ਸਿਆਸਤਖਬਰਾਂ

ਰਾਹਤ ਭਰਪੂਰ ਹੈ ਮੋਦੀ ਸਰਕਾਰ ਦਾ ਬਜਟ

ਨਵੀਂ ਦਿੱਲੀ-ਲੰਘੇ ਦਿਨ ਆਮ ਬਜਟ ‘ਚ ਨੌਜਵਾਨਾਂ ਲਈ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 60 ਲੱਖ ਨਵੀਆਂ ਨੌਕਰੀਆਂ ਦਾ ਐਲਾਨ ਕੀਤਾ ਹੈ। ਸੀਤਾਰਮਨ ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਤਹਿਤ 16 ਲੱਖ ਨੌਕਰੀਆਂ ਆਉਣਗੀਆਂ ਜਦਕਿ ਮੇਕ ਇਨ ਇੰਡੀਆ ਤਹਿਤ 60 ਲੱਖ ਨੌਕਰੀਆਂ ਆਉਣਗੀਆਂ। ਮੋਦੀ ਸਰਕਾਰ ਨੇ ਅਗਲੇ ਤਿੰਨ ਸਾਲਾਂ ਵਿੱਚ 400 ਨਵੀਆਂ ਵੰਦੇ ਭਾਰਤ ਟਰੇਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 2022-23 ਵਿੱਚ 25,000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਦਾ ਵਿਸਥਾਰ ਕੀਤਾ ਜਾਵੇਗਾ। 100 PM ਗਤੀ ਸ਼ਕਤੀ ਕਾਰਗੋ ਟਰਮੀਨਲ 3 ਸਾਲਾਂ ਦੌਰਾਨ ਵਿਕਸਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੇਸ਼ ਭਰ ਵਿੱਚ 80 ਲੱਖ ਨਵੇਂ ਘਰ ਬਣਾਏ ਜਾਣਗੇ। ਇਸ ਦੇ ਲਈ ਵਿੱਤੀ ਸਾਲ 2022-23 ਦੇ ਬਜਟ ਵਿੱਚ 48 ਹਜ਼ਾਰ ਕਰੋੜ ਰੁਪਏ ਰੱਖੇ ਜਾਣਗੇ। ਸੀਤਾਰਮਨ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਇਸ ਯੋਜਨਾ ਨੂੰ ਅੰਤ ਤੱਕ ਲੈ ਕੇ ਆਉਣਗੀਆਂ। ਵਿੱਤ ਮੰਤਰੀ ਨੇ ਕਿਹਾ ਕਿ ਇਸ ਤਹਿਤ ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਆਮ ਨਾਗਰਿਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਸਾਲ 2022-23 ਤੋਂ ਈ-ਪਾਸਪੋਰਟ ਆ ਜਾਣਗੇ। ਭਵਿੱਖ ਨੂੰ ਦੇਖਦੇ ਹੋਏ, ਉਨ੍ਹਾਂ ਵਿੱਚ ਇੱਕ ਆਧੁਨਿਕ ਚਿੱਪ ਹੋਵੇਗੀ। ਇਸ ਦੇ ਨਾਲ ਹੀ ਇਹ ਫਰਜ਼ੀ ਪਾਸਪੋਰਟਾਂ ‘ਤੇ ਰੋਕ ਲਗਾਉਣ ‘ਚ ਵੀ ਮਦਦ ਕਰੇਗਾ। ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਰਿਜ਼ਰਵ ਬੈਂਕ ਜਲਦੀ ਹੀ ਡਿਜੀਟਲ ਕਰੰਸੀ ਜਾਰੀ ਕਰੇਗਾ, ਜੋ ਕਿ ਬਲਾਕਚੈਨ ਤਕਨੀਕ ‘ਤੇ ਆਧਾਰਿਤ ਹੋਵੇਗੀ। ਇਸਦੀ ਵਰਤੋਂ ਸਰਕਾਰੀ ਸੇਵਾਵਾਂ ਵਿੱਚ ਡਿਜੀਟਲ ਲੈਣ-ਦੇਣ ਦੇ ਤਹਿਤ ਕੀਤੀ ਜਾ ਸਕਦੀ ਹੈ। ਹਾਲਾਂਕਿ ਬਜਟ ‘ਚ ਕ੍ਰਿਪਟੋਕਰੰਸੀ ਟੈਕਸ ਨੂੰ ਲੈ ਕੇ ਜ਼ਿਆਦਾ ਕੁਝ ਨਹੀਂ ਕਿਹਾ ਗਿਆ ਹੈ। ਇਸ ਸਬੰਧੀ ਬਿੱਲ ਵੀ ਸਰਕਾਰ ਕੋਲ ਪੈਂਡਿੰਗ ਹੈ। ਟੈਕਸਦਾਤਾ ਦੋ ਸਾਲਾਂ ਲਈ ਆਪਣੀ ਸਾਲਾਨਾ ਰਿਟਰਨ ਨੂੰ ਅਪਡੇਟ ਕਰਨ ਦੇ ਯੋਗ ਹੋਣਗੇ ਅਤੇ ਜੇਕਰ ਕੋਈ ਗਲਤੀ ਹੈ ਤਾਂ ਬਦਲਾਅ ਕਰ ਸਕਣਗੇ। ਇਸ ਰਾਹੀਂ ਉਹ ਆਪਣਾ ਬਕਾਇਆ ਟੈਕਸ ਵੀ ਅਦਾ ਕਰ ਸਕਦੇ ਹਨ। ਇਸ ਦੇ ਲਈ ਸਰਕਾਰ ਜਲਦ ਹੀ ਨਵਾਂ ਆਈਟੀ ਰਿਟਰਨ ਪੋਰਟਲ ਜਾਰੀ ਕਰੇਗੀ। ਵਿੱਤ ਮੰਤਰੀ ਨੇ ਸਟਾਕ ਅਤੇ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਕੇ ਪ੍ਰਾਪਤ ਰਿਟਰਨ ‘ਤੇ ਸਰਚਾਰਜ ਨੂੰ ਸੀਮਤ ਕਰ ਦਿੱਤਾ ਹੈ। ਹੁਣ ਨਿਵੇਸ਼ਕਾਂ ਨੂੰ ਲੌਂਗ ਟਰਮ ਕੈਪੀਟਲ ਗੇਨ ‘ਤੇ 15 ਫੀਸਦੀ ਤੋਂ ਵੱਧ ਸਰਚਾਰਜ ਨਹੀਂ ਦੇਣਾ ਪਵੇਗਾ। ਇਹ ਰਿਟਰਨ ਦੇ ਅਸਲ ਲਾਭ ਨੂੰ ਹੋਰ ਵਧਾਏਗਾ।

ਬਜਟ ਚ ਹੋਰ ਅਹਿਮ ਐਲਾਨ-

* ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸ਼ੁਰੂ ਕੀਤੇ ਜਾਣਗੇ।

*ਗੰਗਾ ਦੇ ਨਾਲ-ਨਾਲ 5 ਕਿਲੋਮੀਟਰ ਦੇ ਘੇਰੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

* ਹਾਈਵੇ ਦੇ ਵਿਸਥਾਰ ‘ਤੇ 20 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।

*ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀਪੀਪੀ ਮੋਡ ਵਿੱਚ ਸਕੀਮ ਸ਼ੁਰੂ ਕੀਤੀ ਜਾਵੇਗੀ।

* ਹੁਣ ਹਰ ਤਰ੍ਹਾਂ ਦੇ ਪੂੰਜੀ ਲਾਭ ‘ਤੇ 15 ਫੀ਼ਸਦ ਟੈਕਸ

* ਸਹਿਕਾਰੀ ਅਦਾਰਿਆਂ ਦੇ ਟੈਕਸ ਘਟਾ ਕੇ 15 ਫੀਸਦੀ ਕਰ ਦਿੱਤੇ।

* 1.5 ਲੱਖ ਡਾਕਘਰਾਂ ਵਿੱਚ ਕੋਰ ਬੈਂਕਿੰਗ ਸੇਵਾਵਾਂ ਉਪਲਬਧ ਹੋਣਗੀਆਂ

* ਭਵਿੱਖ ਦੀ ਤਕਨੀਕ ਅਤੇ ਚਿਪਸ ਦੀ ਵਰਤੋਂ ਕਰਕੇ ਬਣੇ ਈ-ਪਾਸਪੋਰਟ ਜਾਰੀ ਕੀਤੇ ਜਾਣਗੇ।

* ਜ਼ਮੀਨ ਲਈ ‘ਵਨ ਨੇਸ਼ਨ, ਵਨ ਰਜਿਸਟ੍ਰੇਸ਼ਨ’ ਹੋਵੇਗੀ।

* ਤਿੰਨ ਸਾਲਾਂ ਵਿੱਚ ਸ਼ੁਰੂ ਹੋਣਗੀਆਂ 400 ‘ਵੰਦੇ ਭਾਰਤ’ ਟਰੇਨਾਂ।

* 80 ਲੱਖ ਨਵੇਂ ਸਸਤੇ ਘਰ ਦਿੱਤੇ ਜਾਣਗੇ।

*ਡਰੋਨ ਤਕਨਾਲੋਜੀ ‘ਤੇ ਸਟਾਰਟ-ਅੱਪਸ ਲਈ ਡਰੋਨ ਸ਼ਕਤੀ’ ਪ੍ਰੋਗਰਾਮ।

* 3.8 ਕਰੋੜ ਘਰਾਂ ਵਿੱਚ ਨਲਕੇ ਦੇ ਪਾਣੀ ਲਈ 60,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਮੋਦੀ ਵੱਲੋਂ 2022 ਬਜਟ ਦੀ ਸ਼ਲਾਘਾ

ਪ੍ਰਧਾਨ ਮੰਤਰੀ ਮੋਦੀ ਨੇ  ਬਜਟ ਦੀ ਸਲਾਘਾ ਕੀਤੀ ਅਤੇ ਕਿਹਾ ਇਹ ਬਜਟ ਦਾ ਹਰ ਵਰਗ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਨਾਲ-ਨਾਲ ਉੱਤਰ ਪੂਰਬ ਦੇ ਰਾਜਾਂ ਲਈ ਪਹਾੜੀ ਸ਼੍ਰੇਣੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਇਨ੍ਹਾਂ ਰਾਜਾਂ ਵਿੱਚ ਆਧੁਨਿਕ ਆਵਾਜਾਈ ਪ੍ਰਣਾਲੀ, ਸੰਪਰਕ ਬੁਨਿਆਦੀ ਢਾਂਚਾ ਸਿਰਜਿਆ ਜਾਵੇਗਾ ਅਤੇ ਸਰਹੱਦੀ ਪਿੰਡਾਂ ਨੂੰ ਮਜ਼ਬੂਤ ਕੀਤਾ ਜਾਵੇਗਾ।ਪੀਐਮ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਪ੍ਰੋਗਰਾਮ ਵਿੱਚ ਮੈਂ ਬਜਟ ਉੱਤੇ ਆਪਣੀ ਗੱਲ ਰੱਖਾਂਗਾ ਅਤੇ ਇਹ ਕਿਵੇਂ ਹਰ ਵਰਗ ਲਈ ਲਾਹੇਵੰਦ ਹੈ ਇਸਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਾਂਗਾ। ਇਸਦੇ ਨਾਲ ਹੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਇਹ ਬਜਟ ਸਾਰੇ ਵਰਗਾਂ ਨੂੰ ਇਨਸਾਫ਼ ਦੇਣ ਵਾਲਾ ਹੈ। ਮੈਂ ਬਜਟ ਦਾ ਸਮਰਥਨ ਕਰਦਾ ਹਾਂ।

ਬਜਟ ਦੀ ਭਾਜਪਾ ਵੱਲੋਂ ਤਾਰੀਫ ਪਰ ਕਾਂਗਰਸ ਨੇ ਕਿਹਾ ਜ਼ੀਰੋ

 ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਸੰਸਦ ਵਿਚ ਪੇਸ਼ ਕੀਤੇ ਬਜਟ ਦੀ ਭਾਜਪਾ ਵਲੋਂ ਕਾਫ਼ੀ ਤਾਰੀਫ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਬਜਟ ਨੂੰ ਹਰ ਵਰਗ ਪੱਖੀ ਦੱਸਿਆ ਹੈ, ਉਥੇ ਹੀ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਬਜਟ ਨੂੰ ਲੋਕਾਂ ਨਾਲ ਵਿਸ਼ਵਾਸ਼ਕਾਤ  ਦੱਸ ਰਹੀ ਹੈ। ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰ ਕਿਹਾ ਕਿ ਬਜਟ ਦੇਸ਼ ਵਿੱਚ ਇਨਫ੍ਰਾਸਟਰਚਰ ਨੂੰ ਉਤਸ਼ਾਹਿਤ ਕਰੇਗਾ ਅਤੇ ਇੱਕ ਨਵੇਂ ਭਾਰਤ ਦੀ ਨੀਂਹ ਰੱਖੇਗਾ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਵਿੱਚ ਸੁਧਾਰ ਕਰੇਗਾ। ਬਜਟ ‘ਤੇ ਕਾਂਗਰਸ ਪ੍ਰਧਾਨ ਰਾਹੁਲ ਨੇ ਟਵੀਟ ਕਰ ਲਿਖਿਆ ਕਿ ਮੋਦੀ ਸਰਕਾਰ ਮੋਦੀ ਸਰਕਾਰ ਦਾ ਬਜਟ ਜ਼ੀਰੋ ਦੇ ਬਰਾਬਰ ਹੈ ਕਿਉਂਕਿ ਇਸ ਬਜਟ ਵਿੱਚ ਕਿਸਾਨਾ, ਨੌਜਵਾਨਾਂ, ਤਰਖਾਦਾਰਾਂ ਅਤੇ ਆਮ ਲੋਕਾਂ ਲਈ ਕੁਝ ਨਹੀਂ ਹੈ। ਬਸਪਾ ਨੇਤਾ ਮਾਇਆਵਤੀ ਨੇ ਟਵੀਟ ਕਰਦੇ ਹੋਏ ਤਿੱਖੇ ਸਵਾਲ ਖੜੇ ਕੀਤੇ ਅਤੇ ਪੁੱਛਿਆ ਕਿ ਮੋਦੀ ਸਰਕਾਰ ਵਧਦੀ ਗਰੀਬੀ, ਮਹਿੰਗਾਈ, ਬੇਰੋਜ਼ਗਾਰੀ ਅਤੇ ਕਿਸਾਨਾਂ ਦੀਆਂ ਆਤਮ-ਹੱਤਿਆਵਾ ਤੇ ਚੁੱਪ ਕਿਉਂ ਹੈ।ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਲੋਕਾਂ ਨੂੰ ਲੁਭਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਬੱਜਟ ਵਿੱਚ ਤਨਖਾਹਦਾਰ ਵਰਗ ਲਈ ਕੁਝ ਨਹੀਂ: ਰਾਹੁਲ

 ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਸੰਸਦ ਵਿਚ ਪੇਸ਼ ਕੀਤੇ ਬਜਟ ਦੀ ਵਿਰੋਧੀ ਧਿਰਾਂ ਨੇ ਆਲੋਚਨਾ ਕੀਤੀ ਹੈ | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਮੋਦੀ ਸਰਕਾਰ ਨੇ ਮੱਧ ਵਰਗ, ਤਨਖਾਹਦਾਰ ਵਰਗ, ਗਰੀਬ ਅਤੇ ਸਾਧਨ ਵਿਹੂਣੇ ਵਰਗਾਂ, ਨੌਜਵਾਨਾਂ ਤੇ ਕਿਸਾਨਾਂ ਲਈ ਕੁਝ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਸਰਕਾਰ ਮੱਧ ਵਰਗ ਅਤੇ ਤਨਖਾਹਕਾਰਾਂ ਨਾਲ ਧੋਖਾ ਕਰ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ—ਭਾਰਤ ਦਾ ਤਨਖਾਹਦਾਰ ਵਰਗ ਅਤੇ ਮੱਧ ਵਰਗ ਮਹਾਂਮਾਰੀ ਦੇ ਇਸ ਦੌਰ ਵਿੱਚ ਤਨਖਾਹਾਂ ਵਿੱਚ ਹਰ ਪਾਸਿਓ ਕਟੌਤੀ ਅਤੇ ਮਹਿੰਗਾਈ ਵਿੱਚ ਰਾਹਤ ਦੀ ਉਮੀਦ ਕਰ ਰਿਹਾ ਸੀ। ਮੋਦੀ ਸਰਕਾਰ ਨੇ ਸਿੱਧੇ ਟੈਕਸ ਨਾਲ ਸੰਬੰਧਤ ਕਦਮਾਂ ਨਾਲ ਇਨ੍ਹਾਂ ਵਰਗਾਂ ਨੂੰ ਕਾਫ਼ੀ ਨੁਕਸਾਨ ਝੇਲਣਾ ਪਵੇਗਾ। ਉਨ੍ਹਾਂ ਸਰਕਾਰ ਨੂੰ ਉਂਗਲ ਕਰਦੇ ਪੁੱਛਿਆ ਕਿ ‘ਕਿ੍ਪਟੋ ਕਰੰਸੀ’ ਤੋਂ ਹੋਣ ਵਾਲੀ ਆਮਦਨ ‘ਤੇ ਟੈਕਸ ਲਗਾ ਕੇ ਬਿੱਲ ਲਿਆਏ ਬਿਨਾਂ ‘ਕਿ੍ਪਟੋ ਕਰੰਸੀ’ ਨੂੰ ਕਾਨੂੰਨੀ ਰੂਪ ਦਿੱਤਾ ਹੈ?
ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸਰਕਾਰ ਨੂੰ ਕਾਫੀ ਤਿੱਖੇ ਸਵਾਲ ਕਰਦੇ ਹੋਏ ਪੁੱਛਿਆ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲਿਆਂ ‘ਤੇ ਜ਼ਿਆਦਾ ਟੈਕਸ ਕਿਉਂ ਨਹੀਂ ਲਗਾਇਆ ਗਿਆ? ਉਨ੍ਹਾਂ ਕਿਹਾ ਕਿ ਦੇਸ਼ ਦੇ 10 ਫੀਸਦੀ ਭਾਰਤੀਆਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 75 ਫੀਸਦੀ ਹਿੱਸਾ ਹੈ ਪਰ ਹੇਠਲੇ 60 ਫੀਸਦੀ ਲੋਕਾਂ ਕੋਲ ਸਿਰਫ ਪੰਜ ਫੀਸਦੀ ਸੰਪਤੀ ਹੈ।

 ਬਜਟ ਤੇ ਰਾਕੇਸ਼ ਟਿਕੈਤ ਨੇ ਦਿੱਤੀ ਪ੍ਰਤੀਕਿਰਿਆ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਨੂੰ ਪੇਸ਼ ਨੂੰ ਕੀਤੇ ਗਏ ਆਮ ਬਜਟ ਨੂੰ ਲੈ ਕੇ ਹਰ ਵਰਗ ਦੀ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਹਨ। ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਮੀਦ ਤਾਂ ਹਰ ਬਜਟ ਤੋਂ ਰਹਿੰਦੀ ਹੈ ਕਿ ਬਜਟ ਨਾਲ ਹਰ ਵਰਗ ਨੂੰ ਕੁਝ ਨਾ ਕੁਝ ਮਿਲੇ। ਫਿਰ ਹੋ ਚਾਹੇ ਕਿਸਾਨ ਹੋਣ, ਮਜ਼ਦੂਰ ਹੋਣ, ਦੁਕਾਨਦਾਰ, ਵਿਦਿਆਰਥੀ ਜਾਂ ਪਿੰਡ ਦੇ ਲੋਕ। ਉਨਾਂ ਕਿਹਾ ਕਿ ਅਗਰ ਲੋਕਾਂ ਦਾ ਖਰਚ ਘੱਟ ਜਾਵੇ ਤਾਂ ਹਰ ਆਮ ਨਾਗਰਿਕ ਸੋਚਦਾ ਹੈ ਕਿ ਸਰਕਾਰ ਨੇ ਬਜਟ ਸਹੀ ਪੇਸ਼ ਕੀਤਾ ਹੈ।

 ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਐਮਐਸਪੀ ਗਰੰਟ ਕਾਨੂੰਨ ਬਣ ਜਾਵੇ, ਤਾਂ ਖਰੀਦਦਾਰੀ ਹੋਵੇਗੀ, ਪਰ ਉਸ ਵਿੱਚ ਵੀ ਵਪਾਰੀ ਵੜ ਗਿਆ ਹੈ। ਉਹ 500, 600, 800 ਕੁਇੰਟਲ ਦਾ ਫਰਕ ਰਹਿੰਦਾ ਹੈ। ਵਪਾਰੀ ਗਰੀਬ ਕਿਸਾਨਾਂ ਨਾਲ ਧੋਖੇ ਨਾਲ ਸਸਤੀ ਫਸਲ ਖਰੀਦ ਕੇ ਮਹਿੰਗੀ ਵੇਚਦਾ ਹੈ। ਇਹ ਬਹੁਤ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਰਗੈਨਿਕ ਤੇ ਹੋਰ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਲਈ ਇਸ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਜਿਹੜੇ ਜੈਮ ਵਰਗੇ ਪਦਾਰਥ ਹਨ ਉਨ੍ਹਾਂ ਨੂੰ ਬੰਦ ਕਰਨਾ ਕੀਤਾ ਜਾਣਾ ਚਾਹੀਦਾ ਹੈ।

Comment here