ਨਵੀਂ ਦਿੱਲੀ-18 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਲਈ ਮੁਕਾਬਲਾ ਹੋਵੇਗਾ। ਐਨ ਡੀ ਏ ਨੇ ਦ੍ਰੋਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਮੁਰਮੂ, ਉਨ੍ਹਾਂ ਦਿੱਗਜ ਮਹਿਲਾ ਸ਼ਖਸੀਅਤਾਂ ਵਿੱਚੋਂ ਇਕ ਹੈ,ਜਿਨ੍ਹਾਂ ਨੂੰ ਕਬਾਇਲੀ ਹਿੱਤਾਂ ਦੀ ਚੈਂਪੀਅਨ ਕਿਹਾ ਜਾਂਦਾ ਹੈ, ਉਹਨਾਂ ਨੂੰ ਸਭ ਤੋਂ ਲੰਬੇ ਸਮੇਂ ਲਈ ਝਾਰਖੰਡ ਦੀ ਰਾਜਪਾਲ ਰਹਿਣ ਦਾ ਮਾਣ ਪ੍ਰਾਪਤ ਹੈ। ਝਾਰਖੰਡ ਵਿੱਚ ਦ੍ਰੋਪਦੀ ਮੁਰਮੂ ਦਾ ਛੇ ਸਾਲਾਂ ਤੋਂ ਵੱਧ ਦਾ ਕਾਰਜਕਾਲ ਵਿਵਾਦਾਂ ਤੋਂ ਪਰੇ ਸੀ। ਦ੍ਰੋਪਦੀ ਮੁਰਮੂ ਝਾਰਖੰਡ ਦੀ ਇਕਲੌਤੀ ਰਾਜਪਾਲ ਸੀ, ਜਿਸ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ। ਹਾਲਾਂਕਿ, ਉਹ ਆਪਣਾ ਪੰਜ ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਰਾਜਪਾਲ ਦਾ ਅਹੁਦਾ ਸੰਭਾਲਦੀ ਰਹੀ। ਉਸਦਾ ਕਾਰਜਕਾਲ 17 ਮਈ 2021 ਤਕ ਹੈ।
ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣੀ ਦਰੋਪਦੀ ਮੁਰਮੂ ਦਾ ਝਾਰਖੰਡ ਵਿੱਚ ਛੇ ਸਾਲ ਇਕ ਮਹੀਨਾ ਅਤੇ ਅਠਾਰਾਂ ਦਿਨ ਦਾ ਕਾਰਜਕਾਲ ਸੀ। ਇਸ ਦੌਰਾਨ ਉਹ ਵਿਵਾਦਾਂ ਤੋਂ ਦੂਰ ਰਹੀ। ਚਾਂਸਲਰ ਦ੍ਰੋਪਦੀ ਮੁਰਮੂ ਨੇ ਆਪਣੇ ਕਾਰਜਕਾਲ ਦੌਰਾਨ ਝਾਰਖੰਡ ਦੀਆਂ ਯੂਨੀਵਰਸਿਟੀਆਂ ਲਈ ਚਾਂਸਲਰ ਦਾ ਪੋਰਟਲ ਸ਼ੁਰੂ ਕੀਤਾ। ਇਸ ਰਾਹੀਂ ਸਾਰੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਲਈ ਇਕੋ ਸਮੇਂ ਵਿਦਿਆਰਥੀਆਂ ਦਾ ਆਨਲਾਈਨ ਦਾਖਲਾ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀਆਂ ਵਿੱਚ ਇਹ ਇਕ ਨਵਾਂ ਅਤੇ ਪਹਿਲਾ ਉਪਰਾਲਾ ਸੀ, ਜਿਸ ਦਾ ਸਿੱਧਾ ਲਾਭ ਵਿਦਿਆਰਥੀਆਂ ਨੂੰ ਮਿਲਿਆ। ਦ੍ਰੋਪਦੀ ਮੁਰਮੂ ਉੜੀਸਾ ਸੂਬੇ ਦੀ ਹੈ। ਉਨ੍ਹਾਂ ਦਾ ਜਨਮ 20 ਜੂਨ 1958 ਨੂੰ ਹੋਇਆ ਸੀ। ਉਸਦੇ ਪਿਤਾ ਦਾ ਨਾਮ ਬਿਰਾਂਚੀ ਨਰਾਇਣ ਟੁਡੂ ਅਤੇ ਪਤੀ ਦਾ ਨਾਮ ਸ਼ਿਆਮ ਚਰਮ ਮੁਰਮੂ ਹੈ। ਦਰੋਪਦੀ ਮੁਰਮੂ ਉੜੀਸਾ ਦੇ ਸੰਥਾਲ ਪਰਿਵਾਰ ਤੋਂ ਆਉਂਦੀ ਹੈ। ਉਹ ਮਯੂਰਭੰਜ ਜ਼ਿਲ੍ਹੇ ਦੇ ਕੁਸੁਮੀ ਬਲਾਕ ਦੇ ਉਪਰਬੇਦਾ ਪਿੰਡ ਵਿੱਚ ਇਕ ਆਦਿਵਾਸੀ ਪਰਿਵਾਰ ਵਿੱਚ ਪਾਲੀ ਗਈ ਸੀ। ਦ੍ਰੋਪਦੀ ਮੁਰਮੂ ਨੇ 1997 ਵਿੱਚ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਦ੍ਰੋਪਦੀ ਮੁਰਮੂ ਪਹਿਲੀ ਵਾਰ ਓਡੀਸ਼ਾ ਦੇ ਰਾਜਰੰਗਪੁਰ ਜ਼ਿਲ੍ਹੇ ਵਿੱਚ ਕੌਂਸਲਰ ਚੁਣੀ ਗਈ ਹੈ।ਇਸ ਤੋਂ ਬਾਅਦ ਉਹ ਭਾਜਪਾ ਦੀ ਓਡੀਸ਼ਾ ਇਕਾਈ ਦੇ ਅਨੁਸੂਚਿਤ ਜਨਜਾਤੀ ਮੋਰਚਾ ਦੀ ਉਪ ਪ੍ਰਧਾਨ ਬਣ ਗਈ। ਦ੍ਰੋਪਦੀ ਮੁਰਮੂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇਕ ਅਧਿਆਪਕਾ ਸੀ। ਉਸਨੇ ਸ਼੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਐਂਡ ਰਿਸਰਚ, ਰਾਇਰੰਗਪੁਰ ਵਿਖੇ ਆਨਰੇਰੀ ਸਹਾਇਕ ਅਧਿਆਪਕ ਵਜੋਂ ਸੇਵਾ ਨਿਭਾਈ। ਉਸਨੇ ਕੁਝ ਦਿਨ ਸਿੰਚਾਈ ਵਿਭਾਗ ਵਿੱਚ ਜੂਨੀਅਰ ਸਹਾਇਕ ਵਜੋਂ ਵੀ ਕੰਮ ਕੀਤਾ ਹੈ। ਦ੍ਰੋਪਦੀ ਮੁਰਮੂ ਸਾਲ 2002 ਤੋਂ 2009 ਤਕ ਮਯੂਰਭੰਜ, ਓਡੀਸ਼ਾ ਦੀ ਭਾਜਪਾ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੀ ਹੈ। ਮੁਰਮੂ ਭਾਜਪਾ ਦੀ ਟਿਕਟ ‘ਤੇ ਓਡੀਸ਼ਾ ਤੋਂ ਦੋ ਵਾਰ ਵਿਧਾਇਕ ਚੁਣੀ ਗਈ ਸੀ। ਉਹ ਬੀਜੂ ਜਨਤਾ ਦਲ ਅਤੇ ਭਾਜਪਾ ਦੇ ਗਠਜੋੜ ਵਿੱਚ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੀ ਹੈ। ਦ੍ਰੋਪਦੀ ਮੁਰਮੂ ਨੂੰ ਓਡੀਸ਼ਾ ਵਿਧਾਨ ਸਭਾ ਦੁਆਰਾ ਸਰਵੋਤਮ ਵਿਧਾਇਕ ਲਈ ਨੀਲਕੰਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦਰੋਪਦੀ ਮੁਰਮੂ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਸੀ। ਦ੍ਰੋਪਦੀ ਮੁਰਮੂ ਨੇ ਆਪਣੇ ਪਤੀ ਅਤੇ ਦੋ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਜ਼ਿੰਦਗੀ ਦੀ ਹਰ ਰੁਕਾਵਟ ਦਾ ਮੁਕਾਬਲਾ ਕੀਤਾ।ਦ੍ਰੋਪਦੀ ਮੁਰਮੂ ਨੂੰ ਆਦਿਵਾਸੀਆਂ ਦੇ ਉਥਾਨ ਲਈ 20 ਸਾਲਾਂ ਤੋਂ ਵੱਧ ਕੰਮ ਕਰਨ ਦਾ ਤਜਰਬਾ ਹੈ। ਉਸ ਨੂੰ ਇਸ ਸਮੇਂ ਭਾਜਪਾ ਲਈ ਸਭ ਤੋਂ ਵੱਡਾ ਕਬਾਇਲੀ ਚਿਹਰਾ ਕਿਹਾ ਜਾਂਦਾ ਹੈ।
ਯਸ਼ਵੰਤ ਸਿਨਹਾ ਵਿਰੋਧੀ ਧਿਰ ਦੇ ਉਮੀਦਵਾਰ
ਆਪੋਜ਼ੀਸ਼ਨ ਪਾਰਟੀਆਂ ਵੱਲੋਂ 85 ਸਾਲਾ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਅਹੁਦੇ ਲਈ ਸਾਂਝਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ।13 ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸਿਨਹਾ ਦੇ ਨਾਂਅ ਦਾ ਐਲਾਨ ਕੀਤਾ | ਮੀਟਿੰਗ ਵਿਚ ਕਾਂਗਰਸ, ਐੱਨ ਸੀ ਪੀ, ਟੀ ਐੱਮ ਸੀ, ਸੀ ਪੀ ਆਈ (ਐੱਮ), ਸੀ ਪੀ ਆਈ, ਆਰ ਐੱਸ ਪੀ, ਐੱਸ ਪੀ, ਐੱਨ ਸੀ, ਏ ਆਈ ਐੱਮ ਆਈ ਐੱਮ, ਆਰ ਜੇ ਡੀ, ਸੀ ਪੀ ਆਈ (ਐੱਮ ਐੱਲ) ਏ ਆਈ ਯੂ ਡੀ ਐੱਫ ਤੇ ਡੀ ਐੱਮ ਕੇ ਦੇ ਆਗੂਆਂ ਨੇ ਹਿੱਸਾ ਲਿਆ | ਸ਼ਰਦ ਪਵਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਤੇ ਟੀ ਆਰ ਐੱਸ ਦੇ ਪ੍ਰਧਾਨ ਕੇ ਚੰਦਰਸ਼ੇਖਰ ਨਾਲ ਉਨ੍ਹਾ ਦੀ ਗੱਲ ਹੋਈ ਹੈ ਤੇ ਉਹ ਵੀ ਸਿਨਹਾ ਦੀ ਹਮਾਇਤ ਕਰਨਗੇ | ਬੀ ਜੇ ਡੀ, ਵਾਈ ਐੱਸ ਆਰ ਸੀ ਪੀ ਤੇ ਬਸਪਾ ਨੇ ਸਟੈਂਡ ਕਲੀਅਰ ਨਹੀਂ ਕੀਤਾ | ਪਵਾਰ ਨੇ ਕਿਹਾ ਕਿ ਉਨ੍ਹਾ ਦੀ ਇਨ੍ਹਾਂ ਦੇ ਆਗੂਆਂ ਨਾਲ ਗੱਲ ਨਹੀਂ ਹੋ ਸਕੀ, ਪਰ ਉਹ ਗੱਲ ਕਰਕੇ ਉਨ੍ਹਾਂ ਦੀ ਹਮਾਇਤ ਹਾਸਲ ਕਰਨਗੇ | ਸਿਨਹਾ ਨੇ ਪਾਰਟੀ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਹੁਣ ਵਿਰੋਧੀ ਧਿਰ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਲਈ ਕੰਮ ਕਰਨਗੇ | ਕਈ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਤਿ੍ਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰਾਸ਼ਟਰਪਤੀ ਚੋਣਾਂ ਵਿਚ ਸਾਬਕਾ ਕੇਂਦਰੀ ਮੰਤਰੀ ਸਿਨਹਾ ਦਾ ਨਾਂਅ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਪੇਸ਼ ਕਰਨਗੇ | ਸਿਨਹਾ ਨੇ ਟਵੀਟ ਕੀਤਾ—ਤਿ੍ਣਮੂਲ ਕਾਂਗਰਸ ਵੱਲੋਂ ਮੈਨੂੰ ਦਿੱਤੇ ਸਨਮਾਨ ਲਈ ਮੈਂ ਮਮਤਾ ਜੀ ਦਾ ਧੰਨਵਾਦੀ ਹਾਂ | ਹੁਣ ਸਮਾਂ ਆ ਗਿਆ ਹੈ, ਜਦੋਂ ਵਿਰੋਧੀ ਧਿਰ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਲਈ ਮੈਨੂੰ ਪਾਰਟੀ ਤੋਂ ਵੱਖ ਹੋਣਾ ਪਵੇਗਾ | ਮੈਨੂੰ ਯਕੀਨ ਹੈ ਕਿ ਉਹ (ਮਮਤਾ) ਇਸ ਦੀ ਇਜਾਜ਼ਤ ਦੇਣਗੇ |
ਬਿਹਾਰ ਦੇ ਉੱਘੇ ਵਕੀਲ ਬਿਪਿਨ ਬਿਹਾਰੀ ਸ਼ਰਨ ਦੇ ਘਰ ਪੈਦਾ ਹੋਏ ਸਿਨਹਾ ਨੇ 1958 ਵਿਚ ਪੁਲੀਟੀਕਲ ਸਾਇੰਸ ਦੀ ਮਾਸਟਰ ਡਿਗਰੀ ਲਈ ਤੇ ਫਿਰ ਆਈ ਏ ਐੱਸ ਬਣਨ ਤੋਂ ਪਹਿਲਾਂ 1958 ਤੋਂ 1960 ਤਕ ਪਟਨਾ ਯੂਨੀਵਰਸਿਟੀ ਵਿਚ ਪੜ੍ਹਾਇਆ | ਉਹ ਕੇਂਦਰ ਵਿਚ ਸਰਫੇਸ ਟਰਾਂਸਪੋਰਟ ਦੇ ਜਾਇੰਟ ਸੈਕਟਰੀ ਸਨ, ਜਦੋਂ ਨੌਕਰੀ ਛੱਡ ਦਿੱਤੀ |
ਜਨਤਾ ਪਾਰਟੀ ਵਿਚ ਸ਼ਾਮਲ ਹੋ ਕੇ ਚੰਦਰ ਸ਼ੇਖਰ ਦੀ ਸਰਕਾਰ ਵਿਚ ਨਵੰਬਰ 1990 ਤੋਂ ਜੂਨ 1991 ਤੱਕ ਵਿੱਤ ਮੰਤਰੀ ਰਹੇ | ਫਿਰ ਉਹ ਐੱਲ ਕੇ ਅਡਵਾਨੀ ਦੇ ਕਹਿਣ ‘ਤੇ 1993 ‘ਚ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਵਾਜਪਾਈ ਸਰਕਾਰ ਵਿਚ 1999 ਤੋਂ 2004 ਤੱਕ ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਰਹੇ | ਮੋਦੀ ਸਰਕਾਰ ਬਣਨ ਤੋਂ ਬਾਅਦ 2018 ਵਿਚ ਭਾਜਪਾ ਛੱਡ ਗਏ ਸਨ।
Comment here