ਅਪਰਾਧਸਿਆਸਤਖਬਰਾਂ

ਰਾਮ ਰਹੀਮ ਮੁੜ ਪੁੱਜਿਆ ਸੁਨਾਰੀਆ ਜੇਲ੍ਹ

ਸਿਰਸਾ-ਸਾਧਵੀ ਯੋਨ ਸ਼ੋੋਸ਼ਣ ਮਾਮਲੇ ਵਿੱਚ ਸਜ਼ਾਯਾਫਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪੈਰੋਲ ਪਿੱਛੋਂ ਮੁੜ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਪੁੱਜ ਗਏ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦੀ 40 ਦਿਨਾ ਪੈਰੋਲ ਦਾ ਆਖਰੀ ਦਿਨ ਸੀ। ਰਾਮ ਰਹੀਮ ਦੇ ਸੁਨਾਰੀਆ ਪੁੱਜਣ ਤੋਂ ਪਹਿਲਾਂ ਜੇਲ੍ਹ ਦੇ ਬਾਹਰ ਸ਼ਰਧਾਲੂਆਂ ਦੀ ਭਾਰੀ ਭੀੜ ਦਰਸ਼ਨਾਂ ਲਈ ਉਮੜੀ ਹੋਈ ਸੀ। ਦੱਸ ਦੇਈਏ ਕਿ ਰਾਮ ਰਹੀਮ ਨੂੰ ਇਹ ਪੈਰੋਲ 25 ਜਨਵਰੀ ਦੂਜੇ ਗੱਦੀਨਸ਼ੀਨ ਸ਼ਾਹ ਸਤਨਾਮ ਮਹਾਰਾਜ ਦੇ ਅਵਤਾਰ ਦਿਵਸ ਮੌਕੇ ਹੋਣ ਭੰਡਾਰੇ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਿਲੀ ਸੀ।
ਜੇਲ੍ਹ ਜਾਣ ਤੋਂ ਪਹਿਲਾਂ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ
ਇਸਤੋਂ ਪਹਿਲਾਂ ਅੱਜ ਰਾਮ ਰਹੀਮ ਨੇ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਸਿੰਘ ਨਾਲ ਆਨਲਾਈਨ ਲਾਈਵ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਮੁਹਿੰਮ ਲਈ ਪ੍ਰਸ਼ੰਸਾ ਵੀ ਕੀਤੀ। ਡੇਰਾ ਮੁਖੀ ਨੇ ਇਸ ਮੌਕੇ ਸੰਦੇਸ਼ ਵੀ ਦਿੱਤਾ ਕਿ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ, ਪ੍ਰਧਾਨ ਮੰਤਰੀ ਮੋਦੀ ਧੀਆਂ ਨੂੰ ਪੜ੍ਹਾਉਣ ਲਿਖਾਉਣ ਲਈ ਮੁਹਿੰਮ ਚਲਾ ਰਹੇ ਹਨ ਅਤੇ ਦੇਸ਼ ਦੇ ਲੋਕ ਵੀ ਇਹੀ ਚਾਹੁੰਦੇ ਹਨ ਕਿ ਧੀਆਂ ਨੂੰ ਪੜ੍ਹਾਇਆ ਲਿਖਾਇਆ ਜਾਵੇ। ਦੱਸ ਦੇਈਏ ਕਿ ਡੇਰਾ ਮੁਖੀ ਨੇ 21 ਕੁੜੀਆਂ ਨੂੰ ਗੋਦ ਲੈ ਰੱਖਿਆ ਹੈ ਅਤੇ 21 ਕੁੜੀਆਂ ਨਾਲ ਉਸਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
20 ਜਨਵਰੀ ਨੂੰ ਮਿਲੀ ਸੀ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ
ਡੇਰਾ ਮੁਖੀ ਰਾਮ ਰਹੀਮ ਨੂੰ ਇਸ ਵਾਰ ਇਹ 40 ਦਿਨ ਦੀ ਪੈਰੋਲ ਹਰਿਆਣਾ ਸਰਕਾਰ ਦੇ ਜੇਲ੍ਹ ਵਿਭਾਗ ਨੇ 20 ਜਨਵਰੀ ਨੂੰ ਦਿੱਤੀ ਸੀ, ਜਿਸਦਾ ਅੱਜ ਆਖ਼ਰੀ ਦਿਨ ਸੀ। ਰਾਮ ਰਹੀਮ ਦੇ ਪੁੱਜਣ ਤੋਂ ਪਹਿਲਾਂ ਜੇਲ੍ਹ ਦੇ ਆਸ ਪਾਸ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਚੌਕਸ ਕੀਤੇ ਹੋਏ ਸਨ। ਇਸਦੇ ਨਾਲ ਹੀ ਰਾਜਸਥਾਨ ਅਤੇ ਹਰਿਆਣਾ ਦੀਆਂ ਵੱਖ ਵੱਖ ਥਾਵਾਂ ਤੋਂ ਸ਼ਰਧਾਲੂ ਵੀ ਵੱਡੀ ਗਿਣਤੀ ਵਿੱਚ ਦਰਸ਼ਨਾਂ ਲਈ ਪੁੱਜੇ ਹੋਏ ਸਨ।
40 ਦਿਨਾਂ ਵਿੱਚ ਰਾਮ ਰਹੀਮ ਨੇ ਜਾਰੀ ਕੀਤੇ 2 ਗੀਤ, ਹਨਪ੍ਰੀਤ ਨਾਲ ਕੱਟਿਆ ਕੇਕ
ਡੇਰਾ ਮੁਖੀ ਨੇ ਇਨ੍ਹਾਂ 40 ਦਿਨਾਂ ਦੌਰਾਨ ਜੇਲ੍ਹ ਤੋਂ ਬਾਹਰ ਆਪਣੇ 2 ਗੀਤ ਜਾਰੀ ਕੀਤੇ, ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਦਾ ਦੇਸ਼ ਕੀ ਜਵਾਨੀ ਅਤੇ ਹਨ। ਜਿਨ੍ਹਾਂ ਨੂੰ ਕਈ ਲੱਖ ਵਾਰ ਯੂਟਿਊਬ ਉਪਰ ਵੇਖਿਆ ਜਾ ਚੁੱਕਿਆ ਹੈ। ਇਸਤੋਂ ਇਲਾਵਾ ਰਾਮ ਰਹੀਮ ਨੇ ਹਨਪ੍ਰੀਤ ਨਾਲ ਕੇਕ ਕੱਟ ਕੇ ਉਸਦੇ ਇੰਸਟਾਗ੍ਰਾਮ ਉਪਰ ਇੱਕ ਮਿਲੀਅਨ ਫਾਲੋਅਰ ਹੋਣ ਦੀ ਖੁਸ਼ੀ ਵੀ ਮਨਾਈ ਸੀ।
ਸਲਾਬਤਪੁਰਾ ਸਤਿਸੰਗ ਦੌਰਾਨ ਕੀਤਾ ਸੀ ਵਿਰੋਧੀਆਂ ਨੂੰ ਚੈਲੰਜ
ਰਾਮ ਰਹੀਮ ਵੱਲੋਂ ਇਸ ਡੇਰਾ ਸਲਾਬਤਪੁਰਾ ਵਿਖੇ ਆਨਲਾਈਨ ਸਤਿਸੰਗ ਵੀ ਕੀਤੀ ਗਈ ਸੀ, ਜਿਸ ਦੌਰਾਨ ਇੱਕ ਵਿਵਾਦ ਵੀ ਖੜਾ ਹੋ ਗਿਆ ਸੀ। ਰਾਮ ਰਹੀਮ ਨੇ ਕਿਸੇ ਦਾ ਨਾਂ ਲਏ ਬਗੈਰ ਆਪਣੇ ਵਿਰੋਧੀਆਂ ਉਤੇ ਨਿਸ਼ਾਨਾ ਸਾਧਿਆ ਸੀ। ਰਾਮ ਰਹੀਮ ਨੇ ਕਿਹਾ ਸੀ ਮੇਰਾ ਵਿਰੋਧ ਕਰਨ ਵਾਲਿਉ ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਨਸ਼ਾ ਛੁੱਡਾ ਲਓ। ਜੇਕਰ ਤੁਸੀਂ ਨਸ਼ਾ ਛੁਡਾ ਲੈਂਦੇ ਹੋ ਤਾਂ ਤੁਹਾਡੇ ਨੰਬਰ ਬਣ ਜਾਣਗੇ ਅਤੇ ਤੁਸੀਂ ਇੱਕ ਨੰਬਰ ਉਤੇ ਆ ਜਾਵੋਗੇ। ਰਾਮ ਰਹੀਮ ਨੇ ਕਿਹਾ ਕਿ ਸਾਡਾ ਚੈਲਿੰਜ ਹੈ ਖੁਲੇ ਮੈਦਾਨ ਵਿੱਚ ਆ ਜਾਓ। ਇੱਕ ਵਾਰ ਸਮਾਜ ਨੂੰ ਤਾਂ ਸੁਧਾਰ ਲਓ।
ਰਾਮ ਰਹੀਮ ਦੀ ਪੈਰੋਲ ਵਿਰੁੱਧ ਅਗਲੀ ਸੁਣਵਾਈ 9 ਮਾਰਚ ਨੂੰ
ਇਹ ਵੀ ਦੱਸਣਾ ਬਣਦਾ ਹੈ ਕਿ ਇਸ 40 ਦਿਨ ਦੀ ਪੈਰੋਲ ਵਿਰੁੱਧ ਐਸਜੀਪੀਸੀ ਨੇ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਖਲ ਕੀਤੀ ਹੋਈ ਹੈ, ਜਿਸ ‘ਤੇ ਅਜੇ ਵੀ ਸੁਣਵਾਈ ਚੱਲ ਰਹੀ ਹੈ। ਪਿਛਲੀ ਸੁਣਵਾਈ ਵਿੱਚ ਹਾਈਕੋਰਟ ਨੇ ਪੈਰੋਲ ਖਤਮ ਹੋਣ ਤੋਂ ਬਾਅਦ ਵੀ ਮਾਮਲੇ ਦੀ ਸੁਣਵਾਈ ਜਾਰੀ ਰਹਿਣ ਬਾਰੇ ਕਿਹਾ ਸੀ। ਹਾਈਕੋਰਟ ਹੁਣ ਮਾਮਲੇ ਦੀ ਸੁਣਵਾਈ ਮੈਰਿਟ ਦੇ ਆਧਾਰ ‘ਤੇ ਕਰੇਗਾ, ਜਿਸਦੀ ਅਗਲੀ ਤਰੀਕ 9 ਮਾਰਚ ਹੈ।

Comment here