ਮਾਸਕੋ- ਦੁਨੀਆ ਦੇ ਨੌਂ ਦੇਸ਼ਾਂ – ਚੀਨ, ਫਰਾਂਸ, ਭਾਰਤ, ਇਜ਼ਰਾਈਲ, ਉੱਤਰੀ ਕੋਰੀਆ, ਪਾਕਿਸਤਾਨ, ਰੂਸ, ਅਮਰੀਕਾ ਅਤੇ ਯੂਕੇ ਕੋਲ ਪ੍ਰਮਾਣੂ ਹਥਿਆਰ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਪ੍ਰਮਾਣੂ ਬਲਾਂ ਨੂੰ ‘ਵਿਸ਼ੇਸ਼ ਅਲਰਟ’ ‘ਤੇ ਰੱਖਿਆ ਹੈ। ਉਹਨਾਂ ਦੇ ਇਸ ਕਦਮ ‘ਤੇ ਪੂਰੀ ਦੁਨੀਆ ‘ਚ ਚਿੰਤਾ ਪ੍ਰਗਟਾਈ ਜਾ ਰਹੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੁਤਿਨ ਦਾ ਇਹ ਕਦਮ ਸ਼ਾਇਦ ਕਿਸੇ ਹੋਰ ਦੇਸ਼ ਨੂੰ ਯੂਕਰੇਨ ਦੇ ਨਾਲ ਉਸ ਦੀ ਜੰਗ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਹੈ। ਪ੍ਰਮਾਣੂ ਹਥਿਆਰ ਦੁਨੀਆਂ ਵਿਚ 80 ਸਾਲਾਂ ਤੋਂ ਮੌਜੂਦ ਹਨ। ਬਹੁਤ ਸਾਰੇ ਦੇਸ਼ ਇਹਨਾਂ ਨੂੰ ਇਕ ਹਥਿਆਰ ਵਜੋਂ ਦੇਖਦੇ ਹਨ ਜੋ ਉਹਨਾਂ ਦੀ ਰਾਸ਼ਟਰੀ ਸੁਰੱਖਿਆ ਦੀ ਗਾਰੰਟੀ ਦਿੰਦੇ ਹਨ। ਅੰਕੜਿਆਂ ਮੁਤਾਬਕ ਰੂਸ ਕੋਲ 6255 ਪ੍ਰਮਾਣੂ ਬੰਬ ਹਨ ਜਦਕਿ ਅਮਰੀਕਾ ਕੋਲ 5550 ਪ੍ਰਮਾਣੂ ਬੰਬ ਹਨ। ਯਾਨੀ ਦੁਨੀਆ ਦੇ ਪ੍ਰਮਾਣੂ ਬੰਬਾਂ ਦਾ 90 ਫੀਸਦੀ ਹਿੱਸਾ ਇਹਨਾਂ ਦੋਹਾਂ ਦੇਸ਼ਾਂ ਕੋਲ ਹੈ। ਅਮਰੀਕਾ ਇਹ ਵੀ ਜਾਣਦਾ ਹੈ ਕਿ ਰੂਸ ਕੋਲ ਸਾਡੇ ਨਾਲੋਂ ਜ਼ਿਆਦਾ ਪ੍ਰਮਾਣੂ ਬੰਬ ਹਨ। ਹਾਲਾਂਕਿ ਮੌਜੂਦਾ ਮਾਹੌਲ ਵਿਚ ਦੁਨੀਆ ਦਾ ਕੋਈ ਵੀ ਦੇਸ਼ ਪ੍ਰਮਾਣੂ ਹਮਲੇ ਬਾਰੇ ਸੋਚ ਵੀ ਨਹੀਂ ਸਕਦਾ। ਜੇਕਰ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਰੂਸ ਅਤੇ ਅਮਰੀਕਾ ਤੋਂ ਬਾਅਦ ਚੀਨ ਆਉਂਦਾ ਹੈ। ਚੀਨ ਕੋਲ 350 ਪ੍ਰਮਾਣੂ ਬੰਬ ਹਨ। ਉਸ ਤੋਂ ਬਾਅਦ ਫਰਾਂਸ ਕੋਲ 290 ਅਤੇ ਬਰਤਾਨੀਆ ਕੋਲ 225 ਪ੍ਰਮਾਣੂ ਬੰਬ ਹਨ। ਪਾਕਿਸਤਾਨ ਕੋਲ ਭਾਰਤ ਨਾਲੋਂ ਜ਼ਿਆਦਾ ਪ੍ਰਮਾਣੂ ਬੰਬ ਹਨ। ਪਾਕਿਸਤਾਨ ਕੋਲ ਕੁੱਲ 165 ਪ੍ਰਮਾਣੂ ਬੰਬ ਹਨ ਜਦਕਿ ਭਾਰਤ ਕੋਲ 156 ਪ੍ਰਮਾਣੂ ਬੰਬ ਹਨ। ਇਜ਼ਰਾਈਲ ਕੋਲ 90 ਅਤੇ ਉੱਤਰੀ ਕੋਰੀਆ ਕੋਲ 40 ਤੋਂ 50 ਪ੍ਰਮਾਣੂ ਬੰਬ ਹਨ। ਚੀਨ, ਫਰਾਂਸ, ਰੂਸ, ਅਮਰੀਕਾ ਅਤੇ ਬ੍ਰਿਟੇਨ ਉਹਨਾਂ 191 ਦੇਸ਼ਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਪ੍ਰਮਾਣੂ ਅਪ੍ਰਸਾਰ ਸੰਧੀ ‘ਤੇ ਦਸਤਖਤ ਕੀਤੇ ਹਨ।ਇਸ ਸੰਧੀ ਦੇ ਤਹਿਤ ਉਹਨਾਂ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਘਟਾਉਣਾ ਹੈ ਅਤੇ ਸਿਧਾਂਤਕ ਤੌਰ ‘ਤੇ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। 1970 ਅਤੇ 1980 ਦੇ ਦਹਾਕੇ ਵਿਚ ਇਹਨਾਂ ਦੇਸ਼ਾਂ ਨੇ ਆਪਣੇ ਹਥਿਆਰਾਂ ਦੀ ਗਿਣਤੀ ਵਿਚ ਭਾਰੀ ਕਟੌਤੀ ਕੀਤੀ ਸੀ। ਭਾਰਤ, ਇਜ਼ਰਾਈਲ ਅਤੇ ਪਾਕਿਸਤਾਨ ਨੇ ਕਦੇ ਵੀ ਇਸ ਸੰਧੀ ‘ਤੇ ਦਸਤਖ਼ਤ ਨਹੀਂ ਕੀਤੇ। ਉੱਤਰੀ ਕੋਰੀਆ 2003 ਵਿਚ ਇਸ ਸੰਧੀ ਤੋਂ ਵੱਖ ਹੋ ਗਿਆ ਸੀ। ਯੂਕਰੇਨ ਕੋਲ ਕੋਈ ਪ੍ਰਮਾਣੂ ਹਥਿਆਰ ਨਹੀਂ ਹਨ। ਰੂਸੀ ਰਾਸ਼ਟਰਪਤੀ ਪੁਤਿਨ ਦੇ ਦੋਸ਼ਾਂ ਦੇ ਬਾਵਜੂਦ ਅੱਜ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਯੂਕਰੇਨ ਪ੍ਰਮਾਣੂ ਹਥਿਆਰਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪ੍ਰਮਾਣੂ ਹਥਿਆਰਾਂ ਦਾ ਉਦੇਸ਼ ਵੱਧ ਤੋਂ ਵੱਧ ਤਬਾਹੀ ਹੈ, ਪਰ ਵਿਨਾਸ਼ ਦਾ ਪੱਧਰ ਹੇਠ ਲਿਖੀਆਂ ਗੱਲਾਂ ‘ਤੇ ਨਿਰਭਰ ਕਰਦਾ ਹੈ –
-ਪ੍ਰਮਾਣੂ ਹਥਿਆਰ ਦਾ ਆਕਾਰ
-ਇਹ ਜ਼ਮੀਨ ਤੋਂ ਕਿੰਨਾ ਉੱਚਾ ਫਟਿਆ
-ਸਥਾਨਕ ਵਾਤਾਵਰਣ
ਪਰ ਸਭ ਤੋਂ ਛੋਟਾ ਪ੍ਰਮਾਣੂ ਹਥਿਆਰ ਵੱਡੀ ਗਿਣਤੀ ਵਿਚ ਲੋਕਾਂ ਨੂੰ ਮਾਰ ਸਕਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹੀਰੋਸ਼ੀਮਾ ‘ਤੇ ਅਮਰੀਕਾ ਵਲੋਂ ਸੁੱਟਿਆ ਗਿਆ ਪ੍ਰਮਾਣੂ ਬੰਬ 15 ਕਿਲੋਟਨ ਸੀ। ਕਿਹਾ ਜਾਂਦਾ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਹਮਲਿਆਂ ‘ਚ ਹੀਰੋਸ਼ਿਮਾ ਵਿਚ 80,000 ਅਤੇ ਨਾਗਾਸਾਕੀ ਵਿਚ 70,000 ਤੋਂ ਵੱਧ ਲੋਕ ਮਾਰੇ ਗਏ ਸਨ।
Comment here