ਸਿਆਸਤਖਬਰਾਂ

ਰੂਬੀ ਨੂੰ ਐਤਕੀਂ ਟਿਕਟ ਨਹੀਂ ਸੀ ਮਿਲਣੀ-ਹਰਪਾਲ ਚੀਮਾ

ਬਠਿੰਡਾ- ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਵੱਡਾ ਧਮਾਕਾ ਹੋਇਆ ਹੈ। ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਈ। ਰੂਬੀ ਨੇ ਸੋਸ਼ਲ ਮੀਡੀਆ ‘ਤੇ ਆਪਣਾ ਅਸਤੀਫਾ ਪਾ ਕੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਇਹ ਜਾਣਕਾਰੀ ਦੇ ਕੇ ਆਪਣਾ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰਨ ਲਈ ਕਿਹਾ ਸੀ, ਤੇ ਅਗਲੇ ਹੀ ਦਿਨ ਉਹ ਕਾਂਗਰਸ ਚ ਚਲੀ ਗਈ। ਰੂਬੀ ਭਗਵੰਤ ਮਾਨ ਦੀ ਕਰੀਬੀ ਨੇਤਾ ਸੀ ਅਤੇ ਉਸ ਨੇ ਖੁੱਲ ਕੇ ਪਾਰਟੀ ਲੀਡਰਸ਼ਿਪ ਤੇ ਮਨਮਰਜ਼ੀਆਂ ਕਰਨ ਤੇ ਗਲਤ ਫੈਸਲੇ ਲੈਣ ਦੇ ਦੋਸ਼ ਲਾਉੰਦਿਆਂ ਭਗਵੰਤ ਮਾਨ ਨੂੰ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਜ਼ੋਰਦਾਰ ਮੰਗ ਉਠਾਈ ਸੀ। ਪਰ ਇਸ ਮਗਰੋਂ ਉਹ ਅਚਾਨਕ ਹੀ ਪਾਰਟੀ ਛੱਡ ਕੇ ਕਾਂਗਰਸ ਚ ਚਲੀ ਗਈ। ਇਸ ਸਾਰੇ ਘਟਨਾਕ੍ਰਮ ਤੇ ਟਿਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਵਿਧਾਇਕਾ ਰੂਬੀ ਨੂੰ ‘ਆਪ’ ਤੋਂ ਟਿਕਟ ਮਿਲਣ ਦੇ ਚਾਂਸ ਨਹੀਂ ਸਨ, ਇਸ ਲਈ ਉਹ ਕਾਂਗਰਸ ਜੁਆਇਨ ਕਰ ਗਈ, ਪਰ ਉਹ ਸਾਡੀ ਛੋਟੀ ਭੈਣ ਹੈ, ਜਿੱਥੇ ਵੀ ਜਾਵੇ ਖੁਸ਼ ਰਹੇ ਤੇ ਕਾਂਗਰਸ ਨੂੰ ਬੇਨਤੀ ਹੈ ਕਿ ਰੂਬੀ ਨਾਲ ਧੋਖਾ ਨਾ ਕਰਨ ਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜਰੂਰ ਦੇਣ।

ਇਸ ਮਗਰੋਂ ਰੁਪਿੰਦਰ ਰੂਬੀ ਨੇ ਹਰਪਾਲ ਚੀਮਾ ਨੂੰ ਠੋਕਵਾਂ ਜਵਾਬ ਦਿੱਤਾ , ਕਿਹਾ ਕਿ ਉਹ ਵੀ ਜਾਣਦੇ ਹਨ ਕਿ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਅਤੇ ਇਹ ਸਭ ਉਹ ਚੁੱਪ-ਚਾਪ ਨਹੀਂ ਦੇਖ ਸਕਦੀ।ਉਨ੍ਹਾਂ ਚੀਮਾ ਨੂੰ ਕਿਹਾ ਕਿ ਜਦੋਂ ਤੁਹਾਡਾ ਬੋਲਣ ਦਾ ਸਮਾਂ ਸੀ ਤਾਂ ਤੁਹਾਡੇ ਤੋਂ ਬੋਲਿਆ ਨਹੀਂ ਗਿਆ, ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ, ਨਾ ਭਗਵੰਤ ਸਿੰਘ ਮਾਨ ਲਈ। ਰਹੀ ਟਿਕਟ ਦੀ ਗੱਲ ਤੁਸੀਂ ਮੇਰੇ ਖ਼ਿਲਾਫ਼ ਚੋਣ ਲੜ ਕੇ ਵੇਖ ਲਓ।

Comment here