ਸਿਆਸਤਖਬਰਾਂਮਨੋਰੰਜਨ

ਰਾਜ ਸਭਾ ’ਚ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ

 ਨਵੀਂ ਦਿੱਲੀ – ਸੁਰਾਂ ਦੀ ਮਲਿਕਾ ਅਤੇ ਭਾਰਤ ਰਤਨ ਨਾਲ ਸਨਮਾਨਤ ਲਤਾ ਮੰਗੇਸ਼ਕਰ ਜੀ ਨੇ 92 ਸਾਲ ਦੀ ਉਮਰ ’ਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਅੱਜ ਉਨ੍ਹਾਂ ਨੂੰ ਰਾਜ ਸਭਾ ’ਚ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਸਨਮਾਨ ’ਚ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਲਈ ਸਦਨ ਵਿਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੀ ਮੈਂਬਰਾਂ ਨੂੰ ਰਾਜ ਸਭਾ ਦੀ ਨਾਮਜ਼ਦ ਮੈਂਬਰ ਰਹੀ ਲਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਵੈਂਕਈਆ ਨੇ ਦੱਸਿਆ ਕਿ ਸੁਰਾਂ ਦੀ ਮਲਿਕਾ ਦਾ ਬੀਤੇ ਐਤਵਾਰ ਨੂੰ ਦਿਹਾਂਤ ਹੋ ਗਿਆ। ਲਤਾ ਮੰਗੇਸ਼ਕਰ ਦਾ ਜਨਮ ਸਤੰਬਰ 1929 ’ਚ ਹੋਇਆ ਸੀ ਅਤੇ ਬਹੁਤ ਹੀ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਨੂੰ ਆਪਣੇ ਹੁਨਰ ਤੋਂ ਜਾਣੂ ਕਰਵਾ ਦਿੱਤਾ। 92 ਸਾਲਾਂ ਦੇ ਸਫਰ ਤੋਂ ਬਾਅਦ ਉਹ ਸਵਰਗਵਾਸ ਹੋ ਗਏ। ਕਰੀਬ 7 ਦਹਾਕਿਆਂ ਤੱਕ ਸੰਗੀਤ ਦੀ ਦੁਨੀਆ ’ਚ ਛਾਈ ਰਹਿਣ ਵਾਲੀ ਅਤੇ ਸੁਰਾਂ ਦੀ ਮਲਿਕਾ ਦੇ ਨਾਂ ਤੋਂ ਮਸ਼ਹੂਰ ਲਤਾ ਨੇ 36 ਭਾਸ਼ਾਵਾਂ ’ਚ 25 ਹਜ਼ਾਰ ਤੋਂ ਵੀ ਵੱਧ ਗੀਤ ਗਾਏ। ਇਨ੍ਹਾਂ ’ਚ ਵਿਦੇਸ਼ੀ ਭਾਸ਼ਾਵਾਂ ’ਚ ਗਾਏ ਹੋਏ ਗੀਤ ਵੀ ਸ਼ਾਮਲ ਹਨ। ਨਾਇਡੂ ਨੇ ਦੱਸਿਆ ਕਿ ਲਤਾ ਜੀ 1999 ਤੋਂ ਨਵੰਬਰ 2005 ਤੱਕ ਰਾਜ ਸਭਾ ’ਚ ਨਾਮਜ਼ਦ ਮੈਂਬਰ ਵੀ ਰਹੀ। ਉਨ੍ਹਾਂ ਨੇ ਬੀਮਾਰ ਲੋਕਾਂ ਅਤੇ ਸੀਨੀਅਰ ਨਾਗਰਿਕਾਂ ਦੀ ਮਦਦ ਲਈ ਚੈਰੀਟੇਬਲ ਸੰਸਥਾਵਾਂ ਦੀ ਵੀ ਸਥਾਪਨਾ ਕੀਤੀ। ਉਨ੍ਹਾਂ ਨੂੰ ਪਦਮ ਸ਼੍ਰੀ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਅਤੇ ਭਾਰਤ ਰਤਨ ਵਰਗੇ ਸਰਵਉੱਚ ਸਨਮਾਨਾਂ ਨਾਲ ਨਵਾਜਿਆ ਗਿਆ। ਭਾਰਤ ਰਤਨ ਵਰਗੇ ਸਰਵਉੱਚ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਉਹ ਦੂਜੇ ਭਾਰਤੀ ਸਨ। ਨਾਇਡੂ ਨੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਦੇਸ਼ ਨੇ ਸੰਗੀਤ ਦੀ ਦੁਨੀਆ ਦੀ ਮਹਾਨ ਸ਼ਖਸੀਅਤ ਨੂੰ ਗੁਆ ਦਿੱਤਾ ਹੈ ਅਤੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਇਹ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Comment here