ਕੋਲੰਬੋ – ਸਿਆਸੀ ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ, ਉਨ੍ਹਾਂ ਦੇ ਪੁੱਤਰ ਨਮਲ ਰਾਜਪਕਸ਼ੇ ਅਤੇ 15 ਹੋਰਾਂ ਦੇ ਦੇਸ਼ ਛੱਡਣ ਤੋਂ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਰੋਕ ਪਿਛਲੇ ਹਫ਼ਤੇ ਕੋਲੰਬੋ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਲਗਾਈ ਹੈ। ਆ ਰਹੀਆਂ ਖਬਰਾਂ ਮੁਤਾਬਕ ਫੋਰਟ ਮੈਜਿਸਟ੍ਰੇਟ ਦੀ ਅਦਾਲਤ ਨੇ ਉਨ੍ਹਾਂ ਦੇ ਵਿਦੇਸ਼ ਜਾਣ ‘ਤੇ ਰੋਕ, ਸੋਮਵਾਰ ਨੂੰ ਗੋਟਾਗੋਗਾਮਾ ਅਤੇ ਮਿਨਾਗੋਗਾਮਾ ਪ੍ਰਦਰਸ਼ਨ ਸਥਾਨ ‘ਤੇ ਹੋਏ ਹਮਲੇ ਦੀ ਜਾਂਚ ਦੇ ਮੱਦੇਨਜ਼ਰ ਲਗਾਈ ਹੈ। ਜਿਨ੍ਹਾਂ ਲੋਕਾਂ ‘ਤੇ ਦੇਸ਼ ਛੱਡਣ ‘ਤੇ ਰੋਕ ਲਗਾਈ ਗਈ ਹੈ, ਉਨ੍ਹਾਂ ‘ਚ ਐੱਮ.ਪੀ. ਜਾਨਸਨ ਫਰਨਾਂਡੋ, ਪਵਿੱਤਰਾ ਵੰਨੀਰਚੀ, ਸੰਜੀਵਾ ਇਦੀਰਿਮਾਨੇ, ਕੰਚਨਾ ਜੈਰਤਨੇ, ਰੋਹਿਤਾ ਅਬੇਗੁਨਾਵਰਧਨਾ, ਸੀਬੀ ਰਤਨਾਇਕੇ, ਸੰਪਤ ਅਤੁਕੋਰਾਲਾ, ਰੇਣੂਕਾ ਪਰੇਰਾ, ਸਨਥ ਨਿਸ਼ਾਂਤ, ਸੀਨੀਅਰ ਡੀ.ਆਈ.ਜੀ. ਦੇਸ਼ਬੰਧੂ ਟੇਨੇਕੂਨ ਸ਼ਾਮਲ ਹਨ। ਇਸ ਤੋਂ ਪਹਿਲਾਂ ਅਟਾਰਨੀ ਜਨਰਲ ਨੇ ਇਨ੍ਹਾਂ 17 ਲੋਕਾਂ ਦੀ ਵਿਦੇਸ਼ ਯਾਤਰਾ ‘ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਸੀ ਕਿ ਗੋਟਾਗੋਗਾਮਾ ਅਤੇ ਮਿਨਾਗੋਗਾਮਾ ਪ੍ਰਦਰਸ਼ਨ ਸਥਾਨ ‘ਤੇ ਹੋਏ ਹਮਲੇ ਦੀ ਜਾਂਚ ਦੇ ਸਬੰਧ ਵਿੱਚ ਇਨ੍ਹਾਂ ਦੀ ਸ੍ਰੀਲੰਕਾ ਵਿੱਚ ਮੌਜੂਦਗੀ ਜ਼ਰੂਰੀ ਸੀ।
ਰਾਜਪਕਸ਼ੇ ਦੇਸ਼ ਨਹੀਂ ਛੱਡ ਸਕਣਗੇ

Comment here