ਅਪਰਾਧਸਿਆਸਤਖਬਰਾਂ

ਰਾਮ ਮੰਦਰ ਦੇ ਨਿਰਮਾਣ ਦੀ ਮਨਜ਼ੂਰੀ ਮਗਰੋਂ ਜ਼ਮੀਨਾਂ ਖਰੀਦਣ ਦੀ ਲੱਗੀ ਹੋੜ

ਭਾਜਪਾ ਵਿਧਾਇਕਾਂ ਸਮੇਤ ਵੱਡੇ ਅਧਿਕਾਰੀਆਂ ਦੇ ਰਿਸ਼ਤੇਦਾਰ ਖਰੀਦਣ ਲੱਗੇ ਜ਼ਮੀਨਾਂ
ਸ਼ਿਵ ਸੈਨਾ ਨੇ ਭਾਜਪਾ ਦੀ ਤੁਲਨਾ ਚੋਰ-ਬਾਜ਼ਾਰ ਨਾਲ ਕੀਤੀ
ਮੰਦਰ ਦੇ ਨਾਮ ’ਤੇ ਜ਼ਮੀਨ ਖਰੀਦਣਾ ਲੋਕਾਂ ਦੀ ਆਸਥਾ ਨਾਲ ਧੋਖਾ—ਪ੍ਰਿਅੰਕਾ 
ਅਯੁੱਧਿਆ-ਸੁਪਰੀਮ ਕੋਰਟ ਵੱਲੋਂ ਅਯੁੱਧਿਆ ਵਿਚ ਰਾਮ ਮੰਦਰ ਦੇ ਹੱਕ ’ਚ ਦਿੱਤੇ ਫੈਸਲੇ ਤੋਂ ਬਾਅਦ ਮੰਦਰ ਦੇ ਨਿਰਮਾਣ ਨੂੰ ਮਨਜ਼ੂਰੀ ਮਿਲ ਗਈ ਸੀ। ਜਿਸ ਤੋਂ ਬਾਅਦ ਇਹ ਥਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਹੀ ਵਜ੍ਹਾ ਹੈ ਕਿ ਵਿਧਾਇਕਾਂ ਤੋਂ ਲੈ ਕੇ ਵੱਡੇ-ਵੱਡੇ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਤੱਕ ਵਿਚ ਜ਼ਮੀਨ ਖਰੀਦਣ ਦੀ ਹੋੜ ਮਚ ਗਈ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਫਰਵਰੀ 2020 ਵਿਚ ਮੰਦਰ ਦੇ ਨਿਰਮਾਣ ਲਈ ਜ਼ਮੀਨ ਖਰੀਦਣੀ ਸ਼ੁਰੂ ਕੀਤੀ ਸੀ। 70 ਏਕੜ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਅਤੇ ਪ੍ਰੋਜੈਕਟ ਨੇ ਰਫ਼ਤਾਰ ਫੜੀ।
ਜਿਵੇਂ-ਜਿਵੇਂ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਪਲਾਟ ਤੇਜ਼ੀ ਨਾਲ ਖਰੀਦੇ ਜਾ ਰਹੇ ਹਨ। ਜ਼ਮੀਨ ਖਰੀਦਣ ਵਾਲਿਆਂ ਵਿਚ ਵਿਧਾਇਕ, ਮੇਅਰ, ਸੂਬਾ ਓ. ਬੀ. ਸੀ. ਕਮਿਸ਼ਨ ਦੇ ਮੈਂਬਰ, ਡਿਵੀਜ਼ਨਲ ਕਮਿਸ਼ਨਰ, ਸਬ ਡਿਵੀਜ਼ਨਲ ਮੈਜਿਸਟਰੇਟ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਅਤੇ ਰਾਜ ਸੂਚਨਾ ਕਮਿਸ਼ਨਰ ਦੇ ਰਿਸ਼ਤੇਦਾਰ ਸ਼ਾਮਲ ਹਨ। ’ਦਿ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਇਹ ਜ਼ਮੀਨ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਵਾਲੀ ਥਾਂ ਦੇ 5 ਕਿਲੋਮੀਟਰ ਦੇ ਘੇਰੇ ਵਿਚ ਲਈ ਗਈ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕਿਸ ਨੇ ਕਿੰਨੀ ਜ਼ਮੀਨ ਖਰੀਦੀ ਹੈ ਅਤੇ ਇਸ ਲਈ ਕਿੰਨੇ ਪੈਸੇ ਦਿੱਤੇ ਗਏ ਹਨ-

ਅਯੁੱਧਿਆ ਵਿਚ ਡਿਵੀਜ਼ਨਲ ਕਮਿਸ਼ਨਰ (ਨਵੰਬਰ 2019 ਤੋਂ)  ਵਿਧਾਇਕ ਅਗਰਵਾਲ ਦੇ ਸਹੁਰੇ ਕੇਸ਼ਵ ਪ੍ਰਸਾਦ ਅਗਰਵਾਲ ਨੇ 10 ਦਸੰਬਰ ਨੂੰ  ਬਰਹਟਾ ਮਾਂਝਾ ਵਿੱਚ 2530 ਵਰਗ ਮੀਟਰ ਜ਼ਮੀਨ 31 ਲੱਖ ਰੁਪਏ ਵਿੱਚ ਖਰੀਦੀ ਹੈ। ਉਸ ਦੇ ਜੀਜਾ ਆਨੰਦ ਵਰਧਨ ਨੇ ਵੀ ਉਸੇ ਦਿਨ ਮਹਾਰਿਸ਼ੀ ਰਾਮਾਇਣ ਵਿਦਿਆਪੀਠ ਟਸਰੱਟ (ਐਮ. ਵੀ. ਆਰ. ਟੀ.) ਤੋਂ ਉਸੇ ਪਿੰਡ ਵਿੱਚ 1260 ਵਰਗ ਮੀਟਰ ਜ਼ਮੀਨ 15.50 ਲੱਖ ਰੁਪਏ ਵਿੱਚ ਖਰੀਦੀ ਸੀ।

ਪੁਰਸ਼ੋਤਮ ਦਾਸ ਗੁਪਤਾ 20 ਜੁਲਾਈ 2018 ਤੋਂ 10 ਸਤੰਬਰ 2021 ਤੱਕ ਅਯੁੱਧਿਆ ਵਿਚ ਮੁੱਖ ਮਾਲ ਅਧਿਕਾਰੀ ਸਨ। ਹੁਣ ਉਹ ਗੋਰਖਪੁਰ ਵਿਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਹਨ। ਉਸਦੇ ਜੀਜਾ ਅਤੁਲ ਗੁਪਤਾ ਦੀ ਪਤਨੀ ਤ੍ਰਿਪਤੀ ਗੁਪਤਾ ਨੇ ਅਮਰ ਜੀਤ ਯਾਦਵ ਨਾਲ ਸਾਂਝੇਦਾਰੀ ’ਚ 12 ਅਕਤੂਬਰ, 2021 ਨੂੰ ਬਰਹਟਾ ਮਾਂਝਾ ਵਿਖੇ 1130 ਵਰਗ ਮੀਟਰ ਜ਼ਮੀਨ ਖਰੀਦੀ ਸੀ। ਇਹ ਜ਼ਮੀਨ ਐਮ. ਵੀ. ਆਰ. ਟੀ. ਤੋਂ 21.88 ਲੱਖ ਰੁਪਏ ਵਿਚ ਲਈ ਗਈ ਹੈ।

ਅਯੁੱਧਿਆ ਜ਼ਿਲੇ ਦੇ ਗੋਸਾਈਗੰਜ ਦੇ ਵਿਧਾਇਕ ਇੰਦਰ ਪ੍ਰਤਾਪ ਤਿਵਾਰੀ ਨੇ 18 ਨਵੰਬਰ, 2019 ਨੂੰ ਬਰਹਟਾ ਮਾਂਝਾ ਵਿਚ ਐਮ. ਵੀ. ਆਰ. ਟੀ. ਤੋਂ 2593 ਵਰਗ ਮੀਟਰ ਜ਼ਮੀਨ 30 ਲੱਖ ਰੁਪਏ ਵਿਚ ਖਰੀਦੀ। 16 ਮਾਰਚ 2021 ਨੂੰ ਉਸ ਦੇ ਜੀਜਾ ਰਾਜੇਸ਼ ਕੁਮਾਰ ਮਿਸ਼ਰਾ ਨੇ ਰਾਘਵਾਚਾਰੀਆ ਨਾਲ ਮਿਲ ਕੇ ਸੂਰਜ ਦਾਸ ਤੋਂ ਬਰਹਟਾ ਮਾਂਝਾ ਵਿਚ 6320 ਵਰਗ ਮੀਟਰ ਜ਼ਮੀਨ 47.40 ਲੱਖ ਰੁਪਏ ਵਿੱਚ ਖਰੀਦੀ ਸੀ।

26 ਜੁਲਾਈ, 2020 ਅਤੇ 30 ਮਾਰਚ, 2021 ਦਰਮਿਆਨ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਦਾ ਅਹੁਦੇ ’ਤੇ ਰਹੇ ਦੀਪਕ ਕੁਮਾਰ, ਹੁਣ ਅਲੀਗੜ੍ਹ ਵਿੱਚ ਡੀ.ਆਈ.ਜੀ. ਹੈ।  ਉਸਦੀ ਪਤਨੀ ਦੀ ਭੈਣ ਮਹਿਮਾ ਠਾਕੁਰ ਨੇ 1 ਸਤੰਬਰ, 2021 ਨੂੰ ਐਮ. ਵੀ. ਆਰ. ਟੀ. ਤੋਂ 19.75 ਲੱਖ ਰੁਪਏ ਵਿਚ 1020 ਵਰਗ ਮੀਟਰ ਜ਼ਮੀਨ ਖਰੀਦੀ ਸੀ। ਇਹ ਵੀ ਬਰਹਟਾ ਮਾਂਝੇ ਵਿਚ ਖਰੀਦੀ ਗਈ ਹੈ।
ਲਖਨਊ ਵਿਚ ਰਹਿ ਰਹੇ ਯੂ.ਪੀ. ਕੇਡਰ ਦੇ ਇਕ ਸੇਵਾਮੁਕਤ ਆਈ.ਏ.ਐੱਸ ਅਧਿਕਾਰੀ ਉਮਾਧਰ ਦਿਵੇਦੀ ਨੇ 23 ਅਕਤੂਬਰ 2021 ਨੂੰ ਬਰਹਟਾ ਮਾਂਝਾ ਵਿੱਚ ਐਮ. ਵੀ. ਆਰ. ਟੀ. ਤੋਂ 1680 ਵਰਗ ਮੀਟਰ ਜ਼ਮੀਨ 39.40 ਲੱਖ ਰੁਪਏ ਵਿਚ ਲਈ ਹੈ।
ਅਯੁੱਧਿਆ ਵਿਧਾਨ ਸਭਾ ਤੋਂ ਵਿਧਾਇਕ ਵੇਦ ਪ੍ਰਕਾਸ਼ ਗੁਪਤਾ ਦੇ ਭਤੀਜੇ ਤਰੁਣ ਮਿੱਤਲ ਨੇ 21 ਨਵੰਬਰ, 2019 ਨੂੰ ਬਰਹਟਾ ਮਾਂਝਾ ਵਿਚ ਰੇਣੂ ਸਿੰਘ ਅਤੇ ਸੀਮਾ ਸੋਨੀ ਤੋਂ 1.15 ਕਰੋੜ ਰੁਪਏ ਵਿਚ 5174 ਵਰਗ ਮੀਟਰ ਜ਼ਮੀਨ ਖਰੀਦੀ ਸੀ। ਉਸ ਨੇ 29 ਦਸੰਬਰ, 2020 ਨੂੰ ਮੰਦਰ ਵਾਲੀ ਜਗ੍ਹਾ ਤੋਂ ਲਗਭਗ 5 ਕਿਲੋਮੀਟਰ ਦੂਰ ਸਰਯੂ ਨਦੀ ਦੇ ਪਾਰ ਜਗਦੰਬਾ ਸਿੰਘ ਅਤੇ ਜੌਨੰਦਨ ਸਿੰਘ ਤੋਂ 4 ਕਰੋੜ ਰੁਪਏ ਵਿੱਚ 14,860 ਵਰਗ ਮੀਟਰ ਜ਼ਮੀਨ ਖਰੀਦੀ ਹੈ।

ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਨੇ 18 ਸਤੰਬਰ 2019 ਨੂੰ ਹਰੀਸ਼ ਕੁਮਾਰ ਤੋਂ 1480 ਵਰਗ ਮੀਟਰ ਜ਼ਮੀਨ 30 ਲੱਖ ਰੁਪਏ ਵਿਚ ਲਈ। ਯਾਨੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਦੋ ਮਹੀਨੇ ਪਹਿਲਾਂ। 9 ਜੁਲਾਈ, 2018 ਨੂੰ, ਪਰਮਹੰਸ ਸਿੱਖਿਆ ਸਿਖਲਾਈ ਮਹਾਵਿਦਿਆਲਿਆ ਦੇ ਮੈਨੇਜਰ ਵਜੋਂ, ਉਸ ਨੇ ਰਮੇਸ਼ ਤੋਂ ”ਦਾਨ” ਵਜੋਂ ਅਯੁੱਧਿਆ ਦੇ ਕਾਜ਼ੀਪੁਰ ਚਿਤਵਨ ਵਿਚ 2,530 ਵਰਗ ਮੀਟਰ ਜ਼ਮੀਨ ਲਈ। ਸਰਕਾਰੀ ਰਿਕਾਰਡ ਵਿਚ ਜ਼ਮੀਨ ਦੀ ਕੀਮਤ 1.01 ਕਰੋੜ ਰੁਪਏ ਹੈ।
ਆਯੁਸ਼ ਚੌਧਰੀ ਦੀ ਚਚੇਰੀ ਭੈਣ ਸ਼ੋਭਿਤਾ ਰਾਣੀ, ਜੋ ਅਯੁੱਧਿਆ ਵਿੱਚ ਸ਼ਧੰ ਦਾ ਅਹੁਦਾ ਸੰਭਾਲ ਚੁੱਕੀ ਹੈ, ਨੇ 28 ਮਈ, 2020 ਨੂੰ ਬਿਰੌਲੀ ਵਿਚ ਆਸ਼ਾਰਾਮ ਤੋਂ 5350 ਵਰਗ ਮੀਟਰ ਜ਼ਮੀਨ 17.66 ਲੱਖ ਰੁਪਏ ਵਿੱਚ ਖਰੀਦੀ ਹੈ। 28 ਨਵੰਬਰ, 2019 ਨੂੰ, ਸ਼ੋਭਿਤਾ ਰਾਣੀ ਵਲੋਂ ਚਲਾਏ ਜਾ ਰਹੇ ਆਰਵ ਦਿਸ਼ਾ ਕਮਲਾ ਫਾਊਂਡੇਸ਼ਨ ਨੇ ਦਿਨੇਸ਼ ਕੁਮਾਰ ਤੋਂ 7.24 ਲੱਖ ਰੁਪਏ ਵਿਚ ਅਯੁੱਧਿਆ ਦੇ ਮਲਿਕਪੁਰ ਵਿਚ 1,130 ਵਰਗ ਮੀਟਰ ਜ਼ਮੀਨ  ਖਰੀਦੀ।
ਸੂਬਾਈ ਪੁਲਸ ਸੇਵਾ ਅਧਿਕਾਰੀ, ਸਰਕਲ ਅਫ਼ਸਰ ਅਰਵਿੰਦ ਚੌਰਸੀਆ, ਜੋ ਹੁਣ ਮੇਰਠ ਵਿੱਚ ਹਨ, ਉਨ੍ਹਾਂ ਦੇ ਸਹੁਰੇ ਸੰਤੋਸ਼ ਕੁਮਾਰ ਚੌਰਸੀਆ ਨੇ 21 ਜੂਨ 2021 ਨੂੰ ਅਯੁੱਧਿਆ ਦੇ ਰਾਮਪੁਰ ਹਲਵਾਰਾ ਉਪਹਾਰ ਪਿੰਡ ਵਿਚ ਭੂਪੇਸ਼ ਕੁਮਾਰ ਤੋਂ 126.48 ਵਰਗ ਮੀਟਰ ਜ਼ਮੀਨ 4 ਲੱਖ ਰੁਪਏ ਵਿਚ ਖਰੀਦੀ ਸੀ। ਫਿਰ 21 ਸਤੰਬਰ 2021 ਨੂੰ ਉਸ ਦੀ ਸੱਸ ਰੰਜਨਾ ਚੌਰਸੀਆ ਨੇ ਕਾਰਖਾਨਾ ਵਿਚ ਭਾਗੀਰਥੀ ਤੋਂ  279.73 ਵਰਗ ਮੀਟਰ ਜ਼ਮੀਨ 20 ਲੱਖ ਰੁਪਏ ਵਿਚ ਖਰੀਦੀ।
ਰਾਜ ਸੂਚਨਾ ਕਮਿਸ਼ਨਰ ਹਰਸ਼ਵਰਧਨ ਸ਼ਾਹੀ ਦੀ ਪਤਨੀ ਸੰਗੀਤਾ ਸ਼ਾਹੀ ਅਤੇ ਉਸ ਦੇ ਪੁੱਤਰ ਸਹਿਰਸ਼ ਕੁਮਾਰ ਸ਼ਾਹੀ ਨੇ 18 ਨਵੰਬਰ, 2021 ਨੂੰ ਸਰਾਏਰਾਸੀ ਮਾਂਝਾ ਵਿਚ 929.85 ਵਰਗ ਮੀਟਰ ਜ਼ਮੀਨ ਇੰਦਰ ਪ੍ਰਕਾਸ਼ ਸਿੰਘ ਤੋਂ 15.82 ਲੱਖ ਰੁਪਏ ਵਿਚ ਖਰੀਦੀ ਸੀ।
ਰਾਜ ਓ.ਬੀ.ਸੀ. ਕਮਿਸ਼ਨ ਦੇ ਮੈਂਬਰ ਬਲਰਾਮ ਮੌਰਿਆ ਨੇ 28 ਫਰਵਰੀ, 2020 ਨੂੰ ਗੋਂਡਾ ਦੇ ਮਹੇਸ਼ਪੁਰ ’ਚ ਜਗਦੰਬਾ ਅਤੇ ਤ੍ਰਿਵੇਣੀ ਸਿੰਘ ਤੋਂ 50 ਲੱਖ ਰੁਪਏ ਵਿਚ 9375 ਵਰਗ ਮੀਟਰ ਜ਼ਮੀਨ ਖਰੀਦੀ ਹੈ।
ਗਾਂਜਾ ਪਿੰਡ ਦੇ ਲੇਖਾਕਾਰ ਬਦਰੀ ਉਪਾਧਿਆਏ ਦੇ ਪਿਤਾ ਵਸ਼ਿਸ਼ਟ ਨਾਰਾਇਣ ਉਪਾਧਿਆਏ ਨੇ 8 ਮਾਰਚ, 2021 ਨੂੰ ਸ਼ਿਆਮ ਸੁੰਦਰ ਤੋਂ 3.50 ਲੱਖ ਰੁਪਏ ਵਿਚ 116 ਵਰਗ ਮੀਟਰ ਜ਼ਮੀਨ ਖਰੀਦੀ ਹੈ।
ਗਾਂਜਾ ਪਿੰਡ ਦੇ ਕਾਨੂੰਗੋ ਸੁਧਾਂਸ਼ੂ ਰੰਜਨ ਦੀ ਪਤਨੀ ਅਦਿਤੀ ਸ਼੍ਰੀਵਾਸਤਵ ਨੇ 8 ਮਾਰਚ, 2021 ਨੂੰ 7.50 ਲੱਖ ਰੁਪਏ ਵਿਚ 270 ਵਰਗ ਮੀਟਰ ਜ਼ਮੀਨ ਖਰੀਦੀ।
ਦਿਨੇਸ਼ ਓਝਾ ਭਾਨ ਸਿੰਘ ਦਾ ਪੇਸ਼ਕਾਰ ਹੈ। ਜੋ ਕਿ ਇਕ ਸਹਾਇਕ ਰਿਕਾਰਡ ਅਫਸਰ ਹੈ ਅਤੇ ਐਮ. ਵੀ. ਆਰ. ਟੀ ਦੇ ਖਿਲਾਫ ਕੇਸਾਂ ਦੀ ਸੁਣਵਾਈ ਕਰ ਰਿਹਾ ਹੈ। ਦਿਨੇਸ਼ ਓਝਾ ਦੀ ਬੇਟੀ ਸ਼ਵੇਤਾ ਓਝਾ ਨੇ 15 ਮਾਰਚ 2021 ਨੂੰ ਤਿਹੁਰਾ ਮਾਂਝਾ ’ਚ ਮਹਾਰਾਜਦੀਨ ਤੋਂ 5 ਲੱਖ ਰੁਪਏ ’ਚ 2542 ਵਰਗ ਮੀਟਰ ਜ਼ਮੀਨ ਖਰੀਦੀ ਹੈ। ਇਹ ਪਿੰਡ ਵੀ ਭਾਨ ਸਿੰਘ ਦੇ ਦਾਇਰੇ ਵਿਚ ਆਉਂਦਾ ਹੈ।
ਭਾਜਪਾ ਦਾ ਹਿੰਦੂਤਵ ਚੋਰ ਬਾਜ਼ਾਰ ਵਰਗਾ—ਸ਼ਿਵ ਸੈਨਾ
ਸੁਪਰੀਮ ਕੋਰਟ ਵੱਲੋਂ ਅਯੁੱਧਿਆ ਵਿਚ ਰਾਮ ਮੰਦਰ ਦੇ ਹੱਕ ’ਚ ਦਿੱਤੇ ਫੈਸਲੇ ਤੋਂ ਬਾਅਦ ਭਾਜਪਾ ਦੇ ਆਗੂਆਂ ਵੱਲੋਂ ਨੇੜੇ-ਤੇੜੇ ਜ਼ਮੀਨਾਂ ਖਰੀਦਣ ਦੇ ਸੰਬੰਧ ’ਚ ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਨੇ ਆਪਣੇ ਸੰਪਾਦਕੀ ਵਿਚ ਭਾਜਪਾ ਦੀ ਤੁਲਨਾ ਚੋਰ-ਬਾਜ਼ਾਰ ਨਾਲ ਕੀਤੀ ਹੈ। ਇਸ ਨੇ ਕਿਹਾ ਹੈ ਕਿ ਭਾਜਪਾ ਦਾ ਹਿੰਦੂਤਵ ਚੋਰ ਬਾਜ਼ਾਰ ਵਰਗਾ ਹੈ ਤੇ ਇਹ ਦਿਨੋ-ਦਿਨ ਸਾਫ ਹੁੰਦਾ ਜਾ ਰਿਹਾ ਹੈ। ਅਯੁੱਧਿਆ ਦੇ ਜ਼ਮੀਨੀ ਸੌਦੇ ਚੋਰ-ਬਾਜ਼ਾਰ ਦਾ ਹਿੱਸਾ ਹਨ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਤੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੀ ਮੌਜੂਦਗੀ ਵਿਚ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ ਗਿਆ। ਉਸੇ ਸਮੇਂ ਭਾਜਪਾ ਵਿਚਲੇ ਵਪਾਰੀਆਂ ਨੇ ਮੰਦਰ ਵਾਲੀ ਥਾਂ ਨੇੜਲੀਆਂ ਕੀਮਤੀ ਜ਼ਮੀਨਾਂ ਦੇ ਸੌਦੇ ਮਾਰਨੇ ਸ਼ੁਰੂ ਕਰ ਦਿੱਤੇ। ਮੰਦਰ ਟਰੱਸਟ ਨੇ 70 ਏਕੜ ਥਾਂ ਖਰੀਦੀ ਅਤੇ ਉਸੇ ਸਮੇਂ ਭਾਜਪਾ ਵਿਧਾਇਕਾਂ, ਕਾਰਪੋਰੇਟਰਾਂ ਤੇ ਪਾਰਟੀ ਦੇ ਕਰੀਬੀ ਪੁਲਸ ਅਧਿਕਾਰੀਆਂ ਨੇ ਕਰੋੜਾਂ ਦੀਆਂ ਜ਼ਮੀਨਾਂ ਖਰੀਦੀਆਂ। ਮੰਦਰ ਬਣਨ ਤੋਂ ਬਾਅਦ ਇਨ੍ਹਾਂ ਦੇ ਰੇਟ ਅਸਮਾਨੀ ਚੜ੍ਹ ਜਾਣੇ ਹਨ। ਧਰਮ ਦੇ ਨਾਂਅ ’ਤੇ ਇਹ ਵਪਾਰ ਕੀਤਾ ਜਾ ਰਿਹਾ ਹੈ। ਮੰਦਰ ਲਈ ਖੂਨ ਕਿਨ੍ਹਾਂ ਨੇ ਦਿੱਤਾ? ਮਰੇ ਕੌਣ? ਅਤੇ ਦੇਖੋ ਮੁਨਾਫਾ ਕੌਣ ਕਮਾ ਰਹੇ ਹਨ? ਇਹ ਸਕੈਂਡਲ ਹੈ। ਸੰਪਾਦਕੀ ਵਿਚ ਅੱਗੇ ਕਿਹਾ ਗਿਆ ਹੈ ਕਿ ਅਯੁੱਧਿਆ ਦੇ ਭਾਜਪਾ ਦੇ ਮੇਅਰ ਨੇ ਕੁਝ ਲੱਖ ਰੁਪਏ ਵਿਚ ਜ਼ਮੀਨ ਖਰੀਦੀ ਤੇ 5-10 ਮਿੰਟਾਂ ਬਾਅਦ ਰਾਮ ਜਨਮ ਭੂਮੀ ਟਰੱਸਟ ਨੂੰ 16 ਕਰੋੜ ਦੀ ਵੇਚ ਦਿੱਤੀ। ਭਗਵਾਨ ਰਾਮ ਦੇ ਨਾਂਅ ’ਤੇ ਚੋਰ-ਬਾਜ਼ਾਰ ਚਲਾਇਆ ਜਾ ਰਿਹਾ ਹੈ। ਜੇ ਕੋਈ ਇਸ ਨੂੰ ਹਿੰਦੂਤਵ ਕਹਿੰਦਾ ਹੈ ਤਾਂ ਸਾਨੂੰ ਉਨ੍ਹਾਂ ਅੱਗੇ ਹੱਥ ਜੋੜ ਕੇ ਡੰਡਵਤ ਹੋਣਾ ਪਵੇਗਾ। ਭਾਜਪਾ ਲੈਕਚਰ ਦਿੰਦੀ ਹੈ ਕਿ ਸ਼ਿਵ ਸੈਨਾ ਨੇ ਸੱਤਾ ਖਾਤਰ ਹਿੰਦੂਤਵ ਨੂੰ ਤਲਾਕ ਦੇ ਦਿੱਤਾ ਹੈ। ਭਾਜਪਾ ਨੂੰ ਇਹ ਵਪਾਰਕ ਹਿੰਦੂਤਵ ਆਪਣੇ ਕੋਲ ਹੀ ਰੱਖਣਾ ਚਾਹੀਦਾ ਹੈ। ਇਨ੍ਹਾਂ ਨੇ ਤਾਂ ਵਪਾਰਕ ਲੈਣ-ਦੇਣ ਕਰਦਿਆਂ ਭਗਵਾਨ ਰਾਮ ਦਾ ਵੀ ਖਿਆਲ ਨਹੀਂ ਰੱਖਿਆ। ਮੰਦਰ ਲਈ ਅੰਦੋਲਨ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਪਾਸੇ ਕਰਕੇ ਭਾਜਪਾ ਅਯੁੱਧਿਆ ਵਿਚ ਬਿਜ਼ਨਸ ਸੈਂਟਰ ਕਾਇਮ ਕਰ ਰਹੀ ਹੈ। ’ਸਾਮਨਾ’ ਨੇ ਕਿਹਾ ਕਿ ਭਾਜਪਾ ਦਾ ਨਵਾਂ ਹਿੰਦੂਤਵ ਭਾਈਚਾਰੇ ਨੂੰ ਬਦਨਾਮ ਕਰੇਗਾ। ਭਾਜਪਾ ਨੇ ਜ਼ਮੀਨ ਕਬਜ਼ਾਉਣ ਦੀ ਨਵੀਂ ਟੈਕਨਾਲੋਜੀ ਵਿਕਸਤ ਕਰ ਲਈ ਹੈ। ਸਕੈਂਡਲ ਤੋਂ ਸਾਫ ਹੈ ਕਿ ਭਾਜਪਾ ਦੇ ਹਿੰਦੂਤਵ ਵਿਚ ਭਗਵਾਨ ਰਾਮ ਲਈ ਨਹੀਂ, ਸਗੋਂ ਬਿਜ਼ਨਸ ਲਈ ਥਾਂ ਹੈ। ਉਹ ਮੰਦਰ ਇਸ ਕਰਕੇ ਬਣਵਾਉਣੇ ਚਾਹੁੰਦੇ ਹਨ ਤਾਂ ਕਿ ਨੇੜਲੀਆਂ ਜ਼ਮੀਨਾਂ ਦੱਬੀਆਂ ਜਾਣ। ’ਰਾਮ ਨਾਮ ਸੱਤਯ ਹੈ’ ਹੋਰਨਾਂ ਲਈ ਹੈ, ਜਦਕਿ ਭਾਜਪਾ ਲਈ ਧਨ ਤੇ ਸੱਤਾ ਹੈ। ਸੰਪਾਦਕੀ ਨੂੰ ਇਨ੍ਹਾਂ ਸ਼ਬਦਾਂ ਨਾਲ ਮੁਕਾਇਆ ਗਿਆ ਹੈ ਕਿ ਭਾਜਪਾ ਨੇ ਦੇਸ਼ ਵੇਚ ਦਿੱਤਾ ਹੈ, ਪਰ ਸ਼ਿਵ ਸੈਨਾ ਅਯੁੱਧਿਆ ਵੇਚਣ ਦੀ ਆਗਿਆ ਨਹੀਂ ਦੇਵੇਗੀ।
ਲੋਕਾਂ ਦੀ ਆਸਥਾ ਨਾਲ ਧੋਖਾ—ਪ੍ਰਿਅੰਕਾ ਗਾਂਧੀ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਯੁੱਧਿਆ ’ਚ ਰਾਮ ਮੰਦਰ ਦੇ ਨਾਮ ’ਤੇ ਜ਼ਮੀਨ ਖਰੀਦ ’ਚ ਲੋਕਾਂ ਦੀ ਆਸਥਾ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਿਯੰਕਾ ਨੇ ਕਿਹਾ ਹੈ ਕਿ ਦਲਿਤਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਨਾਲ ਹੀ ਘੱਟ ਮੁੱਲ ’ਤੇ ਖਰੀਦੀ ਗਈ ਜ਼ਮੀਨ ਮਹਿੰਗੀ ਕੀਮਤ ’ਤੇ ਟਰੱਸਟ ਨੂੰ ਵੇਚੀ ਗਈ ਹੈ, ਇਸ ਲਈ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਦੇਖਰੇਖ ’ਚ ਜਾਂਚ ਹੋਣੀ ਚਾਹੀਦੀ ਹੈ। ਪ੍ਰਿਯੰਕਾ ਨੇ ਇੱਥੇ ਪਾਰਟੀ ਹੈੱਡ ਕੁਆਰਟਰ ’ਚ ਵਿਸ਼ੇਸ਼ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਭਗਵਾਨ ਰਾਮ ਮਰਿਆਦਾ ਅਤੇ ਨੈਤਿਕਤਾ ਦੇ ਪ੍ਰਤੀਕ ਸਨ। ਭਗਵਾਨ ਰਾਮ ਨੇ ਵੱਡਾ ਬਲੀਦਾਨ ਇਸ ਲਈ ਦਿੱਤਾ, ਕਿਉਂਕਿ ਉਨ੍ਹਾਂ ਨੇ ਸੱਚ ਦੇ ਰਸਤੇ ’ਤੇ ਤੁਰਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਉਨ੍ਹਾਂ ਦੇ ਨਾਮ ’ਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਪੂਰੇ ਦੇਸ਼ ਦੀ ਆਸਥਾ ਨੂੰ ਠੁਕਰਾ ਕੇ ਉਸ ਨੂੰ ਸੱਟ ਪਹੁੰਚਾਈ ਜਾ ਰਹੀ ਹੈ।
ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਭਗਵਾਨ ਰਾਮ ਦੇ ਪ੍ਰਤੀ ਡੂੰਘੀ ਆਸਥਾ ਹੈ, ਇਸ ਲਈ ਦੇਸ਼ ਦੇ ਲਗਭਗ ਹਰ ਘਰ ਨੇ ਰਾਮ ਮੰਦਰ ਟਰੱਸਟ ਨੂੰ ਕੁਝ ਨਾ ਕੁਝ ਦਾਨ ਕੀਤਾ ਹੈ। ਘਰ-ਘਰ ਜਾ ਕੇ ਪ੍ਰਚਾਰ ਵੀ ਕੀਤਾ ਗਿਆ। ਆਪਣੀ ਆਸਥਾ ਕਾਰਨ ਗਰੀਬ ਪਰਿਵਾਰ ਅਤੇ ਔਰਤਾਂ ਨੇ ਆਪਣੀ ਬਚਤ ਤੋਂ ਚੰਦਾ ਦਿੱਤਾ ਹੈ। ਇਹ ਭਗਤੀ ਦੀ ਗੱਲ ਹੈ ਅਤੇ ਇਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕਿ ਦਲਿਤਾਂ ਦੀ ਜੋ ਜ਼ਮੀਨ ਖਰੀਦੀ ਨਹੀਂ ਜਾ ਸਕਦੀ ਸੀ, ਉਸ ਨੂੰ ਵੀ ਖਰੀਦਿਆ ਗਿਆ ਹੈ। ਵਾਡਰਾ ਨੇ ਕਿਹਾ ਕਿ ਜ਼ਮੀਨ ਦੇ ਕੁਝ ਹਿੱਸੇ ਘੱਟ ਮੁੱਲ ਦੇ ਸਨ ਪਰ ਉਸ ਜ਼ਮੀਨ ਨੂੰ ਟਰੱਸਟ ਨੂੰ ਬਹੁਤ ਵੱਧ ਕੀਮਤ ’ਤੇ ਵੇਚਿਆ ਗਿਆ। ਇਸ ਤੋਂ ਸਾਫ਼ ਹੈ ਕਿ ਮੰਦਰ ਨਿਰਮਾਣ ਲਈ ਦਾਨ ਦੇ ਮਾਧਿਅਮ ਨਾਲ ਹਾਸਲ ਕੀਤੀ ਗਈ ਜ਼ਮੀਨ ’ਚ ਬਹੁਤ ਵੱਡਾ ਘਪਲਾ ਹੋਇਆ ਹੈ। ਟਰੱਸਟ ਨੂੰ ਜ਼ਮੀਨ ਵੇਚ ਕੇ ਭਾਰੀ ਪੈਸਾ ਇਕੱਠਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਰਾਮ ਮੰਦਰ ਲਈ ਚੰਦੇ ਦੇ ਪੈਸੇ ਨਾਲ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਟਰੱਸਟ ਲਈ ਜ਼ਮੀਨ ਦੀ ਖਰੀਦ ’ਚ ਬਹੁਤ ਵੱਡਾ ਘਪਲਾ ਹੋਇਆ ਹੈ ਅਤੇ ਇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਹੋਣੀ ਚਾਹੀਦੀ।
ਅਯੁੱਧਿਆ ਵਿੱਚ ਜ਼ਮੀਨਾਂ ਹਥਿਆਉਣ ਦੇ ਮਾਮਲੇ ਦੀ ਜਾਂਚ ਦੇ ਹੁਕਮ
ਉੱਤਰ ਪ੍ਰਦੇਸ਼ ਸਰਕਾਰ ਨੇ ਅਯੁੱਧਿਆ ਵਿੱਚ ਜਿਥੇ ਰਾਮ ਮੰਦਰ ਉਸਾਰਿਆ ਜਾਣਾ ਹੈ, ਉਸ ਦੇ ਨੇੜੇ ਕੁਝ ਭਾਜਪਾ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਜ਼ਮੀਨ ਹਥਿਆਉਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਚੀਫ ਸਕੱਤਰ (ਸੂਚਨਾ) ਨਵਨੀਤ ਸਹਿਗਲ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਰੈਵੀਨਿਊ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਇਸ ਮਾਮਲੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

Comment here