ਕੀਵ-ਜਿਥੇ ਰੂਸ ਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ, ਉਥੇ ਰੂਸ ਨੇ ਹੁਣ ਅਮਰੀਕਾ ਦੇ ਉਪਗ੍ਰਹਿਾਂ ’ਤੇ ਹਮਲਾ ਕਰਨ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਰੂਸ ਨੇ ਕਿਹਾ ਕਿ ਅਮਰੀਕਾ ਨੂੰ ਵੀ ਟਕਰਾਅ ’ਵਿਚ ਖਿੱਚਿਆ ਜਾ ਸਕਦਾ ਹੈ। ਰੂਸ ਨੇ ਕਿਹਾ ਕਿ ਉਹ ਯੂਕਰੇਨ ਦੀ ਹਮਾਇਤ ’ਚ ਫ਼ੌਜੀ ਉਦੇਸ਼ਾਂ ਲਈ ਵਰਤੇ ਜਾਂਦੇ ਅਮਰੀਕੀ ਤੇ ਪੱਛਮੀ ਵਪਾਰਕ ਉਪਗ੍ਰਹਿਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਅਮਰੀਕਾ ’ਤੇ ਵਿਚਾਰਹੀਣ ਤੇ ਪਾਗਲਪਨ ਤਰੀਕੇ ਨਾਲ ਟਕਰਾਅ ਵਿਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਤਰਕ ਦਿੱਤਾ ਕਿ ਅਮਰੀਕਾ ਨੂੰ 1962 ਵਿਚ ਕਿਊਬਾ ਮਿਜ਼ਾਈਲ ਸੰਕਟ ਦੌਰਾਨ ਵਿਖਾਏ ਨਜ਼ਰੀਏ ਤੋਂ ਜ਼ਿਆਦਾ ਜ਼ਿੰਮੇਵਾਰ ਪਹੁੰਚ ਅਪਨਾਉਣੀ ਚਾਹੀਦੀ ਹੈ। ਜਦ ਸ਼ੀਤ ਯੁੱਧ ਦੀਆਂ ਮਹਾਂਸ਼ਕਤੀਆਂ ਪ੍ਰਮਾਣੂ ਟਕਰਾਅ ਦੇ ਕੰਢੇ ਤੋਂ ਪਿੱਛੇ ਹਟ ਗਈਆਂ ਸਨ। ਰੂਸੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮ ਟਕਰਾਅ ਦਾ ਹਿੱਸਾ ਬਣ ਸਕਦਾ ਹੈ। ਜ਼ਖ਼ਾਰੋਵਾ ਨੇ ਕਿਹਾ ਕਿ ਜੰਗ ਦੇ ਮੈਦਾਨ ’ਤੇ ਅਮਰੀਕਾ ਜਿੰਨਾ ਜ਼ਿਆਦਾ ਯੂਕਰੇਨ ਦੇ ਸਮਰਥਨ ਵਿਚ ਆਵੇਗਾ, ਓਨਾ ਹੀ ਦੋ ਸਭ ਤੋਂ ਵੱਡੀਆਂ ਪ੍ਰਮਾਣੂ ਮਹਾਂਸ਼ਕਤੀਆਂ ਵਿਚਕਾਰ ਸਿੱਧੇ ਫ਼ੌਜੀ ਟਕਰਾਅ ਨੂੰ ਭੜਕਾਉਣ ਦਾ ਜੋਖ਼ਮ ਪੈਦਾ ਕਰੇਗਾ, ਜਿਸਦੇ ਵਿਨਾਸ਼ਕਾਰੀ ਨਤੀਜੇ ਹੋਣਗੇ। ਸੰਯੁਕਤ ਰਾਸ਼ਟਰ ਦੀ ਹਥਿਆਰਾਂ ਦੀ ਕੰਟਰੋਲ ਕਮੇਟੀ ਵਿਚ ਰੂਸੀ ਵਫ਼ਦ ਦੇ ਉੱਪ ਮੁਖੀ ਕੋਨਸਤੇਨਤਿਨ ਵੋਰੋਂਤਸੋਵ ਨੇ ਯੂਕਰੇਨ ਵਿਚ ਲੜਾਈ ਦੇ ਦੌਰਾਨ ਸੈਨਿਕ ਉਦੇਸ਼ਾਂ ਲਈ ਅਮਰੀਕਾ ਤੇ ਹੋਰ ਪੱਛਮੀ ਵਪਾਰਕ ਉਪਗ੍ਰਹਿਾਂ ਦੀ ਵਰਤੋਂ ਨੂੰ ਬਹੁਤ ਖ਼ਤਰਨਾਕ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੇ ਵਪਾਰਕ ਉਪਗ੍ਰਹਿ ਰੂਸ ਲਈ ਜਾਇਜ਼ ਨਿਸ਼ਾਨਾ ਬਣ ਸਕਦੇ ਹਨ। ਦੂਸਰੇ ਪਾਸੇ ਅਮਰੀਕਾ ਦੱਖਣੀ ਯੂਕ੍ਰੇਨ ਦੇ ਮੁੱਖ ਖੇਤਰਾਂ ਤੋਂ ਰੂਸੀ ਫ਼ੌਜਾਂ ਨੂੰ ਭਜਾਉਣ ਦੀ ਕੋਸ਼ਿਸ਼ ਦੇ ਤਹਿਤ ਯੂਕ੍ਰੇਨ ਨੂੰ 275 ਮਿਲੀਅਨ ਡਾਲਰ ਦੀ ਵਾਧੂ ਫ਼ੌਜੀ ਅਤੇ ਹੋਰ ਸਹਾਇਤਾ ਭੇਜ ਰਿਹਾ ਹੈ।
ਰੂਸ ਦਾ ਖਦਸ਼ਾ ਯੂਕਰੇਨ ਵਰਤ ਸਕਦਾ ਏ ਡਰਟੀ ਬੰਬ
ਰੂਸ ਸਰਕਾਰ ਦੁਆਰਾ ਜਾਰੀ ਕੀਤੇ ਬਿਆਨ ਅਨੁਸਾਰ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਹੋਈ ਗੱਲਬਾਤ ਵਿਚ ਯੂਕਰੇਨ ਦੁਆਰਾ ‘ਡਰਟੀ ਬੰਬ’ ਦੀ ਸੰਭਾਵੀ ਕਾਰਵਾਈ ਕੀਤੇ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਇਹ ਕੰਮ ਕਰ ਕੇ ਰੂਸ ਨੂੰ ਜ਼ਿੰਮੇਵਾਰ ਠਹਿਰਾਏਗਾ। ਰੂਸ ਅਨੁਸਾਰ ਯੂਕਰੇਨ ਕੋਲ ਅਜਿਹਾ ਕਰਨ ਦੀ ਵਿਗਿਆਨਕ ਸਮਰੱਥਾ ਹੈ।
ਡਰਟੀ ਬੰਬ ਅਜਿਹਾ ਬੰਬ ਹੈ ਜਿਸ ਵਿਚ ਰਵਾਇਤੀ ਵਿਸਫੋਟਕ ਸਮੱਗਰੀ ਦੇ ਨਾਲ ਨਾਲ ਪਰਮਾਣੂ ਹਥਿਆਰਾਂ ਵਿਚ ਵਰਤੇ ਜਾਣ ਵਾਲੇ ਤੱਤ ਸੀਮਤ ਮਾਤਰਾ ਵਿਚ ਰੱਖੇ ਜਾਂਦੇ ਹਨ। ਅਜਿਹਾ ਬੰਬ ਬਣਾਉਣਾ ਆਸਾਨ ਨਹੀਂ ਕਿਉਂਕਿ ਅਜਿਹੇ ਤੱਤਾਂ ’ਚੋਂ ਨਿਕਲਦੀ ਰੇਡੀਏਸ਼ਨ ਤੋਂ ਬਚਣਾ ਬਹੁਤ ਮੁਸ਼ਕਿਲ ਹੁੰਦਾ ਹੈ। ਲੋਕਾਂ ਦੇ ਮਨਾਂ ਵਿਚ ਡਰਟੀ ਬੰਬ ਤੋਂ ਹੋਣ ਵਾਲੇ ਅਸਰਾਂ ਬਾਰੇ ਗੰਭੀਰ ਤੌਖ਼ਲੇ ਹਨ। ਰਵਾਇਤੀ ਵਿਸਫੋਟਕ ਪਦਾਰਥਾਂ ਕਾਰਨ ਬੰਬ ਫਟੇਗਾ ਅਤੇ ਸੀਮਤ ਤਬਾਹੀ ਕਰੇਗਾ ਪਰ ਰੇਡੀਓਐਕਟਿਵ ਤੱਤਾਂ ਦੇ ਕਣ ਨਜ਼ਦੀਕ ਦੇ ਇਲਾਕੇ ਵਿਚ ਫੈਲ ਜਾਣਗੇ। ਇਹ ਕੁਝ ਦੂਰੀ ਤਕ ਰਹਿੰਦੇ ਮਨੁੱਖਾਂ, ਪੌਦਿਆਂ ਅਤੇ ਜੀਵਾਂ ’ਤੇ ਤਬਾਹਕੁਨ ਪ੍ਰਭਾਵ ਪਾਉਣਗੇ; ਜੇ ਹਵਾ ਇਨ੍ਹਾਂ ਕਣਾਂ ਨੂੰ ਉਡਾ ਕੇ ਦੂਰ ਲੈ ਜਾਵੇ ਤਾਂ ਦੂਰ ਦੇ ਇਲਾਕਿਆਂ ਵਿਚ ਵੀ ਅਜਿਹਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਤੋਂ ਪ੍ਰਦੂਸ਼ਿਤ ਪਾਣੀ ਵੀ ਮਨੁੱਖਾਂ, ਪੌਦਿਆਂ ਅਤੇ ਜੀਵਾਂ ਨੂੰ ਪ੍ਰਭਾਵਿਤ ਕਰੇਗਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਸਕਦੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਤੇ ਕਈ ਹੋਰ ਤਰੀਕਿਆਂ ਨਾਲ ਪੀੜਤ ਹੋ ਸਕਦੇ ਹਨ।
Comment here