ਰਾਣੀ ਮੁਖਰਜੀ ਅੱਜ ਭਾਵੇਂ ਫ਼ਿਲਮਾਂ ਵਿਚ ਘੱਟ ਨਜ਼ਰ ਆ ਰਹੀ ਹੋਵੇ, ਪਰ ਉਸ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਹਾਲ ਹੀ ਵਿਚ ਰਾਣੀ ‘ਮਿਸੇਜ ਚੈਟਰਜੀ ਵਰਸਿਸ ਨਾਰਵੇ’ ਵਿਚ ਨਜ਼ਰ ਆਈ ਸੀ। ਬਹੁਤ ਜਲਦੀ ਉਸ ਦੀ ਇਕ ਹੋਰ ਫ਼ਿਲਮ ‘ਮਰਦਾਨੀ 3’ ਵਿਚ ਵੀ ਉਹ ਨਜ਼ਰ ਆਵੇਗੀ। ਹੁਣੇ ਜਿਹੇ ਰਿਲੀਜ਼ ਹੋਈ ਰਾਣੀ ਦੀ ਫ਼ਿਲਮ ‘ਮਿਸੇਜ ਚੈਟਰਜੀ ਵਰਸਿਸ ਨਾਰਵੇ’, ‘ਨਾਰਵੇ ਵਿਚ ਰਹਿ ਰਹੀ ਸਾਗਾਰਿਕਾ ਭੱਟਾਚਾਰਿਆ ਦੀ ਅਸਲ ਅਤੇ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ਨੂੰ ਆਸ਼ਿਮਾ ਛਿੱਬਰ ਵਲੋਂ ਨਿਰਦੇਸ਼ਿਤ ਕੀਤਾ ਗਿਆ।
ਫ਼ਿਲਮ ਵਿਚ ਰਾਣੀ ਮੁਖਰਜੀ ਨੇ ਇਕ ਇਸ ਤਰ੍ਹਾਂ ਦੀ ਮਾਂ ਦੇ ਕਿਰਦਾਰ ਨੂੰ ਨਿਭਾਇਆ ਹੈ ਜਿਸ ਨਾਲ ਨਾਰਵੇ ਦੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਦੀ ਪਰਵਰਿਸ਼ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਉਸ ਦੇ ਦੋਵੇਂ ਬੱਚੇ ਖੋਹ ਲਏ ਜਾਂਦੇ ਹਨ। ਬਾਅਦ ਵਿਚ ਭਾਰਤ ਸਰਕਾਰ ਦੀ ਪਹਿਲ ’ਤੇ ਦੋਵੇਂ ਬੱਚੇ ਸਾਗਾਰਿਕਾ ਦੀ ਕਸੱਟਡੀ ਵਿਚ ਸੁਪੁਰਦ ਕੀਤੇ ਜਾਂਦੇ ਹਨ।
ਹਮੇਸ਼ਾ ਵੱਖਰੇ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਰਾਣੀ ਮੁਖਰਜੀ ਨੇ ਇਕ ਬਿਲਕੁਲ ਵੱਖਰੇ ਅਤੇ ਅਨੋਖੇ ਕਿਰਦਾਰ ਵਿਚ ਸਾਗਾਰਿਕਾ ਭੱਟਾਚਾਰਿਆ ਦੇ ਦੁਖ ਦਰਦ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਹਾਸਲ ਕਰਨ ਦੇ ਸੰਘਰਸ਼ ਨੂੰ ਵੱਡੇ ਪਰਦੇ ’ਤੇ ਜਿਊਂਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਖ਼ੁਦ ਸਾਗਰਿਕਾ ਨੇ ਰਾਣੀ ਦੇ ਕੰਮ ਦੀ ਤਾਰੀਫ਼ ਕਰਦੇ ਹੋਏ ਕਿਹਾ ਹੈ ਕਿ ਰਾਣੀ ਮੁਖਰਜੀ ਖ਼ੁਦ ਵੀ ਇਕ ਮਾਂ ਹੈ ਅਤੇ ਮੈਂ ਉਨ੍ਹਾਂ ਦੀ ਸ਼ੁਕਰ ਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਕ ਮਾਂ ਦੀ ਦਰਦ ਭਰੀ ਦਾਸਤਾਂ ਨੂੰ ਬੇਹੱਦ ਭਾਵੁਕ ਢੰਗ ਨਾਲ ਪਰਦੇ ’ਤੇ ਉਤਾਰਿਆ ਹੈ।
‘ਮਿਸਿਜ਼ ਚੈਟਰਜੀ ਵਰਸਿਸ ਨਾਰਵੇ’ ਵਿਚ ਪਹਿਲਾਂ ਸੈਫ ਅਲੀ ਖਾਨ, ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਵਾਘ ਦੇ ਨਾਲ ‘ਬੰਟੀ ਔਰ ਬਬਲੀ-2’ (2021) ਵਿਚ ਨਜ਼ਰ ਆਉਣ ਵਾਲੀ ਰਾਣੀ ਮੁਖਰਜੀ ਨੇ ਬੰਗਾਲੀ ਫ਼ਿਲਮ ‘ਬਿਯੇਰ ਫੂਲ’ (1996) ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਅਗਲੇ ਹੀ ਸਾਲ ਉਸ ਨੂੰ ‘ਰਾਜਾ ਕੀ ਆਏਗੀ ਬਾਰਾਤ’ (1997) ਜ਼ਰੀਏ ਹਿੰਦੀ ਫ਼ਿਲਮਾਂ ਵਿਚ ਕਦਮ ਰੱਖਣ ਦਾ ਮੌਕਾ ਮਿਲਿਆ ਸੀ।
Comment here