ਸਿਆਸਤਸਿਹਤ-ਖਬਰਾਂਖਬਰਾਂ

ਰਾਤ ਨੂੰ ਕਰਫਿਊ, ਦਿਨੇ ਰੈਲੀਆਂ ਤੇ ਸਵਾਲ

ਉੱਤਰ ਪ੍ਰਦੇਸ਼ ਚੋਣਾਂ : ‘ਓਮੀਕਰੋਨ ਦੇ ਫੈਲਣ ਨੂੰ ਰੋਕਣਾ ਜਾਂ ਚੋਣ ਸ਼ਕਤੀ ਦਾ ਪ੍ਰਦਰਸ਼ਨ’—ਵਰੁਣ ਗਾਂਧੀ
ਲਖਨਊ-ਭਾਰਤ ਵਿੱਚ ਓਮੀਕਰੋਨ ਦੇ ਵਧਦੇ ਖ਼ਤਰੇ ਦੇ ਵਿਚਕਾਰ ਉੱਤਰ ਪ੍ਰਦੇਸ਼ ਵਿੱਚ ਰਾਤ ਨੂੰ ਕਰਫਿਊ ਲਗਾਉਣ ਅਤੇ ਦਿਨ ਵਿੱਚ ਵੱਡੀਆਂ ਚੋਣ ਰੈਲੀਆਂ ’ਤੇ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਤਨਜ਼ੀ ਭਰੇ ਲਹਿਜੇ ’ਚ ਟਵੀਟ ਕੀਤਾ ਕਿ ਰਾਤ ਨੂੰ ਕਰਫਿਊ ਲਗਾਉਣਾ ਅਤੇ ਦਿਨ ’ਚ ਲੱਖਾਂ ਲੋਕਾਂ ਨੂੰ ਰੈਲੀਆਂ ’ਚ ਸੱਦਣਾ ਸਮਝ ਤੋਂ ਬਾਹਰ ਹੈ।
ਵਰੁਣ ਗਾਂਧੀ ਨੇ ਟਵੀਟ ਕੀਤਾ, ‘ਰਾਤ ਨੂੰ ਕਰਫਿਊ ਲਗਾਉਣਾ ਅਤੇ ਦਿਨ ’ਚ ਲੱਖਾਂ ਲੋਕਾਂ ਨੂੰ ਰੈਲੀਆਂ ’ਚ ਸੱਦਣਾ – ਇਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ। ਉੱਤਰ ਪ੍ਰਦੇਸ਼ ਦੇ ਸੀਮਤ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਦੇਖਦੇ ਹੋਏ, ਸਾਨੂੰ ਇਮਾਨਦਾਰੀ ਨਾਲ ਇਹ ਫੈਸਲਾ ਕਰਨਾ ਹੋਵੇਗਾ ਕਿ ਕੀ ਸਾਡੀ ਤਰਜੀਹ ਖਤਰਨਾਕ ਓਮੀਕਰੋਨ ਦੇ ਫੈਲਣ ਨੂੰ ਰੋਕਣਾ ਹੈ ਜਾਂ ਚੋਣ ਸ਼ਕਤੀ ਦਾ ਪ੍ਰਦਰਸ਼ਨ।’’
ਦੱਸ ਦਈਏ ਕਿ ਦੇਸ਼ ਦੇ ਕਈ ਸੂਬਿਆਂ ’ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਨੀਵਾਰ ਰਾਤ ਤੋਂ ਯੂਪੀ ’ਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲੋਕਾਂ ਦੇ ਘਰੋਂ ਬਾਹਰ ਨਿਕਲਣ ’ਤੇ ਪਾਬੰਦੀ ਹੈ।
ਇਸ ਤੋਂ ਇਲਾਵਾ ਵਿਆਹਾਂ ਵਰਗੇ ਸਮਾਗਮਾਂ ਵਿੱਚ ਕੋਵਿਡ ਪ੍ਰੋਟੋਕੋਲ ਨਾਲ ਵੱਧ ਤੋਂ ਵੱਧ 200 ਲੋਕਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰਾਨ ਯੂਪੀ ਚੋਣਾਂ ਦੀ ਤਿਆਰੀ ਕਰ ਰਹੀ ਭਾਜਪਾ ਅਤੇ ਸਮਾਜਵਾਦੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਵੱਡੀਆਂ ਰੈਲੀਆਂ ਕਰ ਰਹੀਆਂ ਹਨ।
ਯੂਪੀ ਦੇ ਪੀਲੀਭੀਤ ਤੋਂ ਭਾਜਪਾ ਸਾਂਸਦ ਵਰੁਣ ਗਾਂਧੀ ਨੂੰ ਹਾਲ ਹੀ ਦੇ ਦਿਨਾਂ ’ਚ ਕਈ ਮੁੱਦਿਆਂ ’ਤੇ ਆਪਣੀ ਹੀ ਪਾਰਟੀ ਨੂੰ ਘੇਰਦੇ ਦੇਖਿਆ ਗਿਆ ਹੈ। ਇਸ ਕੜੀ ’ਚ ਉਨ੍ਹਾਂ ਦਾ ਤਾਜ਼ਾ ਟਵੀਟ ਦੇਖਣ ਨੂੰ ਮਿਲ ਰਿਹਾ ਹੈ।

Comment here