ਸਿਆਸਤਖਬਰਾਂ

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੌਮਾਂ ਦੀ ਰਾਖੀ ਲਈ ਕੰਮ ਕਰ ਰਿਹਾ ਹੈ-ਲਾਲਪੁਰਾ

ਜਲੰਧਰ-ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਜਬਰੀ ਧਰਮ ਪਰਿਵਰਤਨ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰ ਰਾਹੀਂ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਲਾਲਚ ਦੇ ਕੇ ਸਿੱਖਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਇਸ ਦੇ ਦੋਸ਼ ਈਸਾਈ ਧਰਮ ਦੇ ਪਾਦਰੀਆਂ ਤੇ ਪ੍ਰਚਾਰਕਾਂ ’ਤੇ ਲੱਗ ਰਹੇ ਹਨ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਬਤੌਰ ਚੇਅਰਮੈਨ ਨੇ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ ਕਿ ਜਲਦੀ ਤੋਂ ਜਲਦੀ ਪਿਛਲੇ 10 ਦੌਰਾਨ ਪੰਜਾਬ ਵਿਚ ਖੁੱਲ੍ਹੀਆਂ ਚਰਚਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਰਿਪੋਰਟ ਆਉਣ ’ਤੇ ਜੇ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਕਮਿਸ਼ਨ ਇਸ ’ਤੇ ਸਖ਼ਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਗਤੀਵਿਧੀਆਂ ਹੋਣਗੀਆਂ ਉਨ੍ਹਾਂ ਤੋਂ ਜਥੇਦਾਰ ਸਾਹਿਬ ਨੂੰ ਜਾਣੂ ਕਰਵਾਇਆ ਜਾਵੇਗਾ।
ਸਿੰਘੂ ਬਾਰਡਰ ’ਤੇ ਬੀਤੇ ਕੱਲ੍ਹ ਨਿਹੰਗਾਂ ਵੱਲੋਂ ਅਨਸੂਚਿਤ ਜਾਤੀ ਦੇ ਵਿਅਕਤੀ ਦਾ ਬੇਰਹਿਮੀ ਨਾਲ ਕੀਤੇ ਕਤਲ ਦੀ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਅਣਮਨੁੱਖੀ ਵਰਤਾਰਾ ਹੈ। ਸਭ ਤੋਂ ਪਹਿਲਾਂ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਿੰਘੂ ਬਾਰਡਰ ’ਤੇ ਚੱਲ ਰਿਹਾ ਅੰਦੋਲਨ ਕਿਸਾਨੀ ਹੈ ਜਾਂ ਸਿੱਖੀ। ਜਿਸ ਧਾਰਮਕ ਗ੍ਰੰਥ ਦੀ ਬੇਅਦਬੀ ਹੋਈ ਹੈ, ਬਾਰੇ ਵੀ ਸਪਸ਼ਟਤਾ ਨਹੀਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਜਾਂ ਕੋਈ ਹੋਰ ਗ੍ਰੰਥ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਜਦੋਂ ਇਕੱਠ ਹੁੰਦਾ ਹੈ ਤਾਂ ਇਸ ਅੰਦੋਲਨ ਦੇ ਆਗੂ ਉਸ ਨੂੰ ਆਪਣਾ ਕਹਿੰਦੇ ਹਨ ਤੇ ਜੇ ਕੋੋਈ ਘਟਨਾ ਵਾਪਰਦੀ ਹੈ ਤਾਂ ਉਸ ਨਾਲੋਂ ਨਾਤਾ ਤੋੜ ਲੈਂਦੇ ਹਨ। ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਘਟਨਾ ਦੀ ਜ਼ਿੰਮੇਵਾਰੀ ਲੈਣ। ਉਨ੍ਹਾਂ ਨੇ 1978 ਦੇ ਸਿੱਖ ਨਿਰੰਕਾਰੀ ਝੜਪ ਬਾਰੇ ਦੱਸਿਆ ਕਿ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਅਧਾਰ ਬਣਾਇਆ ਗਿਆ ਸੀ। ਧਰਮ ਯੁੱਧ ਮੋਰਚਾ ਵੀ ਲਾਇਆ ਗਿਆ ਪਰ ਪੰਜਾਬ ਦੇ ਮਸਲੇ ਹੱਲ ਨਾ ਹੋਏ ਤੇ ਪੰਜਾਬ ਲਹੂ ਲੁਹਾਣ ਹੋ ਗਿਆ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸਿਆਸੀ ਤੇ ਧਾਰਮਕ ਲੀਡਰਸ਼ਿਪ ਮੋਰਚੇ ਤਾਂ ਲਾ ਲੈਂਦੀ ਹੈ ਪਰ ਉਨ੍ਹਾਂ ਨੂੰ ਅੰਜਾਮ ਤਕ ਪਹੁੰਚਾਉਣ ਵਿਚ ਸਫਲ ਨਹੀਂ ਹੁੰਦੀ। ਇਸ ਵੇਲੇ ਵੀ ਇਹੀ ਹੋ ਰਿਹਾ ਹੈ। ਇਸ ਲਈ ਸਮੂਹ ਸਿਆਸੀ ਤੇ ਧਾਰਮਕ ਲੀਡਰਸ਼ਿਪ ਨੂੰ ਸਲਾਹ ਦਿੰਦਾ ਹਾਂ ਕਿ ਅਤੀਤ ਦੇ ਵਰਤਾਰੇ ਤੋਂ ਨਸੀਹਤ ਲੈ ਕੇ ਭਵਿੱਖਮੁਖੀ ਫੈਸਲੇ ਲੈਣ।
ਕਿਸਾਨੀ ਮਸਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਜਾਂ ਪੰਜਾਬ ਦੀ ਘੱਟ ਗਿਣਤੀ ਨਾਲ ਸਬੰਧਤ ਕੋਈ ਵੀ ਸਮੱਸਿਆ ਹੋਵੇ, ਮੈਂ ਬਤੌਰ ਪੰਜਾਬੀ ਤੇ ਘੱਟ ਗਿਣਤੀਆਂ ਦੇ ਨੁਮਾਇੰਦੇ ਵਜੋਂ ਇਨ੍ਹਾਂ ਨੂੰ ਨਜਿੱਠਣ ਲਈ ਜਿਥੇ ਵੀ ਯੋਗਦਾਨ ਪਾ ਸਕਾਂ, ਹਾਜ਼ਰ ਹਾਂ। ਇਨ੍ਹਾਂ ਮਸਲਿਆਂ ਦਾ ਹੱਲ ਕੱਢਣ ਲਈ ਗੱਲਬਾਤ ਦਾ ਤਰੀਕਾ ਹੀ ਵਧੀਆ ਹੈ। ਸਨਮਾਨਜਨਕ ਢੰਗ ਨਾਲ ਮੇਜ਼ ’ਤੇ ਬੈਠ ਕੇ ਹੱਲ ਕੱਢਿਆ ਜਾ ਸਕਦਾ ਹੈ। ਇਸ ਨਾਲ ਦੇਸ਼, ਪੰਜਾਬ ਤੇ ਧਰਮ ਦੀ ਤਰੱਕੀ ਦੇ ਰਾਹ ਖੁੱਲ੍ਹਣਗੇ।
ਭਿੰਡਰਾਵਾਲੇ ਨੂੰ ਗ੍ਰਿਫ਼ਤਾਰ ਕੀਤਾ
ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਵਾਲੇ ’ਤੇ 9 ਸਤੰਬਰ 1981 ਨੂੰ ਲਾਲਾ ਜਗਤ ਨਰਾਇਣ ਦੇ ਹੋੋਏ ਕਤਲ ਦੇ ਦੋਸ਼ ਲੱਗੇ ਸਨ। ਇਸ ਸਬੰਧ ਵਿਚ ਉਸ ਦੇ ਖਿਲਾਫ਼ ਜ਼ਿਲ੍ਹਾ ਲੁਧਿਆਣਾ ਵਿਚ ਕੇਸ ਦਰਜ ਹੋਇਆ ਸੀ। ਗ੍ਰਿਫ਼ਤਾਰੀ ਲਈ 20 ਸਤੰਬਰ ਦੀ ਤਰੀਕ ਮਿੱਥੀ ਗਈ।  ਭਿੰਡਰਾਂਵਾਲੇ ਨੂੰ ਗ੍ਰਿਫ਼ਤਾਰ ਕਰਨ ਲਈ ਚੁਣੀ ਗਈ ਅਧਿਕਾਰੀਆਂ ਦੀ ਤਿੰਨ ਮੈਂਬਰੀ ਟੀਮ ਵਿਚ ਉਨ੍ਹਾਂ ਤੋਂ ਇਲਾਵਾ ਐੱਸਐੱਸਪੀ ਜਰਨੈਲ ਸਿੰਘ ਚਾਹਲ ਤੇ ਐੱਸਡੀਐੱਮ ਬੀਐੱਸ ਭੁੱਲਰ ਸ਼ਾਮਲ ਸਨ। ਭਿੰਡਰਾਂਵਾਲੇ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਉਹ ਨਿਰੰਕਾਰੀ ਹੱਤਿਆ ਮਾਮਲੇ ਵਿੱਚ 20 ਸਤੰਬਰ 1981 ਨੂੰ ਗ੍ਰਿਫਤਾਰੀ ਲਈ ਸਹਿਮਤ ਹੋਏ ਸਨ ਪਰ ਸ਼ਰਤ ਰੱਖੀ ਕਿ ਸਿਰਫ ਅੰਮ੍ਰਿਤਧਾਰੀ ਅਧਿਕਾਰੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੇ ਹਨ,  ਤਿੰਨ ਮੈਂਬਰੀ ਟੀਮ ਐੱਸਐੱਸਪੀ ਜਰਨੈਲ ਸਿੰਘ ਚਾਹਲ, ਐੱਸਡੀਐਮ ਬਾਜ ਸਿੰਘ ਭੁੱਲਰ ਅਤੇ ਉਨ੍ਹਾਂ ਨੇ ਭਿੰਡਰਾਂਵਾਲੇ ਨੂੰ ਰਸਮੀ ਤੌਰ ’ਤੇ ਹਿਰਾਸਤ ਵਿਚ ਲੈ ਲਿਆ। ਹਿਰਾਸਤ ਤੋਂ ਤੁਰੰਤ ਬਾਅਦ ਮਹਿਤਾ ਚੌਕ ਵਿਚ ਹਾਲਾਤ ਵਿਗੜ ਗਏ। ਗੁੱਸੇ ਵਿਚ ਆਏ ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। 11 ਦੇ ਕਰੀਬ ਵਿਅਕਤੀ ਇਸ ਹਿੰਸਾ ਵਿਚ ਮਾਰੇ ਗਏ। ਕਾਫੀ ਨੁਕਸਾਨ ਹੋਇਆ।
ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਤੋਂ ਸਵਾਲ ਪੁੱਛ ਸਕਦੀਆਂ ਹਨ ਕਿ ਜਦੋਂ 15 ਅਕਤੂਬਰ ਨੂੰ ਭਿੰਡਰਾਂਵਾਲੇ ਨੂੰ ਇਹ ਕਹਿ ਕੇ ਰਿਹਾਅ ਕਰ ਦਿੱਤਾ ਗਿਆ ਕਿ ਉਨ੍ਹਾਂ ਖਿਲਾਫ਼ ਕੋਈ ਐਵੀਡੈਂਸ ਨਹੀਂ ਤਾਂ ਲੁਧਿਆਣਾ ਪੁਲਿਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਕਿਉਂ ਲਏ? ਕੁਝ ਸਵਾਲ ਹੋਰ ਹਨ ਜਿਨ੍ਹਾਂ ਦਾ ਜਵਾਬ ਆਉਣ ਵਾਲੀਆਂ ਪੀੜ੍ਹੀਆਂ ਮੰਗਣਗੀਆਂ। ਸਾਨੂੰ ਇਤਿਹਾਸ ਤੋਂ ਸਬਕ ਲੈਂਦਿਆਂ ਪੰਜਾਬ ਨੂੰ ਬਚਾਉਣ ਲਈ ਸੁਚੱਜੀ ਨੀਤੀ ਤੇ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ ਤਾਂ ਜੋ ਪੰਜਾਬ ਲਹੂ ਲੁਹਾਣ ਹੋਣ ਤੋਂ ਬਚ ਸਕੇ।
ਲਾਲਪੁਰਾ ਨੇ ਦੱਸਿਆ ਕਿ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਕੌਮਾਂ ਦੀ ਰਾਖੀ, ਉਨ੍ਹਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦਾ ਹੈ। ਇਹ ਹਨ, ਜੈਨੀ, ਬੌਧ, ਪਾਰਸੀ, ਮੁਸਲਮਾਨ, ਇਸਾਈ ਤੇ ਸਿੱਖ। ਉਨ੍ਹਾਂ ਦੱਸਿਆ ਕਿ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਬਹੁਤ ਘੱਟ ਵਿਆਜ ਦਰ ’ਤੇ ਮੁਹੱਈਆ ਕਰਵਾਇਆ ਜਾਂਦਾ ਹੈ, ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਸਵੈ-ਰੁਜ਼ਗਾਰ ਲਈ ਵੀ ਬਹੁਤ ਘੱਟ ਵਿਆਜ ’ਤੇ ਕਰਜ਼ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਵੇਲੇ ਪਾਰਸੀ ਧਰਮ ਦੇ ਲੋਕਾਂ ਦੀ ਹੋਂਦ ਕਾਫੀ ਖ਼ਤਰੇ ਵਿਚ ਹੈ। ਉਸ ਨੂੰ ਕਾਇਮ ਰੱਖਣ ਲਈ ਕਮਿਸ਼ਨ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਕਲੀਗਰ ਤੇ ਵਣਜਾਰੇ ਸਿੱਖ ਭਾਈਚਾਰੇ ਲਈ ਵੀ ਕਮਿਸ਼ਨ ਕਾਫੀ ਯਤਨ ਕਰ ਰਿਹਾ ਹੈ।

Comment here