ਸ਼੍ਰੀਨਗਰ – ਜੰਮੂ-ਕਸ਼ਮੀਰ ਵਿੱਚ ਭਾਜਪਾ ਆਗੂ ਇਕ ਵਾਰ ਫੇਰ ਅੱਤਵਾਦੀਆਂ ਦਾ ਸ਼ਿਕਾਰ ਹੋਏ ਹਨ। ਰਾਜੌਰੀ ਜ਼ਿਲ੍ਹੇ ਵਿੱਚ ਬੀਜੇਪੀ ਨੇਤਾ ਜਸਬੀਰ ਸਿੰਘ ਦੇ ਘਰ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਹੈ। ਜਿਸ ਕਾਰਨ ਚਾਰ ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ ਤੇ ਸੱਤ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਹਮਲੇ ’ਚ ਮਾਰਿਆ ਗਿਆ ਬੱਚਾ ਭਾਜਪਾ ਆਗੂ ਜਸਬੀਰ ਸਿੰਘ ਦਾ ਨਿੱਕਾ ਭਤੀਜਾ ਸੀ। ਜਿਸ ਵੇਲੇ ਹਮਲੇ ਹੋਇਆ, ਤਦ ਜਸਬੀਰ ਸਿੰਘ ਹੁਰਾਂ ਦਾ ਸਾਰਾ ਪਰਿਵਾਰ ਪਹਿਲੀ ਮੰਜ਼ਲ ਉੱਤੇ ਸੀ। ਹੱਥਗੋਲੇ ਨਾਲ ਕੀਤੇ ਗਏ ਇਸ ਹਿੰਸਕ ਹਮਲੇ ਦੀ ਜ਼ਿੰਮੇਵਾਰੀ ‘ਪੀਪੀ’ਜ਼ ਐਂਟੀ ਫ਼ਾਸ਼ਿਸਟ ਫ਼੍ਰੰਟ’ ਨੇ ਲਈ ਹੈ। ਹਮਲੇ ਤੋਂ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈਸਮੁੱਚੇ ਰਾਜੌਰੀ ਇਲਾਕੇ ’ਚ ਹੀ ਸੁਰੱਖਿਆ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। । ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਘਾਟੀ ਵਿੱਚ ਪਿਛਲੇ ਕੁੱਝ ਸਮੇਂ ਤੋਂ ਕਈ ਬੀਜੇਪੀ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਰਹੇ ਹਨ। ਨੌਂ ਅਗਸਤ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਲਾਲ ਚੌਕ ਵਿੱਚ ਅੱਤਵਾਦੀਆਂ ਨੇ ਬੀਜੇਪੀ ਨੇਤਾ ਗੁਲਾਮ ਰਸੂਲ ਡਾਰ ਅਤੇ ਉਨ੍ਹਾਂ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਡਾਰ ਕੁਲਗਾਮ ਤੋਂ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਨ ਅਤੇ ਉਹ ਸਰਪੰਚ ਵੀ ਸਨ। ਉੱਧਰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਅੱਤਵਾਦੀਆਂ ਨੇ ਅਚਾਨਕ ਬੀਐਸਐਫ਼ ਦੀ ਇੱਕ ਟੁਕੜੀ ਉੱਤੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆ। ਉੱਥੇ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਸੁਰੱਖਿਆ ਜਵਾਨਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।
Comment here