ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰੂਸ ਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਉਣ ਦੀ ਖਬਰ ਝੂਠੀ-ਬਾਗਚੀ

ਨਵੀਂ ਦਿੱਲੀ- ਰੂਸ ਯੁਕਰੇਨ ਸੰਕਟ ਕਾਰਨ ਯੁਕਰੇਨ ਚ ਫਸੇ ਭਾਰਤੀਆਂ ਬਾਰੇ ਤਰਾਂ ਤਰਾਂ ਦੀਆਂ ਅਫਵਾਹਾਂ ਦਾ ਦੌਰ ਚਲ ਰਿਹਾ ਹੈ। ਭਾਰਤ ਸਰਕਾਰ ਨੇ ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਯੂਕਰੇਨੀ ਬਲਾਂ ਨੇ ਖਾਰਕੀਵ ਵਿਚ ਭਾਰਤੀ ਵਿਦਿਆਰਥੀਆਂ ਦੇ ਇਕ ਵੱਡੇ ਸਮੂਹ ਨੂੰ ‘ਬੰਧਕ’ ਬਣਾ ਲਿਆ ਹੈ। ਰੂਸੀ ਫੌਜ ਦੇ ਬੁਲਾਰੇ ਨੇ ਇਕ ਪ੍ਰੈਸ ਬ੍ਰੀਫਿੰਗ ਵਿਚ ਕਿਹਾ, “ਸਾਡੀ ਜਾਣਕਾਰੀ ਅਨੁਸਾਰ ਯੂਕਰੇਨੀ ਅਧਿਕਾਰੀਆਂ ਨੇ ਖਾਰਕੀਵ ਵਿਚ ਭਾਰਤੀ ਵਿਦਿਆਰਥੀਆਂ ਦੇ ਇਕ ਵੱਡੇ ਸਮੂਹ ਨੂੰ ਜ਼ਬਰਦਸਤੀ ਰੋਕ ਰੱਖਿਆ ਹੈ ਜੋ ਯੂਕਰੇਨ ਦੀ ਸਰਹੱਦ ਪਾਰ ਕਰਕੇ ਬੋਲਗੋਰੋਡ ਜਾਣਾ ਚਾਹੁੰਦੇ ਹਨ।” ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਸਰਕਾਰੀ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਯੂਕਰੇਨ ਵਿਚ ਭਾਰਤੀਆਂ ਨੂੰ ਬੰਧਕ ਬਣਾਏ ਜਾਣ ਦੀ ਕੋਈ ਰਿਪੋਰਟ ਨਹੀਂ ਹੈ। ਉਹਨਾਂ ਦੱਸਿਆ ਕਿ ਭਾਰਤੀਆਂ ਨੂੰ ਕੱਢਣ ਲਈ ਯੂਕਰੇਨ ਦੇ ਅਧਿਕਾਰੀਆਂ ਵਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ। ਬਾਗਚੀ ਨੇ ਇਹ ਵੀ ਕਿਹਾ ਕਿ ਵਿਦੇਸ਼ ਮੰਤਰਾਲਾ ਜੰਗੀ ਦੇਸ਼ ‘ਚ ਮੌਜੂਦ ਭਾਰਤੀਆਂ ਨਾਲ ਲਗਾਤਾਰ ਸੰਪਰਕ ‘ਚ ਹੈ। ਉਹਨਾਂ ਕਿਹਾ, “ਕਿਸੇ ਵਿਦਿਆਰਥੀ ਨੂੰ ਬੰਧਕ ਬਣਾਏ ਜਾਣ ਦੀ ਕੋਈ ਸੂਚਨਾ ਨਹੀਂ ਹੈ… ਅਸੀਂ ਯੂਕਰੇਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਖਾਰਕੀਵ ਤੋਂ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਦੇਸ਼ਾਂ ਤੱਕ ਲਿਜਾਣ ਲਈ ਵਿਸ਼ੇਸ਼ ਰੇਲਗੱਡੀਆਂ ਦਾ ਪ੍ਰਬੰਧ ਕਰਨ।” ਇਸ ਤੋਂ ਪਹਿਲਾਂ ਰੂਸੀ ਫੌਜ ਦੇ ਬੁਲਾਰੇ ਨੇ ਕਿਹਾ ਸੀ, ”ਦਰਅਸਲ ਉਹਨਾਂ ਨੂੰ ਬੰਧਕ ਬਣਾਇਆ ਜਾ ਰਿਹਾ ਹੈ… ਰੂਸੀ ਹਥਿਆਰਬੰਦ ਬਲ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ ਅਤੇ ਉਹਨਾਂ ਨੂੰ ਰੂਸੀ ਫੌਜੀ ਜਹਾਜ਼ਾਂ ਜਾਂ ਭਾਰਤੀ ਫੌਜੀ ਜਹਾਜ਼ਾਂ ਰਾਹੀਂ ਜਿਵੇਂ ਭਾਰਤ ਸਹਿਮਤ ਹੁੰਦਾ ਹੈ, ਘਰ ਭੇਜਿਆ ਜਾਵੇਗਾ”। ਰੂਸ ਦੇ ਦਾਅਵੇ ਤੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ ਅਤੇ ਪੂਰਬੀ ਯੂਕਰੇਨ ਦੇ ਸ਼ਹਿਰ ਖਾਰਕੀਵ ਦੀ ਸਥਿਤੀ ਬਾਰੇ ਚਰਚਾ ਕੀਤੀ, ਜਿੱਥੇ 1,000 ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।

Comment here