ਅੰਮਿ੍ਤਸਰ-ਵਿਰਾਸਤ ਪ੍ਰੇਮੀਆਂ ਦੀ ਲੰਬੀ ਜੱਦੋ-ਜਹਿਦ ਦੇ ਬਾਅਦ ਸੂਬੇ ਦੇ ਸੈਰ ਸਪਾਟਾ ਵਿਭਾਗ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮੋਰਾਂ ਦੇ ਨਾਂਅ ਨਾਲੋਂ ਅੰਮਿ੍ਤਸਰ ਦੇ ਸਰਹੱਦੀ ਪਿੰਡ ਧਨੋਏ ਕਲਾਂ ਨੂੰ ਜਾਂਦੀ ਸੜਕ ‘ਤੇ ਲਗਾਏ ਬੋਰਡ ਤੋਂ ਰਾਣੀ ਦੇ ਨਾਂਅ ਨਾਲ ਲਗਾਇਆ ‘ਕੰਜਰੀ’ ਸ਼ਬਦ ਹਟਾ ਕੇ ‘ਪੁੱਲ ਮੋਰਾਂ’ ਲਿਖ ਦਿੱਤਾ ਗਿਆ ਹੈ । ਹਾਲਾਂਕਿ, ਪਿੰਡ ‘ਵਿਚ ਮੌਜੂਦ ਪੁਰਾਣੇ ਇਤਿਹਾਸਕ ਤਲਾਬ ਅਤੇ ਬੇ-ਆਬਾਦ ਸ਼ਿਵਾਲੇ ਦੇ ਇਤਿਹਾਸ ਬਾਰੇ ਲਿਖੇ ਬੋਰਡ ਸਮੇਤ ਕੁਝ ਸੂਚਨਾ ਬੋਰਡ ‘ਤੇ ਅਜੇ ਵੀ ਰਾਣੀ ਮੋਰਾਂ ਨੂੰ ‘ਕੰਜਰੀ’ ਸ਼ਬਦ ਨਾਲ ਸੰਬੋਧਿਤ ਕੀਤਾ ਗਿਆ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਧਨੋਏ ਕਲਾਂ ‘ਤੇ ਮੌਜੂਦ ਭਾਰਤੀ ਸੁਰੱਖਿਆ ਬੱਲ ਦੀ ਚੌਕੀ ਦੇ ਬਾਹਰ ਲਗਾਏ ਗਏ ਬੋਰਡ ‘ਤੇ ਬੀ. ਐਸ. ਐਫ. ਵਲੋਂ ‘ਸੀਮਾ ਚੌਕੀ ਪੁੱਲ ਮੌਰਾਂ’ ਲਿਖਿਆ ਹੋਇਆ ਹੈ । ਸਰਹੱਦ ਪਾਰ ਲਾਹੌਰ ਦੇ ਸ਼ਾਹ ਆਲਮ ਬਾਜ਼ਾਰ ਦੇ ਮਤੀ ਚੌਂਕ ਦੇ ਨਾਲ ਲਗਦੀ ਦੀ ਪਾਪੜ ਮੰਡੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਰਾਣੀ ਮੋਰਾਂ ਦੇ ਨਾਂਅ ‘ਤੇ ਉਸਾਰੀ ਮਸਜਿਦ ਨੂੰ ਦੇਸ਼ ਦੀ ਵੰਡ ਤੋਂ ਪਹਿਲਾਂ ਮਸਜਿਦ-ਏ-ਤਵਾਇਫਾਂ ਅਤੇ ਮੌਜੂਦਾ ਸਮੇਂ ਮਾਈ ਮੋਰਾਂ ਦੀ ਮਸੀਤ ਕਹਿਕੇ ਸੰਬੋਧਿਤ ਕੀਤਾ ਜਾ ਰਿਹਾ ਹੈ । ਉਕਤ ਮਸਜਿਦ ਦੇ ਮੁੱਖ ਦਰਵਾਜ਼ੇ ‘ਤੇ ਅਰਬੀ ਭਾਸ਼ਾ ਵਿਚ ਦਰਜ ਇਬਾਰਤ ਦੇ ਅਨੁਸਾਰ ਇਹ ਮਸਜਿਦ ਮਹਾਰਾਜਾ ਰਣਜੀਤ ਸਿੰਘ ਨੇ ਰਾਣੀ ਮੋਰਾਂ ਦੀ ਫ਼ਰਮਾਇਸ਼ ‘ਤੇ ਸੰਨ 1809 ਵਿਚ ਬਣਵਾਈ । ਉਕਤ ਇਲਾਕੇ ਦੇ ਦੁਕਾਨਦਾਰਾਂ ਵਲੋਂ ਆਪਣੇ ਖਰਚੇ ‘ਤੇ ਮਸਜਿਦ ਦੇ ਅੰਦਰ ਪ੍ਰਾਰਥਨਾ ਲਈ ਇਕ ਵੱਡਾ ਕਮਰਾ ਅਤੇ ਉਸ ਦੇ ਨਾਲ ਲੱਗਦਿਆਂ ਕਮਰਿਆਂ ‘ਵਿਚ ਇਕ ਲਾਇਬ੍ਰੇਰੀ ਅਤੇ ਮੁਫ਼ਤ ਕੰਪਿਊਟਰ ਸੈਂਟਰ ਸ਼ੁਰੂ ਕੀਤਾ ਗਿਆ ਹੈ ।ਪਾਪੜ ਮੰਡੀ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਈ ਮੋਰਾਂ ਇਕ ਨੇਕ ਦਿਲ ਔਰਤ ਸੀ ਅਤੇ ਉਸ ਨੇ ਲਾਹੌਰ ‘ਵਿਚ ਨੇਕੀ ਦੇ ਕਈ ਕੰਮ ਕਰਵਾਏ, ਜਿਸ ਦੇ ਬਾਅਦ ਉਸ ਨੂੰ ‘ਮਾਂ’ (ਮਾਈ) ਕਹਿਕੇ ਸੰਬੋਧਿਤ ਕੀਤਾ ਜਾਣਾ ਹੀ ਉਚਿੱਤ ਹੈ ।
Comment here