ਸਿਹਤ-ਖਬਰਾਂਖਬਰਾਂਦੁਨੀਆ

ਰੂਸ : ਡੀਐੱਨਏ ਰਿਪੋਰਟ ਰਾਹੀਂ ਪ੍ਰਿਗੋਜ਼ਿਨ ਦੀ ਮੌਤ ਦੀ ਪੁਸ਼ਟੀ

ਮਾਸਕੋ-ਬੀਤੇ ਦਿਨੀਂ ਰੂਸ ਦੇ ਬਾਹਰੀ ਇਲਾਕੇ ਵਿੱਚ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ।ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਰੂਸ ਦੀ ਜਾਂਚ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਿਗੋਜ਼ਿਨ ਦੀ ਮੌਤ ਇਕ ਜਹਾਜ਼ ਹਾਦਸੇ ਵਿੱਚ ਹੋਈ ਹੈ। ਪ੍ਰਿਗੋਜ਼ਿਨ ਦੀ ਡੀਐੱਨਏ ਰਿਪੋਰਟ ਰਾਹੀਂ ਉਸ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਹੋਈ ਹੈ। ਇਸ ਹਾਦਸੇ ‘ਚ ਪ੍ਰਿਗੋਜ਼ਿਨ ਸਮੇਤ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ। ਹਾਲਾਂਕਿ, ਉਸ ਸਮੇਂ ਪ੍ਰਿਗੋਜ਼ਿਨ ਦੀ ਮੌਤ ਬਾਰੇ ਅਧਿਕਾਰਤ ਤੌਰ ‘ਤੇ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਰੂਸ ਦੀ ਜਾਂਚ ਕਮੇਟੀ ਦੁਆਰਾ ਜੈਨੇਟਿਕ ਵਿਸ਼ਲੇਸ਼ਣ ਕੀਤਾ ਗਿਆ ਸੀ। ਸਿੱਧੇ ਸ਼ਬਦਾਂ ‘ਚ ਕਹੀਏ ਤਾਂ ਪ੍ਰਿਗੋਜ਼ਿਨ ਦਾ ਡੀਐੱਨਏ ਟੈਸਟ ਹੋਇਆ, ਜਿਸ ਤੋਂ ਬਾਅਦ ਰਿਪੋਰਟ ਦੇ ਆਧਾਰ ‘ਤੇ ਰੂਸ ਵੱਲੋਂ ਵੈਗਨਰ ਚੀਫ਼ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਪ੍ਰਿਗੋਜ਼ਿਨ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਰੂਸ ਵੱਲੋਂ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ 4 ਦਿਨਾਂ ਤੱਕ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਵੈਗਨਰ ਚੀਫ਼ ਦੀ ਮੌਤ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕਰ ਦਿੱਤੀ ਹੈ। ਜਾਂਚ ਕਮੇਟੀ ਦੀ ਬੁਲਾਰਾ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਮਾਸਕੋ ਦੇ ਬਾਹਰਵਾਰ ਜਹਾਜ਼ ਹਾਦਸੇ ਦੀ ਜਾਂਚ ਲਈ ਅਣੂ-ਜੈਨੇਟਿਕ ਜਾਂਚ ਕੀਤੀ ਗਈ ਸੀ। ਇਹ ਜਾਂਚ ਖਤਮ ਹੋ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਬਾਅਦ ਪ੍ਰਾਪਤ ਰਿਪੋਰਟ ਦੇ ਨਤੀਜਿਆਂ ਮੁਤਾਬਕ ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ 10 ਲੋਕਾਂ ਦੀ ਪਛਾਣ ਕਰ ਲਈ ਗਈ ਹੈ।

Comment here