ਸਿਆਸਤਖਬਰਾਂਚਲੰਤ ਮਾਮਲੇ

ਰਾਜਪਾਲ ਸਮਝਦਾਰ ਨੇ, ਮਾਨ ਨੂੰ ਗਲਤ ਭਾਸ਼ਾ ਨਹੀਂ ਵਰਤਣੀ ਚਾਹੀਦੀ-ਢੀਂਡਸਾ

ਚੰਡੀਗੜ੍ਹ-ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਸੀਐਮ ਭਗਵੰਤ ਮਾਨ ਵਿਚਾਲੇ ਤਲਖੀ ਖਤਮ ਨਹੀਂ ਹੋਈ। ਅੱਜ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਇਕ ਚਿੱਠੀ ਲਿਖੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਰਾਜਪਾਲ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਵਿਵਾਦ ‘ਤੇ ਕਿਹਾ ਕਿ ਇਸ ਤਰ੍ਹਾਂ ਦਾ ਵਿਵਾਦ ਹੋਣਾ ਠੀਕ ਨਹੀਂ ਹੈ। ਜੇਕਰ ਪੰਜਾਬ ਵਿੱਚ ਅਜਿਹਾ ਫੈਸਲਾ ਹੁੰਦਾ ਹੈ ਤਾਂ ਲੋਕ ਚੋਣ ਫੈਸਲੇ ਦਾ ਸਨਮਾਨ ਨਹੀਂ ਕਰਨਗੇ। ਮੁੱਖ ਮੰਤਰੀ ਨੂੰ ਰਾਜਪਾਲ ਨਾਲ ਇਸ ਵਿਵਾਦ ਨੂੰ ਖਤਮ ਕਰਨਾ ਚਾਹੀਦਾ ਹੈ। ਪਰ ਅਜਿਹੇ ਮਾਹੌਲ ਵਿੱਚ ਜਦੋਂ ਮੁੱਖ ਮੰਤਰੀ ਕਿਸੇ ਪੱਤਰ ਦਾ ਜਵਾਬ ਨਹੀਂ ਦਿੰਦੇ ਤਾਂ ਰਾਜਪਾਲ ਮਜਬੂਰੀ ਵਿੱਚ ਕੋਈ ਫੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਨੂੰ ਰਾਜਪਾਲ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ।
ਰਾਜਪਾਲ ਕੋਲ ਸ਼ਕਤੀਆਂ ਹਨ, ਉਹ ਕਰ ਸਕਦੇ ਹਨ। ਸ. ਢੀਂਡਸਾ ਨੇ ਅੱਗੇ ਕਿਹਾ ਕਿ ਰਾਜਪਾਲ ਬਹੁਤ ਤਜਰਬੇਕਾਰ ਅਤੇ ਸਮਝਦਾਰ ਵਿਅਕਤੀ ਹਨ। ਮੁੱਖ ਮੰਤਰੀ ਨੂੰ ਉਨ੍ਹਾਂ ਲਈ ਭੱਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਜੇਕਰ ਰਾਜਪਾਲ ਨੇ ਵੀ ਮੁੱਖ ਮੰਤਰੀ ਨੂੰ ਕੁਝ ਪੁੱਛਿਆ ਹੈ ਤਾਂ ਇਸ ਦਾ ਜਵਾਬ ਦੇਣ ਵਿੱਚ ਕੀ ਹਰਜ਼ ਹੈ। ਅਸੀਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦਾ ਸੰਤਾਪ ਭੋਗਿਆ ਹੈ, ਜਦੋਂ ਮੈਂ ਮੰਤਰੀ ਸੀ, ਬਾਦਲ ਸਾਹਿਬ ਮੁੱਖ ਮੰਤਰੀ ਸਨ ਤਾਂ ਰਾਤੋ-ਰਾਤ ਸਰਕਾਰ ਡੇਗ ਦਿੱਤੀ ਗਈ ਸੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦਾ ਸਾਰਾ ਕੰਟਰੋਲ ਕੇਂਦਰ ਕੋਲ ਚਲਾ ਜਾਵੇਗਾ। ਰਾਸ਼ਟਰਪਤੀ ਸ਼ਾਸਨ 6 ਮਹੀਨਿਆਂ ਲਈ ਇਕ ਵਾਰ ਲਾਗੂ ਹੁੰਦਾ ਹੈ, ਜਿਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਦਸ ਦਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਮਾਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਜੇਕਰ ਇਸ ਚਿੱਠੀ ਸਮੇਤ ਬਾਕੀ ਚਿੱਠੀਆਂ ਦਾ ਤੁਰੰਤ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਵਲੋਂ ਰਾਜ ਵਿਚ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਰਾਜਪਾਲ ਨੇ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਸੰਵਿਧਾਨਕ ਤੰਤਰ ਦੇ ਫ਼ੇਲ੍ਹ ਹੋਣ ਦੀ ਰਿਪੋਰਟ ਵੀ ਉਨ੍ਹਾਂ ਵਲੋਂ ਭੇਜੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ।

Comment here