ਸਿਆਸਤਖਬਰਾਂਚਲੰਤ ਮਾਮਲੇ

ਰਾਮ ਮੰਦਿਰ ਜਨਵਰੀ 2024 ’ਚ ਭਗਤਾਂ ਲਈ ਖੁਲ੍ਹੇਗਾ

ਲਖਨਊ-ਅਯੁੱਧਿਆ ’ਚ ਰਾਮ ਮੰਦਿਰ ਲਈ ਸਮਾਗਮ 2023 ਦੇ ਦਸੰਬਰ ’ਚ ਸ਼ੁਰੂ ਹੋਣਗੇ ਅਤੇ 2024 ’ਚ ਮਕਰ ਸਕ੍ਰਾਂਤਿ 14 ਜਨਵਰੀ ਤੱਕ ਜਾਰੀ ਰਹਿਣਗੇ। ਅਯੁੱਧਿਆ ’ਚ ਅਗਲੇ ਸਾਲ ਇਕ ਜਨਵਰੀ ਤਕ ਰਾਮ ਮੰਦਿਰ ਤਿਆਰ ਹੋਣ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਲਾਨ ਦੇ ਇਕ ਦਿਨ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਸ਼ੁੱਕਰਵਾਰ ਨੂੰ ਦੁਹਰਾਇਆ ਕਿ ਮੰਦਿਰ ਦਾ ਨਿਰਮਾਣ ਸਮੇਂ ’ਤੇ ਪੂਰਾ ਹੋਵੇਗਾ ਅਤੇ 2024 ਦੇ ਜਨਵਰੀ ਮਹੀਨੇ ’ਚ ਇਸ ਨੂੰ ਭਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 2023 ਦੇ ਅੰਤ ਤਕ ਮੂਲ ਗਰਭਗ੍ਰਹਿ ਦਾ ਨਿਰਮਾਣ ਪੂਰਾ ਹੋਣ ਦੀ ਉਮੀਦ ਹੈ। ਮੰਦਿਰ ਟਰੱਸਟ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਰਾਏ ਨੇ ਕਿਹਾ ਕਿ ਯੋਜਨਾਵਾਂ ਤਹਿਤ 2024 ’ਚ ਮਕਰ ਸਕ੍ਰਾਂਤਿ ’ਤੇ ਮੰਦਿਰ ’ਤੇ ਗਰਭ ਗ੍ਰਹਿ ’ਚ ਰਾਮਲੱਲਾ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ 2020 ਨੂੰ ਮੰਦਰ ਨਿਰਮਾਣ ਲਈ ‘ਭੂਮੀ ਪੂਜਾ’ ਕੀਤੀ ਸੀ।
ਟਰੱਸਟ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਅਗਸਤ ’ਚ ਦੱਸਿਆ ਸੀ ਕਿ ‘ਪਲੰਥ’ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਸੀ ਕਿ ਇਕ ਆਇਤਾਕਾਰ, 2 ਮੰਜ਼ਿਲਾ ਪਰਿਕਰਮਾ ਮਾਰਗ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ’ਚ ਮੰਦਿਰ ਅਤੇ ਉਸ ਦੇ ਵਿਹੜੇ ਦੇ ਖੇਤਰ ਸਮੇਤ ਕੁੱਲ 8 ਏਕੜ ਜ਼ਮੀਨ ਸ਼ਾਮਲ ਹੋਵੇਗੀ ਅਤੇ ਇਸ ਦੇ ਪੂਰਬੀ ਹਿੱਸੇ ’ਚ ਬਲੂਆ ਪੱਥਰ ਨਾਲ ਬਣਿਆ ਇਕ ਐਂਟਰੀ ਗੇਟ ਹੋਵੇਗਾ । ਉਨ੍ਹਾਂ ਦੱਸਿਆ ਕਿ ਮੰਦਿਰ ਦੇ ਗਰਭਗ੍ਰਹਿ ’ਚ ਰਾਜਸਥਾਨ ਦੀ ਮਕਰਾਨਾ ਪਹਾੜੀਆਂ ਦੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਜਾਵੇਗੀ ਅਧਿਕਾਰੀ ਨੇ ਕਿਹਾ ਕਿ ਸੰਗਮਰਮਰ ਦੀ ਨੱਕਾਸ਼ੀ ਦਾ ਕੰਮ ਚੱਲ ਰਿਹਾ ਹੈ ਅਤੇ ਨੱਕਾਸ਼ੀਦਾਰ ਸੰਗਮਰਮਰ ਦੇ ਕੁਝ ਬਲਾਕ ਪਹਿਲੇ ਹੀ ਅਯੁੱਧਿਆ ਲਿਜਾਏ ਜਾ ਚੁੱਕੇ ਹਨ। ਮੰਦਿਰ ਨਿਰਮਾਣ ਤੋਂ ਇਲਾਵਾ ਮਸ਼ਹੂਰ ਹਨੂਮਾਨਗੜ੍ਹੀ ਮੰਦਰ ਵੱਲ ਜਾਣ ਵਾਲੀ ਸੜਕ ਨੂੰ ਚੌੜਾ ਕਰਨ ਲਈ ਦੁਕਾਨਾਂ ਅਤੇ ਮਕਾਨਾਂ ਨੂੰ ਵੀ ਤੋੜਿਆ ਜਾ ਰਿਹਾ ਹੈ। ਹਾਈਕੋਰਟ ਨੇ 2019 ’ਚ ਅਯੁੱਧਿਆ ’ਚ ਵਿਵਾਦਗ੍ਰਸਤ ਸਥਾਨ ’ਤੇ ਰਾਮ ਮੰਦਿਰ ਦੇ ਨਿਰਮਾਣ ਲਈ ਟਰੱਸਟ ਬਣਾਉਣ ਦਾ ਨਿਰਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਮੁਸਲਿਮ ਪੱਖ ਨੂੰ ਅਯੁੱਧਿਆ ’ਚ ਨਵੀਂ ਮਸਜਿਦ ਦੇ ਨਿਰਮਾਣ ਲਈ 5 ਏਕੜ ਬਦਲਵੀ ਜ਼ਮੀਨ ਦੇਣ ਲਈ ਵੀ ਕਿਹਾ ਸੀ।

Comment here