ਗੁਰੂਗ੍ਰਾਮ-ਹਰਿਆਣਾ ਵਿਚ 3 ਨਵੰਬਰ ਨੂੰ ਆਦਮਪੁਰ ਉਪ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਫੈਸਲੇ ਨੇ ਸੂਬੇ ਵਿਚ ਵਿਵਾਦ ਪੈਦਾ ਕਰ ਦਿੱਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਰਾਮ ਰਹੀਮ ਦੀ ਪੈਰੋਲ ਬਾਰੇ ਪੁੱਛੇ ਜਾਣ ‘ਤੇ ਖੱਟਰ ਨੇ ਕਿਹਾ ਕਿ ਪੈਰੋਲ ਮਿਲਣ ‘ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਸੂਬੇ ਵਿੱਚ ਆਪਣੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ‘ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੱਟਰ ਨੇ ਕਿਹਾ, ”ਇਸ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਸੀ।” ਅਦਾਲਤਾਂ ਕੈਦ ਦਾ ਐਲਾਨ ਕਰਦੀਆਂ ਹਨ ਅਤੇ ਦੋਸ਼ੀ ਜੇਲ੍ਹ ਜਾਂਦਾ ਹੈ। ਇਸ ਤੋਂ ਬਾਅਦ ਜੇਲ੍ਹ ਦੇ ਨਿਯਮ ਸਾਰੇ ਕੈਦੀਆਂ ‘ਤੇ ਲਾਗੂ ਹੁੰਦੇ ਹਨ।
ਜੇਲ ਪ੍ਰਸ਼ਾਸਨ ਨੇ ਜੇਲ ਮੈਨੂਅਲ ਦੇ ਤਹਿਤ ਪੈਰੋਲ ਦਿੱਤੀ-ਵਿਜ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੈਰੋਲ ‘ਤੇ ਰਿਹਾ ਵਿਅਕਤੀ ਗੀਤ ਗਾ ਸਕਦਾ ਹੈ ਜਾਂ ਨਹੀਂ। ਉਨ੍ਹਾਂ ਇਹ ਟਿੱਪਣੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਹਵਾਲੇ ਨਾਲ ਕੀਤੀ। ਰਾਮ ਰਹੀਮ ਨੇ ਦੀਵਾਲੀ ‘ਤੇ ਇਕ ਮਿਊਜ਼ਿਕ ਵੀਡੀਓ ਰਿਲੀਜ਼ ਕੀਤਾ ਸੀ। ਰਾਮ ਰਹੀਮ ਦੇ ਤਾਜ਼ਾ ਵੀਡੀਓ ਬਾਰੇ ਪੁੱਛੇ ਜਾਣ ‘ਤੇ ਵਿਜ ਨੇ ਕਿਹਾ, ”ਜੇਲ ਪ੍ਰਸ਼ਾਸਨ ਨੇ ਉਸ ਨੂੰ ਜੇਲ ਮੈਨੂਅਲ ਦੇ ਤਹਿਤ ਪੈਰੋਲ ਦਿੱਤੀ ਹੈ ਅਤੇ ਉਹ ਉੱਤਰ ਪ੍ਰਦੇਸ਼ ਦੇ ਇਕ ਆਸ਼ਰਮ ‘ਚ ਹੈ। ਜੇਲ ਮੈਨੂਅਲ ‘ਚ ਇਹ ਦੇਖਣਾ ਹੋਵੇਗਾ ਕਿ ਪੈਰੋਲ ‘ਤੇ ਰਿਹਾ ਵਿਅਕਤੀ ਗੀਤ ਗਾ ਸਕਦਾ ਹੈ ਜਾਂ ਨਹੀਂ। ਮੈਨੂੰ ਨਹੀਂ ਪਤਾ।’
ਗੁਰੂਗ੍ਰਾਮ ਦੇ ਭੋਂਡਸੀ ਵਿੱਚ ਹਰਿਆਣਾ ਪੁਲਿਸ ਰਿਹਾਇਸ਼ੀ ਕੰਪਲੈਕਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਬੋਲਦਿਆਂ ਵਿਜ ਨੇ ਪੱਤਰਕਾਰਾਂ ਨੂੰ ਕਿਹਾ, “ਇਹ ਹਰਿਆਣਾ ਦਾ ਸੁਨਹਿਰੀ ਦੌਰ ਹੈ, ਜਿਸ ਵਿੱਚ ਪ੍ਰਬੰਧਾਂ ਵਿੱਚ ਬਦਲਾਅ ਕੀਤਾ ਗਿਆ ਹੈ। ਅਸੀਂ ਹਰ ਚੀਜ਼ ਨੂੰ ਪਾਰਦਰਸ਼ੀ ਬਣਾ ਦਿੱਤਾ ਹੈ ਅਤੇ ਬਹੁਤ ਸਾਰੀਆਂ ਸੇਵਾਵਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ।” ਸਿਰਸਾ ਸਥਿਤ ਆਪਣੇ ਆਸ਼ਰਮ ‘ਚ 2 ਚੇਲੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪਿਛਲੇ ਹਫਤੇ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।
ਰਾਮ ਰਹੀਮ ਦੀ ਪੈਰੋਲ ‘ਚ ਮੇਰਾ ਹੱਥ ਨਹੀਂ: ਖੱਟਰ

Comment here