ਚ ਭਾਰਤ ਨੇ ਹਿੱਸਾ ਨਹੀਂ ਲਿਆ।

ਦੇਸ਼ ’ਚ ਅਤੇ ਕੌਮਾਂਤਰੀ ਪੱਧਰ ’ਤੇ ਅਜਿਹਾ ਦ੍ਰਿਸ਼ ਹੈ ਕਿ ਰੂਸ ਅਤੇ ਭਾਰਤ ਦੋਵੇਂ ਦੋਸਤੀ ਦੇ ਨਾਤੇ ਇਕ-ਦੂਜੇ ਦੀ ਮਦਦ ਕਰਦੇ ਹਨ ਭਾਵ ਜਦੋਂ ਭਾਰਤ ਨੂੰ ਲੋੜ ਪੈਂਦੀ ਹੈ ਤਾਂ ਰੂਸ ਭਾਰਤ ਦੀ ਮਦਦ ਕਰਦਾ ਹੈ ਅਤੇ ਇਸ ਸਮੇਂ ਰੂਸ ਨੂੰ ਮਦਦ ਦੀ ਲੋੜ ਹੈ ਤਾਂ ਭਾਰਤ ਰੂਸ ਦੀ ਮਦਦ ਕਰ ਰਿਹਾ ਹੈ। ਜਦਕਿ ਗੱਲ ਅਜਿਹੀ ਨਹੀਂ ਹੈ, ਕੌਮਾਂਤਰੀ ਪੱਧਰ ’ਤੇ ਕੋਈ ਵੀ ਦੇਸ਼ ਦੂਸਰੇ ਦੇਸ਼ ਦਾ ਨਾ ਤਾਂ ਦੋਸਤ ਹੁੰਦਾ ਹੈ ਨਾ ਹੀ ਦੁਸ਼ਮਣ, ਦਰਅਸਲ ਹਰ ਇਕ ਦੇਸ਼ ਆਪਣੀਆਂ ਲੋੜਾਂ ਅਤੇ ਜ਼ਿੰਮੇਵਾਰੀਆਂ ਨਾਲ ਬੱਝਾ ਹੁੰਦਾ ਹੈ ਅਤੇ ਸਾਰੇ ਦੇਸ਼ ਇਸੇ ਦੇ ਤਹਿਤ ਕੌਮਾਂਤਰੀ ਪੱਧਰ ’ਤੇ ਕੰਮ ਕਰਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਅਜਿਹੇ ਸਮੇਂ ’ਚ ਭਾਰਤ ਰੂਸ ਦੀ ਅੱਗੇ ਵਧ ਕੇ ਮਦਦ ਕਿਉਂ ਕਰ ਰਿਹਾ ਹੈ। ਦਰਅਸਲ ਇਸ ਸਮੇਂ ਰੂਸ ਦਾ ਸਾਥ ਕੁਝ ਹੱਦ ਤੱਕ ਚੀਨ ਵੀ ਦੇ ਰਿਹਾ ਹੈ। ਹਾਲਾਂਕਿ ਚੀਨ ਨੇ ਰੂਸ ਨੂੰ ਲੋੜ ਦੇ ਸਮੇਂ ਮੈਡੀਕਲ ਯੰਤਰ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਅਮਰੀਕਾ ’ਚ ਚੀਨੀ ਰਾਜਦੂਤ ਨੇ ਇਸ ’ਤੇ ਰੌਲਾ ਪਾ ਕੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਰੂਸ ਨੇ ਸਾਡੇ ਕੋਲੋਂ ਮਦਦ ਮੰਗੀ ਸੀ ਪਰ ਅਸੀਂ ਉਸ ਦੀ ਮਦਦ ਨਹੀਂ ਕੀਤੀ। ਰੂਸ ਦੀ ਇਸ ਸਮੇਂ ਦੋ ਦੇਸ਼ ਮਦਦ ਕਰ ਰਹੇ ਹਨ ਅਤੇ ਇਹ ਹਨ ਭਾਰਤ ਅਤੇ ਚੀਨ, ਜੇਕਰ ਇਸ ਸਮੇਂ ਭਾਰਤ ਰੂਸ ਦੀ ਮਦਦ ਨਹੀਂ ਕਰਦਾ ਅਤੇ ਉਸ ਦੀ ਵਿਰੋਧਤਾ ਹਰ ਕੌਮਾਂਤਰੀ ਮੰਚ ’ਤੇ ਕਰਦਾ ਹੈ ਤਾਂ ਰੂਸ ਪੂਰੀ ਤਰ੍ਹਾਂ ਨਾਲ ਚੀਨ ਦੇ ਉਪਰ ਨਿਰਭਰ ਹੋ ਜਾਵੇਗਾ, ਜਿਸ ’ਚ ਮੈਡੀਕਲ ਯੰਤਰ, ਦਵਾਈਆਂ, ਇਲੈਕਟ੍ਰਿਕ ਉਤਪਾਦ ਅਤੇ ਦੂਸਰੇ ਇਲੈਕਟ੍ਰੀਕਲ ਯੰਤਰ ਆਉਂਦੇ ਹਨ। ਅਜਿਹੇ ’ਚ ਚੀਨ ਮੌਕੇ ਦਾ ਲਾਭ ਉਠਾਉਂਦੇ ਹੋਏ ਰੂਸ ਨੂੰ ਆਪਣੀ ਕਠਪੁਤਲੀ ਬਣਾ ਸਕਦਾ ਹੈ ਅਤੇ ਇਹ ਭਾਰਤ ਵਿਰੁੱਧ ਜਾਵੇਗਾ। ਅੱਜ ਦੇ ਸਮੇਂ ’ਚ ਰੂਸ ਬੇਸ਼ੱਕ ਹੀ ਆਰਥਿਕ ਸ਼ਕਤੀ ਨਹੀਂ ਹੈ ਪਰ ਰੂਸ ਇਕ ਬੜੀ ਵੱਡੀ ਫੌਜੀ ਸ਼ਕਤੀ ਹੈ। ਜੇਕਰ ਇਕ ਫੌਜੀ ਸ਼ਕਤੀ ਸੰਪੰਨ ਦੇਸ਼ ਭਾਰਤ ਦੇ ਦੁਸ਼ਮਣ ਚੀਨ ਦੇ ਪਾਲੇ ’ਚ ਚਲਾ ਗਿਆ ਤਾਂ ਭਾਰਤ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਭਾਰਤ ਅਜਿਹਾ ਨਹੀਂ ਚਾਹੇਗਾ, ਇਸ ਲਈ ਭਵਿੱਖ ਦੇ ਕਿਸੇ ਵੀ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਭਾਰਤ ਰੂਸ ਦੀ ਮਦਦ ਕਰ ਰਿਹਾ ਹੈ।

ਜੇਕਰ ਗੱਲ ਕਰੀਏ ਆਰਥਿਕ ਸਬੰਧਾਂ ਦੀ ਤਾਂ ਰੂਸ ਅਤੇ ਚੀਨ ਦਰਮਿਆਨ 100 ਅਰਬ ਡਾਲਰ ਦਾ ਵਪਾਰ ਹਰ ਸਾਲ ਹੁੰਦਾ ਹੈ, ਰੂਸ ਚੀਨ ’ਤੇ ਹਰ ਵਸਤੂ ਨੂੰ ਲੈ ਕੇ ਨਿਰਭਰ ਰਹਿੰਦਾ ਹੈ ਅਤੇ ਅਜਿਹੇ ’ਚ ਨੇੜ ਭਵਿੱਖ ’ਚ ਰੂਸ ਚੀਨ ’ਤੇ ਨਿਰਭਰ ਹੋ ਸਕਦਾ ਹੈ। ਓਧਰ ਭਾਰਤ-ਰੂਸ ਆਰਥਿਕ ਸਬੰਧਾਂ ਦੀ ਗੱਲ ਕਰੀਏ ਤਾਂ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਸਿਰਫ 10 ਅਰਬ ਡਾਲਰ ਦਾ ਹੁੰਦਾ ਹੈ, ਭਾਰਤ ਨੂੰ ਰੂਸੀ ਹਥਿਆਰ ਚਾਹੀਦੇ ਹਨ ਅਤੇ ਆਪਣੀ ਲੋੜ ਲਈ ਭਾਰਤ ਇਨ੍ਹਾਂ ਹਥਿਆਰਾਂ ਨੂੰ ਰੂਸ ਕੋਲੋਂ ਸਮੇਂ-ਸਮੇਂ ’ਤੇ ਖਰੀਦਦਾ ਰਹਿੰਦਾ ਹੈ ਪਰ ਇਸ ਤੋਂ ਅੱਗੇ ਭਾਰਤ ਅਤੇ ਰੂਸ ਦੇ ਆਰਥਿਕ ਸਬੰਧ ਨਹੀਂ ਗਏ। ਪਰ ਜਦੋਂ ਤੋਂ ਰੂਸ ਅਤੇ ਯੂਕ੍ਰੇਨ ਦੀ ਜੰਗ ਸ਼ੁਰੂ ਹੋਈ ਹੈ ਉਦੋਂ ਤੋਂ ਸਾਰੀਆਂ ਵਿਦੇਸ਼ੀ ਕੰਪਨੀਆਂ ਰੂਸ ’ਚ ਆਪਣਾ ਕੰਮ ਬੰਦ ਕਰ ਕੇ ਉੱਥੋਂ ਬਾਹਰ ਜਾ ਰਹੀਆਂ ਹਨ, ਇਨ੍ਹਾਂ ’ਚ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਵੀ ਸ਼ਾਮਲ ਹੈ, ਅਜਿਹੇ ’ਚ ਰੂਸ ’ਚ ਗਾਹਕ ਤਾਂ ਹਨ ਪਰ ਉਨ੍ਹਾਂ ਨੂੰ ਸਾਮਾਨ ਵੇਚਣ ਵਾਲਾ ਕੋਈ ਨਹੀਂ ਹੈ ਅਤੇ ਰੂਸ ’ਚ ਇਕ ਖਲਾਅ ਪੈਦਾ ਹੋ ਰਿਹਾ ਹੈ, ਰੂਸ ਦੀ ਇਸ ਸਥਿਤੀ ਨੂੰ ਦੇਖ ਭਾਰਤ ਰੂਸ ਨਾਲ ਇਸ ਵਿਸ਼ੇ ’ਤੇ ਗੱਲ ਕਰ ਕੇ ਭਾਰਤੀ ਕੰਪਨੀਆਂ ਨੂੰ ਰੂਸ ’ਚ ਐਂਟਰੀ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਵਿਦੇਸ਼ੀ ਕੰਪਨੀਆਂ ਦੇ ਰੂਸ ਤੋਂ ਬਾਹਰ ਜਾਣ ਦੇ ਬਾਅਦ ਜੋ ਖਲਾਅ ਪੈਦਾ ਹੋ ਰਿਹਾ ਹੈ ਉਸ ਨੂੰ ਭਰਿਆ ਜਾ ਸਕੇ। ਇਸ ਨਾਲ ਭਾਰਤ ਰੂਸ ’ਚ ਆਪਣੀ ਉਹ ਥਾਂ ਬਣਾ ਸਕੇਗਾ ਜੋ ਚੀਨ ਦੀ ਹੈ, ਚੀਨ ਆਪਣੇ ਦੇਸ਼ ’ਚ ਨਿਰਮਾਣ ਕਰ ਕੇ ਰੂਸ ’ਚ ਸਾਮਾਨ ਵੇਚਦਾ ਹੈ ਪਰ ਭਾਰਤੀ ਕੰਪਨੀਆਂ ਰੂਸ ’ਚ ਆਪਣੇ ਅਦਾਰਿਆਂ ਨੂੰ ਖੋਲ੍ਹ ਕੇ ਸਥਾਨਕ ਪੱਧਰ ’ਤੇ ਸਾਮਾਨ ਬਣਾ ਕੇ ਵੇਚਣਗੀਆਂ ਜਿਸ ਨਾਲ ਮਾਲ ਦੀ ਢੋਆਈ ਅਤੇ ਸਰਹੱਦ ’ਤੇ ਲੱਗਣ ਵਾਲੇ ਟੈਕਸ ਤੋਂ ਬਚਿਆ ਜਾ ਸਕੇ। ਇਸ ਦਾ ਅਸਰ ਉਤਪਾਦਾਂ ਦੇ ਭਾਅ ’ਤੇ ਵੀ ਪਵੇਗਾ ਜਿਸ ਨਾਲ ਰੂਸੀ ਲੋਕਾਂ ਨੂੰ ਉਹੀ ਸਾਮਾਨ ਚੀਨ ਦੇ ਮੁਕਾਬਲੇ ਸਸਤੇ ਰੇਟਾਂ ’ਤੇ ਮਿਲੇਗਾ। ਪਰ ਸਾਲ 2022 ’ਚ ਰੂਸ ਅਤੇ ਭਾਰਤ ਦਰਮਿਆਨ ਹੋਣ ਵਾਲੇ 10 ਅਰਬ ਡਾਲਰ ਦੇ ਵਪਾਰ ’ਚ ਥੋੜ੍ਹਾ ਵਾਧਾ ਹੋਵੇਗਾ ਕਿਉਂਕਿ ਭਾਰਤ ਰੂਸ ਨੂੰ 2 ਅਰਬ ਡਾਲਰ ਸਾਮਾਨ ਦੀ ਬਰਾਮਦ ਕਰੇਗਾ, ਭਾਰਤੀ ਕੰਪਨੀਆਂ ਇਸ ਸਾਲ ਰੂਸ ’ਚ ਦਵਾਈਆਂ ਵੇਚਣਗੀਆਂ, ਖੁਰਾਕ ਸਮੱਗਰੀ ਅਤੇ ਕੱਪੜੇ ਵੇਚਣਗੀਆਂ ਜਿਸ ਨਾਲ ਸਿਰਫ ਹਥਿਆਰਾਂ ਦੇ ਵਪਾਰ ਦੀ ਇਕ ਰਵਾਇਤ ਟੁੱਟੇਗੀ ਅਤੇ ਦੂਸਰੇ ਖੇਤਰਾਂ ’ਚ ਵੀ ਭਾਰਤ-ਰੂਸ ਵਪਾਰ ਦੀ ਸ਼ੁਰੂਆਤ ਹੋਵੇਗੀ। ਭਾਰਤ ਦੇ ਕੋਲ ਇੰਨੀ ਸਮਰੱਥਾ, ਹੁਨਰ ਤੇ ਕੱਚਾ ਮਾਲ ਹੈ ਕਿ ਭਾਰਤ ਰੂਸ ਨਾਲ 100 ਅਰਬ ਡਾਲਰ ਤੋਂ ਵੱਧ ਦਾ ਵਪਾਰ ਕਰ ਸਕੇ। ਹਾਲਾਂਕਿ ਇਹ ਇਕ ਮੁੱਢਲਾ ਪੜਾਅ ਹੈ ਪਰ ਜਲਦੀ ਹੀ ਭਾਰਤੀ ਕੰਪਨੀਆਂ ਰੂਸ ’ਚ ਆਪਣਾ ਸਿੱਕਾ ਜਮਾ ਲੈਣਗੀਆਂ। ਇਸ ਦਾ ਵੱਡਾ ਅਤੇ ਸਿੱਧਾ ਨੁਕਸਾਨ ਚੀਨ ਨੂੰ ਹੋਵੇਗਾ ਜਿਸ ਨੇ ਔਖੀ ਘੜੀ ’ਚ ਰੂਸ ਦਾ ਸਾਥ ਨਹੀਂ ਦਿੱਤਾ ਸੀ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਜੇਕਰ ਭਾਰਤ ਰੂਸ ਕੋਲੋਂ ਹਥਿਆਰ ਨਾ ਵੀ ਖਰੀਦੇ ਤਾਂ ਵੀ ਦੋਵਾਂ ਦੇਸ਼ਾਂ ’ਚ ਇੰਨੇ ਵੱਡੇ ਪੱਧਰ ’ਤੇ ਵਪਾਰ ਹੋਵੇਗਾ ਜਿਸ ਨਾਲ ਰੂਸ ਭਾਰਤ ਦੇ ਜ਼ਿਆਦਾ ਨੇੜੇ ਰਹੇਗਾ। ਨਿਰਮਾਣ ਅਤੇ ਕੱਚੇ ਮਾਲ ਦੀ ਘੱਟ ਕੀਮਤ ਕਾਰਨ ਭਾਰਤ ਰੂਸ ਨੂੰ ਚੀਨ ਤੋਂ ਸਸਤਾ ਸਾਮਾਨ ਵੇਚੇਗਾ ਜਿਸ ਨਾਲ ਰੂਸ ਨੂੰ ਭਾਰਤ ਨਾਲ ਵਪਾਰ ਕਰਨ ’ਚ ਵੱਧ ਲਾਭ ਹੋਵੇਗਾ।

Comment here