16 ਕਰੋੜ ਤੋਂ ਵੱਧ ਲੋਕ ‘ਗਰੀਬ’ ਸ਼੍ਰੇਣੀ ’ਚ ਆਏ
ਨਵੀਂ ਦਿੱਲੀ-ਆਕਸਫੈਮ ਇੰਟਰਨੈਸ਼ਨਲ ਨਾਂ ਦੀ ਸੰਸਥਾ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਪਹਿਲੇ ਦੋ ਸਾਲਾਂ ਵਿੱਚ, ਦੁਨੀਆ ਦੇ 99 ਪ੍ਰਤੀਸ਼ਤ ਲੋਕਾਂ ਦੀ ਆਮਦਨ ਵਿੱਚ ਕਮੀ ਆਈ ਹੈ ਅਤੇ 16 ਕਰੋੜ ਤੋਂ ਵੱਧ ਲੋਕ ‘ਗਰੀਬ’ ਦੀ ਸ਼੍ਰੇਣੀ ਵਿੱਚ ਆ ਗਏ ਹਨ। ਹਾਲਾਂਕਿ, ਬਹੁਤ ਹੀ ਅਮੀਰ ਲੋਕਾਂ ਦੀ ਆਮਦਨ ‘ਤੇ ਕੋਰੋਨਾ ਮਹਾਮਾਰੀ ਦਾ ਕੋਈ ਅਸਰ ਨਹੀਂ ਹੋਇਆ ਅਤੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਦੌਲਤ ਇਸ ਸਮੇਂ ਦੌਰਾਨ 1.3 ਬਿਲੀਅਨ ਡਾਲਰ (9,000 ਕਰੋੜ ਰੁਪਏ) ਪ੍ਰਤੀ ਦਿਨ ਦੀ ਦਰ ਨਾਲ ਵਧ ਕੇ 1,500 ਅਰਬ ਡਾਲਰ (111 ਲੱਖ ਕਰੋੜ ਰੁਪਏ ਤੋਂ ਵੱਧ) ਤੱਕ ਪਹੁੰਚ ਗਈ ਹੈ।
ਇਹ ਜਾਣਕਾਰੀ ਆਕਸਫੈਮ ਇੰਟਰਨੈਸ਼ਨਲ ਨਾਂ ਦੀ ਸੰਸਥਾ ਦੀ ਰਿਪੋਰਟ ਤੋਂ ਮਿਲੀ ਹੈ। ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੇ ਸਿਖਰ ਸੰਮੇਲਨ ਦੇ ਪਹਿਲੇ ਦਿਨ ‘ਇਨਕੁਆਲਿਟੀ ਕਿਲਜ਼’ ਸਿਰਲੇਖ ਵਾਲੀ ਰਿਪੋਰਟ ਜਾਰੀ ਕੀਤੀ ਗਈ। ਆਕਸਫੈਮ ਇੰਟਰਨੈਸ਼ਨਲ ਨੇ ਕਿਹਾ ਕਿ ਅਸਮਾਨਤਾ ਰੋਜ਼ਾਨਾ ਘੱਟੋ-ਘੱਟ 21,000 ਲੋਕਾਂ ਦੀ ਮੌਤ ਕਰ ਰਹੀ ਹੈ, ਜਾਂ ਹਰ ਚਾਰ ਸਕਿੰਟ ਵਿੱਚ ਇੱਕ ਵਿਅਕਤੀ। ਰਿਪੋਰਟ ਵਿੱਚ ਸਿਹਤ ਸੰਭਾਲ, ਲਿੰਗ-ਅਧਾਰਿਤ ਹਿੰਸਾ, ਭੁੱਖਮਰੀ ਅਤੇ ਜਲਵਾਯੂ ਕਾਰਨ ਦੁਨੀਆ ਭਰ ਵਿੱਚ ਹੋਣ ਵਾਲੀਆਂ ਮੌਤਾਂ ‘ਤੇ ਸਿੱਟਾ ਕੱਢਿਆ ਗਿਆ ਹੈ।
ਰਿਪੋਰਟ ਮੁਤਾਬਕ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੰਪਤੀ ਕੋਰੋਨਾ ਮਹਾਮਾਰੀ ਦੇ ਪਹਿਲੇ ਦੋ ਸਾਲਾਂ ਦੌਰਾਨ 15,000 ਡਾਲਰ ਪ੍ਰਤੀ ਸਕਿੰਟ ਦੀ ਦਰ ਨਾਲ ਵਧੀ ਹੈ। ਭਾਵੇਂ ਇਹ ਦਸ ਲੋਕ ਆਪਣੀ 99.999 ਪ੍ਰਤੀਸ਼ਤ ਦੌਲਤ ਗੁਆ ਲੈਣ, ਫਿਰ ਵੀ ਉਹ ਦੁਨੀਆਂ ਦੇ 99 ਪ੍ਰਤੀਸ਼ਤ ਲੋਕਾਂ ਨਾਲੋਂ ਅਮੀਰ ਹੋਣਗੇ।
ਆਕਸਫੈਮ ਇੰਟਰਨੈਸ਼ਨਲ ਦੀ ਕਾਰਜਕਾਰੀ ਨਿਰਦੇਸ਼ਕ ਗੈਬਰੀਲਾ ਬੁਚਰ ਨੇ ਕਿਹਾ, “ਦੁਨੀਆ ਦੇ ਚੋਟੀ ਦੇ ਦਸ ਅਮੀਰਾਂ ਕੋਲ ਸਭ ਤੋਂ ਗਰੀਬ 3.1 ਅਰਬ ਲੋਕਾਂ ਨਾਲੋਂ ਛੇ ਗੁਣਾ ਜ਼ਿਆਦਾ ਦੌਲਤ ਹੈ।” ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਪਿਛਲੇ ਦੋ ਸਾਲਾਂ ਵਿੱਚ ਅਰਬਪਤੀਆਂ ਦੀ ਦੌਲਤ ਵਿੱਚ ਪਿਛਲੇ 14 ਸਾਲਾਂ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਹੋਇਆ ਹੈ।
Comment here