ਸਿਆਸਤਖਬਰਾਂਦੁਨੀਆ

ਰਾਜਪਕਸ਼ੇ ਨੇ ਚੀਨ ਕੋਲ ਕਰਜ਼-ਸੰਕਟ ਦਾ ਮੁੱਦਾ ਚੁੱਕਿਆ

ਕੋਲੰਬੋ-ਬੀਤੇ ਦਿਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਕਰਜ਼ੇ ਸੰਕਟ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਬੀਜਿੰਗ ਆਪਣੇ ਵਿਦੇਸ਼ੀ ਕਰਜ਼ੇ ਨੂੰ ਪੁਨਰਗਠਨ ਕਰਕੇ ਵਿਦੇਸ਼ੀ ਮੁਦਰਾ ਸੰਕਟ ਤੋਂ ਉੱਭਰਨ ‘ਚ ਉਨ੍ਹਾਂ ਦੇ ਦੇਸ਼ ਦੀ ਮਦਦ ਕਰ ਸਕਦਾ ਹੈ। ਵਾਂਗ ਮਾਲਦੀਵ ਤੋਂ ਸ਼ਨੀਵਾਰ ਨੂੰ ਦੋ ਦਿਨਾ ਯਾਤਰਾ ’ਤੇ ਇਥੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਸਕੱਤਰੇਤ ‘ਚ ਰਾਜਪਕਸ਼ੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼੍ਰੀਲੰਕਾਈ ਰਾਸ਼ਟਰਪਤੀ ਨੇ ਇਹ ਮੁੱਦਾ ਚੁੱਕਿਆ। ਸ਼੍ਰੀਲੰਕਾ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਰਾਜਪਕਸ਼ੇ ਨੇ ਕਿਹਾ ਕਿ ਜੇਕਰ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਹੱਲ ਦੇ ਰੂਪ ‘ਚ ਪੁਨਰਗਠਨ ‘ਤੇ ਵਿਚਾਰ ਕੀਤਾ ਜਾਂਦਾ ਹੈ ਤਾਂ ਇਹ ਸ਼੍ਰੀਲੰਕਾ ਲਈ ਇਕ ਵੱਡੀ ਰਾਹਤ ਹੋਵੇਗੀ। ਇਕ ਅਨੁਮਾਨ ਮੁਤਾਬਕ ਸ਼੍ਰੀਲੰਕਾ ਨੂੰ ਇਸ ਸਾਲ 1.5 ਤੋਂ 2 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਚੀਨ ਨੂੰ ਚੁਕਾਉਣਾ ਹੈ। ਅੰਤਰਰਾਸ਼ਟਰੀ ਰੇਟਿੰਗ ਏਜੰਸੀਆਂ ਨੇ ਸ਼੍ਰੀਲੰਕਾ ਵੱਲੋਂ 150 ਕਰੋੜ ਅਮਰੀਕੀ ਡਾਲਰ ਦੇ ਅੰਤਰਰਾਸ਼ਟਰੀ ਸਾਵਰੇਨ ਬਾਂਡ ਭੁਗਤਾਨਾਂ ਨੂੰ ਪੂਰਾ ਕਰਨ ‘ਤੇ ਸ਼ੱਕ ਜਤਾਇਆ ਹੈ। ਇਸ ‘ਚੋਂ 50 ਕਰੋੜ ਅਮਰੀਕੀ ਡਾਲਰ ਦਾ ਪਹਿਲਾ ਭੁਗਤਾਨ ਅਗਲੇ ਹਫ਼ਤੇ ਕੀਤਾ ਜਾਣਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜੇਕਰ ਚੀਨ ਤੋਂ ਆਯਾਤ ਲਈ ਰਵਾਇਤੀ ਵਪਾਰ ਕਰਜ਼ਾ ਯੋਜਨਾ ਨੂੰ ਮਨਜ਼ੂਰੀ ਮਿਲ ਜਾਵੇ ਤਾਂ ਇਸ ਨਾਲ ਉਦਯੋਗ ਠੀਕ ਢੰਗ ਨਾਲ ਕੰਮ ਕਰ ਸਕਣਗੇ। ਵਾਂਗ ਦੀ ਯਾਤਰਾ ਅਜਿਹੇ ਸਮੇਂ ‘ਚ ਹੋ ਰਹੀ ਹੈ, ਜਦੋਂ ਸ਼੍ਰੀਲੰਕਾ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਵਿਦੇਸ਼ੀ ਮੁਦਰਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

Comment here