ਅਖੇ-ਭਾਜਪਾ ਨੇ ਦੇਸ਼ ’ਵਿਚ ਨਫ਼ਰਤ ਤੇ ਡਰ ਦਾ ਮਾਹੌਲ ਬਣਾਇਆ
ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਘੇਰਿਆ
ਮੀਡੀਆ, ਚੋਣ ਕਮਿਸ਼ਨ ਤੇ ਨਿਆਂਪਾਲਿਕਾ ਦੇ ਦਬਾਅ ’ਚ ਹੋਣ ਦਾ ਦਾਅਵਾ
ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਨਾਲ ਵਿਚਾਰਧਾਰਕ, ਜਥੇਬੰਦਕ ਅਤੇ ਸੱਤਾ ਦੀ ਲੜਾਈ ਲੜਨ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਵਿਰੋਧੀ ਧਿਰਾਂ ਸਰਗਰਮ ਹੁੰਦੀਆਂ ਜਾਪਦੀਆਂ ਹਨ। ਕਾਂਗਰਸ ਨੇ 7 ਸਤੰਬਰ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3500 ਕਿਲੋਮੀਟਰ ਲੰਮੀ ਪੈਦਲ ਯਾਤਰਾ ਕਰਨ ਦਾ ਐਲਾਨ ਕੀਤਾ ਹੋਇਆ ਹੈ। ਦਿੱਲੀ ਵਿਚ ਕੀਤੀ ਮਹਿੰਗਾਈ ਵਿਰੋਧੀ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਉੱਤੇ ਦੇਸ਼ ਵਿਚ ਡਰ, ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਅਤੇ ਨਫ਼ਰਤ ਫੈਲਾ ਕੇ ਦੇਸ਼ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ; ਉਸ ਨੇ ਵਿਚਾਰਧਾਰਾ ਨਾਲ ਲੜਾਈ ਵਾਸਤੇ ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਡਰ ਤੇ ਨਫਰਤ ਦਾ ਪ੍ਰਚਾਰ ਪਾਸਾਰ ਕਰਕੇ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ, ਜਿਸ ਦਾ ਫਾਇਦਾ ਦੇਸ਼ ਦੇ ਦੁਸ਼ਮਣਾਂ ਨੂੰ ਮਿਲੇਗਾ। ਰਾਹੁਲ ਨੇ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ ਮੀਡੀਆ, ਨਿਆਂਪਾਲਿਕਾ, ਚੋਣ ਕਮਿਸ਼ਨ ਉੱਤੇ ਵੱਡਾ ਦਬਾਅ ਹੈ ਤੇ ਸਰਕਾਰ ਇਨ੍ਹਾਂ ਨੂੰ ਕਮਜ਼ੋਰ ਕਰ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਵੱਡੇ ਸਨਅਤਕਾਰਾਂ ਅੰਡਾਨੀ ਅੰਬਾਨੀ ਨੂੰ ਲਾਭ ਪਹੁੰਚਾਉਣ ਲਈ 24 ਘੰਟੇ ਕੰਮ ਕਰਦੇ ਹਨ। ਰਾਹੁਲ ਨੇ ਕਿਹਾ ਕਿ ਉਹ ਈਡੀ ਤੋਂ ਨਹੀਂ ਡਰਦੇ ਤੇ ਜਾਂਚ ਏਜੰਸੀ ਉਨ੍ਹਾਂ ਤੋਂ 55 ਘੰਟੇ ਦੀ ਥਾਂ ਭਾਵੇਂ 500 ਘੰਟੇ ਪੁੱਛ-ਪੜਤਾਲ ਕਰ ਲਵੇ। ਉਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਵਿਚਲੇ ਲੋਕ ਫਾਸ਼ੀਵਾਦੀ ਹਨ, ਜਿਨ੍ਹਾਂ ਚਿਹਰੇ ’ਤੇ ਜਮਹੂਰੀਅਤ ਦਾ ਮੁਖੌਟਾ ਪਾਇਆ ਹੋਇਆ ਹੈ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਵੀ ਭਾਜਪਾ ਸਰਕਾਰ ’ਤੇ ਹਮਲੇ ਕੀਤੇ।
ਇਥੇ ਰਾਮਲੀਲਾ ਮੈਦਾਨ ਵਿੱਚ ‘ਮਹਿੰਗਾਈ ਪਰ ਹੱਲਾ ਬੋਲ’ ਰੈਲੀ ਰਾਹੀਂ ਮੋਦੀ ਸਰਕਾਰ ਨੂੰ ਰਗੜੇ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੋ ਭਾਰਤ ਸਿਰਜੇ ਗਏ ਹਨ, ਇਨ੍ਹਾਂ ਵਿੱਚੋਂ ਇਕ ਗਰੀਬਾਂ ਦਾ ਹੈ, ਜਿੱਥੇ ਕੋਈ ਸੁਫ਼ਨੇ ਪੂਰੇ ਨਹੀਂ ਹੋ ਸਕਦੇ, ਅਤੇ ਦੂਜਾ ਕੁਝ ਮੁੱਠੀ ਭਰ ਵੱਡੇ ਕਾਰੋਬਾਰੀਆਂ ਲਈ ਹੈ, ਜਿੱਥੇ ਹਰੇਕ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿੱਥੇ ਦੇਸ਼ ਨੂੰ ਵੰਡ ਕੇ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ, ਉਥੇ ਕਾਂਗਰਸ ਦੀ ਵਿਚਾਰਧਾਰਾ ਸਾਰਿਆਂ, ਖਾਸ ਕਰਕੇ ਗਰੀਬਾਂ ਤੇ ਦੱਬੇ ਕੁਚਲਿਆਂ ਨੂੰ, ਬਰਾਬਰ ਦੇ ਲਾਭ ਦੇਣ ਦੀ ਵਕਾਲਤ ਕਰਦੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ ਅਤੇ ਜਿਸ ਕਰਕੇ ‘ਸਾਡੇ ਕੋਲ ਇਕੋ ਇਕ ਰਾਹ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਤੇ ਉਨ੍ਹਾਂ ਨੂੰ ਦੇਸ਼ ਦੀ ਅਸਲ ਸਚਾਈ ਬਾਰੇ ਦੱਸਣਾ ਹੈ।’’ ਇਹੀ ਵਜ੍ਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਇਸ ਹਫ਼ਤੇ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਇਸ ਯਾਤਰਾ ਸਦਕਾ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਤੇ ਉਨ੍ਹਾਂ ਦੇ ਮੁੱਦੇ ਵਿਚਾਰਨ ਵਿੱਚ ਮਦਦ ਮਿਲੇਗੀ।
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ 27 ਕਰੋੜ ਲੋਕਾਂ ਨੂੰ ਗਰੀਬੀ ’ਵਿਚੋਂ ਕੱਢਿਆ ਸੀ, ਪਰ ਪਿਛਲੇ ਅੱਠ ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ‘23 ਕਰੋੜ’ ਲੋਕਾਂ ਨੂੰ ਮੁੜ ਗਰੀਬੀ ਦੀ ਦਲਦਲ ’ਵਿਚ ਧੱਕ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਜਿਹੜੇ ਕੰਮ 10 ਸਾਲਾਂ ਵਿੱਚ ਕੀਤੇ, ਉਨ੍ਹਾਂ 8 ਸਾਲਾਂ ਵਿੱਚ ਉਹ ਤਬਾਹ ਕਰ ਛੱਡੇੇ। ਨਰਿੰਦਰ ਮੋਦੀ ਭਾਰਤ ਨੂੰ ਪਿਛਾਂਹ ਵੱਲ ਲਿਜਾ ਰਹੇ ਹਨ। ਨਰਿੰਦਰ ਮੋਦੀ ਜੀ ਨਫ਼ਰਤ ਤੇ ਡਰ ਫੈਲਾ ਰਹੇ ਹਨ। ਇਸ ਦਾ ਫਾਇਦਾ ਦੇਸ਼ ਦੇ ਦੁਸ਼ਮਣਾਂ ਨੂੰ ਮਿਲੇਗਾ, ਇਸ ਦਾ ਲਾਭ ਚੀਨ ਤੇ ਪਾਕਿਸਤਾਨ ਨੂੰ ਹੋਵੇਗਾ, ਪਰ ਭਾਰਤ ਨੂੰ ਨਹੀਂ। ਜਿੰਨੀ ਵੱਧ ਨਫਰਤ ਫੈਲਾਓਗੇ, ਓਨਾ ਦੇਸ਼ ਕਮਜ਼ੋਰ ਹੋਵੇਗਾ।’’
ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੀ ਹੈ।’’ ਰਾਹੁਲ ਨੇ ਦਾਅਵਾ ਕੀਤਾ ਕਿ ‘ਸਿਰਫ਼ ਕਾਂਗਰਸ ਦੀ ਵਿਚਾਰਧਾਰਾ ਹੀ ਦੇਸ਼ ਨੂੰ ਤਰੱਕੀ ਦੇ ਰਾਹ ਪਾ ਸਕਦੀ ਹੈ।’ ਖੜਗੇ ਨੇ ਕਿਹਾ ਕਿ ਸਰਕਾਰ ਵਿਚਾਰ ਚਰਚਾ ਲਈ ਉਦੋਂ ਹੀ ਤਿਆਰ ਹੋਈ ਜਦੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਸੰਸਦ ਤੋਂ ਸੜਕ’ ਤੱਕ ਲੜਾਈ ਲੜੀ ਗਈ, ਪਰ ਪੰਜ ਘੰਟੇ ਦੀ ਵਿਚਾਰ ਚਰਚਾ ਦੌਰਾਨ ਕਾਂਗਰਸ ਨੂੰ ਸਿਰਫ਼ 28 ਮਿੰਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਦਹੀਂ ਜਿਹੀਆਂ ਨਿੱਤ ਵਰਤੋਂ ਦੀਆਂ ਵਸਤਾਂ ’ਤੇ ਜੀਐੱਸਟੀ ਵਧਾ ਦਿੱਤਾ ਗਿਆ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ ਤੇ ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਈਆ ਲਗਾਤਾਰ ਡਿੱਗ ਰਿਹਾ ਹੈ। ਖੜਗੇ ਨੇ ਕਿਹਾ, ‘‘ਮੈਂ ਮੋਦੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਬੇਰੁਜ਼ਗਾਰੀ ਤੇ ਮਹਿੰਗਾਈ ਵਧ ਰਹੀ ਹੈ ਤੇ ਚੀਨ ਸਾਡੇ ’ਤੇ ਹਮਲੇ ਕਰ ਰਿਹੈ, ਅਜਿਹੇ ਵਿਚ ਤੁਸੀਂ ਕੀ ਕਰ ਰਹੇ ਹੋ। ਪਰ ਉਹ ਇਨ੍ਹਾਂ ਮੁੱਦਿਆਂ ਵੱਲ ਨਹੀਂ ਆਉਂਦੇ।’’ –
Comment here