ਮਾਸਕੋ-ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਭਰ ‘ਚ ਰੂਸੀ ਫ਼ੌਜੀ ਹਵਾਈ ਹਮਲਿਆਂ ਨੇ ਹੈਰਾਨੀਜਨਕ ਹਮਲਾਵਰਤਾ ਦਿਖਾਈ ਹੈ। ਰੂਸ ਨੇ ਉੱਤਰ-ਪੱਛਮੀ ਸੀਰੀਆ ‘ਚ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ‘ਤੇ ਹਮਲਾ ਕੀਤਾ ਹੈ। ਰੂਸੀ ਹਵਾਈ ਹਮਲੇ ‘ਚ 2 ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਖ਼ਬਰਾਂ ਮੁਤਾਬਕ ਰੂਸੀ ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਵਿਦਰੋਹੀਆਂ ਦੇ ਨਿਯੰਤਰਿਤ ਉੱਤਰ-ਪੱਛਮੀ ਇਦਲਿਬ ਸੂਬੇ ਦੇ ਇਕ ਕਸਬੇ ‘ਤੇ ਬੰਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ। ਐਤਵਾਰ ਨੂੰ ਜਿਸਰ ਅਲ-ਸ਼ੁਗੁਰ ਸ਼ਹਿਰ ‘ਤੇ ਹੋਏ ਹਮਲੇ ‘ਚ ਫਲ ਅਤੇ ਸਬਜ਼ੀ ਮੰਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਮਿਜ਼ਾਈਲ ਵਿੱਚ ਇੰਨਾ ਜ਼ਿਆਦਾ ਦਬਾਅ ਸੀ ਕਿ ਨੇੜੇ ਦਾ ਭੀੜ-ਭੜੱਕੇ ਵਾਲਾ ਇਕ ਬਾਜ਼ਾਰ ਵੀ ਪ੍ਰਭਾਵਿਤ ਹੋਇਆ। ਰੂਸ ਨੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ‘ਚ ਈਦ-ਉਲ-ਅਧਾ ਦੇ ਤਿਉਹਾਰ ਤੋਂ ਪਹਿਲਾਂ ਹਵਾਈ ਹਮਲਾ ਕੀਤਾ ਹੈ। ਖੇਤਰ ਵਿੱਚ ਹਵਾਈ ਹਮਲੇ ਦਾ ਇਹ ਦੂਜਾ ਦਿਨ ਹੈ। ਸਿਵਲ ਡਿਫੈਂਸ ਨੇ ਕਿਹਾ ਕਿ ਪਿਛਲੇ 4 ਦਿਨਾਂ ਤੋਂ ਤੋਪਖਾਨੇ ਦੀ ਗੋਲ਼ੀਬਾਰੀ ਵੀ ਦੇਖੀ ਗਈ ਹੈ। ਉੱਤਰ-ਪੱਛਮੀ ਸੀਰੀਆ ਵਿੱਚ ਜਿਸਰ ਅਲ-ਸ਼ੁਗੁਰ ਵਿੱਚ ਐਤਵਾਰ ਦਾ ਹਮਲਾ ਹੁਣ ਤੱਕ ਦਾ ਸਭ ਤੋਂ ਘਾਤਕ ਹੈ।
Comment here