ਅਪਰਾਧਸਿਆਸਤਖਬਰਾਂ

ਰਿਸ਼ਤਿਆਂ ਚ ਨਿਘਾਰ, ਬੇਵਿਸ਼ਵਾਸੀ ਜਾਨਲੇਵਾ ਬਣ ਰਹੀ ਹੈ…

ਨਵੀਂ ਦਿੱਲੀ-ਭਾਰਤੀ ਸਮਾਜ ਵਿਚ ਰਿਸ਼ਤਿਆਂ ਚ ਆ ਰਹੇ ਨਿਘਾਰ ਬਾਰੇ ਜਾਗਰੂਕਤਾ ਫੈਲਾਉਣਾ ਸਮੇਂ ਦੀ ਮੰਗ ਹੈ। ਸਭਿਆਚਾਰਕ ਕਦਰਾਂ ਕੀਮਤਾਂ ਨਾਲੋਂ ਟੁੱਟੇ ਲੋਕ ਰਿਸ਼ਤਿਆਂ ਦੀ ਕਦਰ ਘਟਾਈ ਕਰ ਰਹੇ ਹਨ। ਦੇਸ਼ ਵਿੱਚ ਕਈ ਅਜਿਹੀਆਂ ਦੁਖਦ ਘਟਨਾਵਾਂ ਵਾਪਰਦੀਆਂ ਹਨ, ਜੋ ਆਪਸੀ ਰਿਸ਼ਤਿਆਂ ਦੀ ਡੋਰ ਬੇਹਦ ਕੱਚੀ ਹੋਣ ਦਾ ਅਹਿਸਾਸ ਕਰਵਾ ਜਾਂਦੀਆਂ ਹਨ। ਆਓ ਕੁਝ ਤਾਜ਼ਾ ਦੁਖਦ ਘਟਨਾਵਾਂ ਸਾਂਝੀਆਂ ਕਰਦੇ ਹਾਂ-

ਸ਼ੱਕ ਦੇ ਚਲਦਿਆਂ ਪਤਨੀ ਦਾ ਕਤਲ

ਹਰਿਆਣਾ ਦੇ ਕੈਥਲ ਜਿਲੇ ਦੇ ਬਰਸਾਨਾ ਪਿੰਡ ਦੀ ਇਕ ਮਹਿਲਾ ਨੂੰ ਉਸ ਦੇ ਪਤੀ ਨੇ ਚਰਿੱਤਰ ਤੇ ਸ਼ੱਕ ਹੋਣ ਦੇ ਚਲਦਿਆਂ ਸਿਰ ਵਿੱਚ ਇੱਟ ਮਰ ਕੇ ਮਾਰ ਦਿੱਤਾ ਤੇ ਲਾਸ਼ ਖੁਰਦ ਬੁਰਦ ਕਰਨ ਲਈ ਆਪਣੇ ਚਾਚੇ ਦੇ ਖੇਤ ਚ ਪਏ ਪਰਾਲੀ ਦੇ ਢੇਰ ਵਿੱਚ ਰੱਖ ਕੇ ਸਾੜ ਦਿੱਤੀ। ਮਹਿਲਾ ਦੀ ਅੱਧ ਸੜੀ ਲਾਸ਼ ਬਰਾਮਦ ਹੋਣ ਤੇ ਪਿੰਡ ਚ ਰੌਲਾ ਪੈ ਗਿਆ ਤਾਂ ਮੁਲਜ਼ਮ ਫਰਾਰ ਹੋ ਗਿਆ, ਪਰਿਵਾਰ ਦੀ ਸ਼ਿਕਾਇਤ ਤੇ ਪੁਲਸ ਨੇ ਕਾਰਵਾਈ ਕਰਦਿਆਂ ਮੁਲਜਮ਼ ਪਤੀ ਨੂੰ ਕੁਰੂਕਸ਼ੇਤਰ ਤੋਂ ਗ੍ਰਿਫਤਾਰ ਕਰ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਪਾਸੇ ਮੁਲਜ਼ਮ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਦੂਜੇ ਪਾਸੇ ਆਪਣੀ ਜਾਇਦਾਦ ਆਪਣੀ ਭਰਜਾਈ ਦੇ ਨਾਮ ਕਰਾਉਣਾ ਚਾਹੁੰਦਾ ਸੀ, ਜਿਸ ਤੇ ਉਸ ਦੀ ਪਤਨੀ ਇਤਰਾਜ਼ ਕਰਦੀ ਸੀ ਤੇ ਘਰ ਵਿੱਚ ਅਕਸਰ ਝਗੜਾ ਹੁੰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਰਿਸ਼ਤੇਦਾਰਾਂ ਕੋਲ ਪਤਨੀ ਦੇ ਆਪਣੇ ਪ੍ਰੇਮੀ ਨਾਲ ਭੱਜ ਜਾਣ ਦਾ ਰੌਲਾ ਪਾਇਆ ਤੇ ਲੱਭਣ ਲਈ ਮਦਦ ਮੰਗੀ। ਪਰ ਲਾਸ਼ ਮਿਲਣ ਤੋਂ ਬਾਅਦ ਸਾਰਾ ਕੁਝ ਸਾਫ ਹੋ ਗਿਆ। ਪੁਲਸ ਹਿਰਾਸਤ ਚ ਉਸ ਨੇ ਗੁਨਾਹ ਕਬੂਲ ਕਰ ਲਿਆ ਹੈ।

ਵਿਆਹ ਬਾਹਰੇ ਸੰਬੰਧ ਚ ਅੜਿੱਕਾ ਬਣੇ ਪਤੀ ਦਾ ਕਤਲ

ਮੱਧ ਪ੍ਰਦੇਸ਼ ਦੇ ਰਾਜਗੜ੍ਹ ‘ਚ ਇਕ ਮਹਿਲਾ ਨੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ ਆਪਣੇ ਪਤੀ ਦਾ ਕਤਲ ਕਰਵਾਇਆ, ਤੇ ਪਤੀ ਦੀ ਲਾਸ਼ ਦੇ ਕੋਲ ਹੀ ਪ੍ਰੇਮੀ ਨਾਲ ਰੁਮਾਂਸ ਕੀਤਾ, ਸਵੇਰੇ ਪ੍ਰੇਮੀ ਦੇ ਜਾਣ ਤੋਂ ਬਾਅਦ ਪਤੀ ਦੀ ਕਿਸੇ ਅਣਪਛਾਤੇ ਲੁਟੇਰੇ ਵਲੋਂ ਹੱਤਿਆ ਕੀਤੇ ਜਾਣ ਦਾ ਰੌਲਾ ਪਾਇਆ ਤੇ ਕਿਹਾ ਕਿ ਉਹ ਨੀਂਦ ਚ ਸੀ, ਤਾਂ ਕਰਕੇ ਕੁਝ ਵੀ ਪਤਾ ਨਹੀਂ ਲੱਗਿਆ। ਸਹੁਰੇ ਪਰਿਵਾਰ ਨੂੰ ਸ਼ੱਕ ਪੈਣ ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਵਲੋਂ ਸਖਤੀ ਨਾਲ ਪੁੱਛ ਗਿੱਛ ਤੇ ਮਹਿਲਾ ਨੇ ਸਾਰਾ ਸੱਚ ਉਗਲ ਦਿੱਤਾ , ਕਿ ਉਸ ਦੇ ਵਿਆਹ ਬਾਹਰੇ ਸੰਬੰਧਾਂ ਦਾ ਪਤੀ ਨੂੰ ਪਤਾ ਲੱਗ ਗਿਆ ਸੀ, ਜਿਸ ਤੋਂ ਉਹ ਵਰਜਦਾ ਸੀ, ਇਸ ਤੇ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਹੀ ਰਾਹ ਚੋਂ ਹਟਾਉਣ ਦਾ ਸੋਚਿਆ ਤੇ ਘਟਨਾ ਨੂੰ ਅੰਜਾਮ ਦਿੱਤਾ। ਮਹਿਲਾ ਦੇ ਨਾਲ ਨਾਲ ਉਸ ਦੇ ਪ੍ਰੇਮੀ ਨੂੰ ਵੀ ਪੁਲਸ ਨੇ ਹਿਰਾਸਤ ਚ ਲੈ ਲਿਆ ਹੈ।

ਨਸ਼ੇੜੀ ਬਾਪ ਵਲੋਂ ਧੀ ਨਾਲ ਕੁਕਰਮ

ਹਰਿਆਣਾ ਦੇ ਹਿਸਾਰ ਵਿੱਚ ਬਾਰਾਂ ਸਾਲ ਦੀ ਬੱਚੀ ਨੇ ਦੋਸ਼ ਲਾਇਆ ਹੈ ਕਿ ਉਸ  ਦਾ ਨਸ਼ੇੜੀ ਬਾਪ ਉਸ ਨਾਲ ਕੁਕਰਮ ਕਰਦਾ ਰਿਹਾ ਹੈ, ਸ਼ਿਕਾਇਤ ਦੇਣ ਤੇ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਇਨਸਾਫ਼ ਲਈ ਭਟਕ ਰਹੀ ਬਲਾਤਕਾਰ ਪੀੜਤਾ ਤੇ ਉਸ ਦੀ ਮਾਂ ਨੇ ਸਲਫਾਸ ਖਾ ਕੇ ਜਾਨ ਦੇਣ ਦੀ ਧਮਕੀ ਦਿੱਤੀ ਹੈ। ਮੁਲਜ਼ਮ ਬਾਪ ਪੀੜਤਾ ਦੀ ਮਾਂ ਦੀ ਵੀ ਕੁੱਟਮਾਰ ਕਰਦਾ ਸੀ, ਦੋਵੇਂ ਪੀੜਤਾ ਦੇ ਨਾਨਕੇ ਘਰ ਰਹਿ ਰਹੀਆਂ ਹਨ। ਪੀੜਤਾ ਨੇ ਦੱਸਿਆ ਕਿ ਨਵੰਬਰ 2021 ਵਿੱਚ ਉਸ ਦੀ ਸ਼ਿਕਾਇਤ ਦਰਜ ਹੋਈ ਸੀ, ਪਰ ਪੁਲਸ ਨੇ ਹਾਲੇ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਤੇ ਕੋਈ ਪੁੱਛਗਿੱਛ ਤੇ ਜਾਂਚ ਵੀ ਨਹੀਂ ਕੀਤੀ। ਨਿਰਾਸ਼ ਹੋ ਕੇ ਤੇ ਸਮਾਜ ਵਿੱਚ ਮਿਲੀ ਸ਼ਰਮਿੰਦਗੀ ਦੇ ਚਲਦਿਆਂ ਉਸ ਕੋਲ ਖੁਦਕੁਸ਼ੀ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਬਚਿਆ, ਜਿਸ ਦਾ ਜੁਮੇਵਾਰ ਸਥਾਨਕ ਪੁਲਸ ਪ੍ਰਸ਼ਾਸਨ ਹੋਵੇਗਾ। ਦੂਜੇ ਪਾਸੇ ਪੁਲਸ ਇਸ ਮਾਮਲੇ ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ।

ਅਜਿਹੇ ਮਾਮਲੇ ਜਿੱਥੇ ਸਖਤ ਕਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ, ਓਥੇ ਸਮਾਜਕ ਸੰਸਥਾਵਾਂ ਨੂੰ ਵੀ ਇਸ ਪਾਸੇ ਜਾਗਰਕੂਤਾ ਮੁਹਿਮ ਚਲਾਉਣੀ ਚਾਹੀਦੀ ਹੈ।

Comment here