ਅੰਮ੍ਰਿਤਸਰ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਆਪਣੇ ਅਮਰੀਕੀ ਦੌਰੇ ਉਤੇ ਹਨ। ਅਮਰੀਕਾ ਦੇ ਸਾਨ ਫਰਾਂਸਿਸਕੋ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਹੰਗਾਮਾ ਮਚ ਗਿਆ ਹੈ। ਰਾਹੁਲ ਗਾਂਧੀ ਨੇ ਆਪਣੇ ਇਕ ਬਿਆਨ ਦੇ ਵਿੱਚ ਭਾਰਤ ਜੋੜੋ ਯਾਤਰਾ ਅਤੇ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਜਿਸ ਨੂੰ ਸਿੱਖ ਭਾਈਚਾਰਾ ਅਤੇ ਵਿਰੋਧੀ ਧਿਰਾਂ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਇਸ ਬਿਆਨ ਦੇ ਮਾਇਨੇ ਭਾਰਤ ਜੋੜੋ ਯਾਤਰਾ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਕਰਨ ਦੇ ਕੱਢੇ ਜਾ ਰਹੇ ਹਨ। ਉਹ ਕੈਲੀਫੋਰਨੀਆ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਏ ਗਏ ਪ੍ਰੋਗਰਾਮ “ਮੁਹੱਬਤ ਕੀ ਦੁਕਾਨ” ਦੌਰਾਨ ਇਕ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ “ਮੈਂ ਕਿਤੇ ਪੜ੍ਹਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੀਆਂ ਵੱਡੀਆਂ ਸਖ਼ਸ਼ੀਅਤਾਂ ਨੇ ਸਾਡੇ ਤੋਂ ਵੀ ਬਹੁਤ ਪਹਿਲਾਂ ਮੱਕਾ, ਸਾਊਦੀ ਅਰਬ, ਥਾਈਲੈਂਡ, ਸ਼੍ਰੀਲੰਕਾ ਗਏ ਸਨ। ਇਨ੍ਹਾਂ ਨੇ ਸਾਡੇ ਜਨਮ ਤੋਂ ਵੀ ਪਹਿਲਾਂ ਭਾਰਤ ਜੋੜੋ ਯਾਤਰਾ ਕਰ ਲਈ ਸੀ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਟਵੀਟ ਕਰ ਕੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, “ਮੈਂ ਕੈਲੀਫੋਰਨੀਆ ਵਿੱਚ ਰਾਹੁਲ ਗਾਂਧੀ ਦੇ ਬਿਆਨ ਤੋਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ, ਜਿਸ ਵਿੱਚ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਤੇ ਉਦਾਸੀਆਂ ਦੀ ਤੁਲਨਾ ਆਪਣੀ ਭਾਰਤ ਜੋੜੋ ਯਾਤਰਾ ਨਾਲ ਕੀਤੀ ਸੀ।
ਰਾਹੁਲ ਗਾਂਧੀ ਦੇ ਭਾਸ਼ਣ ਦਾ ਇਹ ਹਿੱਸਾ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਭਾਜਪਾ ਆਗੂ ਆਰਪੀ ਸਿੰਘ ਨੇ ਵੀ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਬਿਆਨ ਨੇ ਸਿੱਖ ਭਾਵਨਾਵਾਂ ਨੂੰ ਆਹਤ ਕੀਤਾ ਹੈ ਅਤੇ ਐਸਜੀਪੀਸੀ ਇਸ ਉੱਤੇ ਗੌਰ ਕਰੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਧਾਰਮਿਕ ਵਿਸ਼ਿਆਂ ‘ਤੇ ਬੋਲਣ ਤੋਂ ਬਚਣ ਦੀ ਸਲਾਹ ਦਿੱਤੀ। ਬਾਦਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਸਪੱਸ਼ਟ ਤੌਰ ‘ਤੇ ਨਹੀਂ ਜਾਣਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਭੂਗੋਲਿਕ ਸੀਮਾਵਾਂ ਤੋਂ ਪਾਰ ਹੈ ਅਤੇ ਨਾ ਸਿਰਫ ਗਲੋਬਲ ਹੈ, ਸਗੋਂ ਬ੍ਰਹਿਮੰਡੀ ਵੀ ਹੈ। ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਸੁਝਾਅ ਦੇਣਾ ਕਿ ਗੁਰੂ ਸਾਹਿਬ ਭਾਰਤ ਜੋੜੋ ਯਾਤਰਾ ‘ਤੇ ਮੱਕਾ ਅਤੇ ਹੋਰ ਥਾਵਾਂ ‘ਤੇ ਗਏ ਸਨ, ਹਾਸੋਹੀਣੀ ਗੱਲ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਹੁਲ ਗਾਂਧੀ ਦੱਸਣ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਕਿਵੇਂ ਮਿਲੀ। ਉਨ੍ਹਾਂ ਸਵਾਲ ਕੀਤਾ ਕਿ ਇਹ ਜਾਣਕਾਰੀ ਕਿੱਥੋਂ ਮਿਲੀ ਅਤੇ ਅਸੀਂ ਕਦੋਂ ਤੱਕ ਉਸ ਦੀ ਬੇਵਕੂਫੀ ਨੂੰ ਮਾਫ਼ ਕਰਦੇ ਰਹਾਂਗੇ। ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦੇਵੇਗੀ। ਰਾਹੁਲ ਗਾਂਧੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਭਾਰਤ ਜੋੜੋ ਯਾਤਰਾ ਨਾਲ ਕਰ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਦੌਰਾ ਸਿਆਸੀ ਲਾਹਾ ਲੈਣ ਲਈ ਸੀ, ਪਰ ਸਿੱਖਾਂ ਦੇ ਗੁਰੂ ਨੇ ਗਿਆਨ ਅਤੇ ਮਨੁੱਖਤਾ ਦੀ ਰੌਸ਼ਨੀ ਫੈਲਾਉਣ ਲਈ ਯਾਤਰਾ ਕੀਤੀ ਸੀ।
ਐਸਜੀਪੀਸੀ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਵਰਗਾ ਨਾ ਪਹਿਲਾਂ ਕੋਈ ਹੋਇਆ ਅਤੇ ਨਾ ਹੀ ਹੋ ਸਕਦਾ ਹੈ। ਜੂਨ ਦਾ ਕਹਿਰ ਵਾਲਾ ਮਹੀਨਾ ਸ਼ੁਰੂ ਹੋ ਗਿਆ ਹੈ, ਉਸ ਵੇੇਲੇ ਵੀ ਗਾਂਧੀ ਪਰਿਵਾਰ ਨੇ ਸਿੱਖ ਕੌਮ ਨੂੰ ਜ਼ਖ਼ਮ ਦਿੱਤੇ ਅਤੇ ਹੁਣ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਉਸ ਦੇ ਮੰਦਬੁੱਧੀ ਹੋਣ ਦਾ ਸਬੂਤ ਦੇ ਰਹੀ ਹੈ। ਅਮਰੀਕਾ ਦੇ ਦੌਰੇ ‘ਤੇ ਗਿਆ ਰਾਹੁਲ ਗਾਂਧੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਨਾਲ ਭਾਰਤ ਜੋੜੋ ਯਾਤਰਾ ਦੀ ਤੁਲਨਾ ਕਰ ਰਿਹਾ ਹੈ। ਜੋ ਕਿ ਸ਼ਰਮਸਾਰ ਕਰਨ ਵਾਲਾ ਬਿਆਨ ਹੈ। ਗੁਰੂ ਨਾਨਕ ਦੇਵ ਜੀ ਨੇ ਲੋਕਾਈ ਦੇ ਭਲੇ ਲਈ 4 ਉਦਾਸੀਆਂ ਕੀਤੀਆਂ। ਭਾਰਤ ਜੋੜੋ ਯਾਤਰਾ ਰਾਜਨੀਤੀ ਦੇ ਮੰਤਵ ਅਤੇ ਵੋਟਾਂ ਲਈ ਕੀਤੀ ਗਈ ਸੀ। ਮੰਦਬੁੱਧੀ ਲੋਕ ਜਦੋਂ ਅਜਿਹੀ ਗੱਲ ਕਰਦੇ ਹਨ ਤਾਂ ਸੰਗਤ ਨੂੰ ਸਮਝਾਉਣਾ ਸਾਡੇ ਲਈ ਜ਼ਰੂਰੀ ਬਣ ਜਾਂਦਾ ਹੈ। ਗੁਰੂ ਨਾਕ ਦੇਵ ਜੀ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਜੋੜਿਆ। ਗਾਂਧੀ ਪਰਿਵਾਰ ਨੇ ਤਾਂ ਹਮੇਸ਼ਾ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ। ਪੰਜਾਬ ਦੇ ਪਾਣੀ ਦਾ ਮਸਲਾ ਹੋਵੇ, ਬੋਲੀ ਦਾ ਮਸਲਾ ਹੋਵੇ ਸਾਰਾ ਕੁਝ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਪੈਦਾ ਕੀਤਾ ਹੋਇਆ ਹੈ।
ਵਿਰੋਧੀਆਂ ਦੇ ਇਹਨਾਂ ਤਮਾਮ ਸਵਾਲਾਂ ਅਤੇ ਐਸਜੀਪੀਸੀ ਦੀ ਤਾੜਨਾ ਤੋਂ ਬਾਅਦ ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਦਾ ਬਚਾਅ ਕੀਤਾ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਵਿਰੋਧਤਾ ਕਰਨਾ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਦ ਕਿ ਇਹ ਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਨਹੀਂ ਬਲਕਿ ਇਹ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਨਾ ਹੈ। ਅਸੀਂ ਆਪਣੇ ਗੁਰੂਆਂ ਤੋਂ ਹਮੇਸ਼ਾ ਪ੍ਰੇਰਨਾ ਲੈਂਦਾ ਹਾਂ। ਅਜਿਹੀ ਪ੍ਰੇਰਨਾ ਸਾਰਿਆਂ ਨੂੰ ਲੈਣੀ ਚਾਹੀਦੀ ਹੈ। ਵਿਰੋਧੀਆਂ ਨੂੰ ਵੀ ਚਾਹੀਦਾ ਹੈ ਕਿ ਦੇਸ਼, ਸੂਬੇ ਅਤੇ ਲੋਕਾਂ ਦੀ ਭਲਾਈ ਦਾ ਕੰਮ ਕਰਨ।
ਰਾਹੁਲ ਗਾਂਧੀ ਦੇ ਗੁਰੂ ਨਾਨਕ ਦੇਵ ਜੀ ਦੇ ਬਿਆਨ ‘ਤੇ ਸਿਆਸਤ ਮਘੀ

Comment here