ਸਿਆਸਤਖਬਰਾਂ

ਰਾਜਨੀਤੀ ਖਤਮ ਕੀਤੇ ਬਿਨਾਂ ਸਾਡੇ ਪਿੰਡਾਂ ਦਾ ਵਿਕਾਸ ਨਹੀਂ ਹੋਣਾ-ਸਰਪੰਚ ਰਣਸੀਂਹ ਕਲਾਂ

ਮੋਗਾ- ਇਤਿਹਾਸ ਸਿਰਜਣ ਵਾਲੇ ਵੱਖਰੇ ਵਿਚਾਰ ਰੱਖਦੇ ਹੁੰਦੇ ਨੇ, ਤੇ ਵੱਖਰੇ ਰਾਹਵਾਂ ਤੇ ਤੁਰਦੇ ਹੁੰਦੇ ਨੇ, ਅਜਿਹਾ ਹੀ ਸ਼ਖਸ ਹੈ ਮੋਗਾ ਜ਼ਿਲੇ ਦੇ  ਪਿੰਡ ਰਣਸੀਂਹ ਕਲਾਂ  ਦਾ ਨੌਜਵਾਨ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ, ਜਿਸ ਨੇ ਅਪਣੀ ਨਿਵੇਕਲੀ ਸੋਚ ਅਤੇ ਚੰਗੀ ਸੂਝ ਬੂਝ ਨਾਲ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਅਤੇ ਅੱਜ ਇਹ ਪਿੰਡ ਸਵਰਗ ਨੂੰ ਵੀ ਮਾਤ ਪਾਉਂਦਾ ਹੈ। ਸਰਪੰਚ ਨੇ ਕਿਹਾ ਕਿ ਜਦੋਂ ਤੱਕ ਅਸੀਂ ਅਪਣੇ ਪਿੰਡਾਂ ਵਿਚੋਂ ਰਾਜਨੀਤੀ ਖਤਮ ਨਹੀਂ ਕਰਾਂਗੇ, ਉਦੋਂ ਤੱਕ ਸਾਡੇ ਪਿੰਡਾਂ ਦਾ ਵਿਕਾਸ ਨਹੀਂ ਹੋਵੇਗਾ। ਪਿੰਡ ਦੇ ਨੌਜਵਾਨ ਸਰਪੰਚ ਦੀ ਸਖ਼ਤ ਮਿਹਨਤ ਅਤੇ ਲਗਨ ਦੇ ਚਲਦਿਆਂ ਅੱਜ ਇਹ ਪਿੰਡ ਸ਼ਹਿਰਾਂ ਦੇ ਬਰਾਬਰ ਖੜ੍ਹਾ ਹੈ ਅਤੇ ਪਿੰਡ ਦੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਅੱਜ 2021 ਵਿਚ ਵੀ ਪਿੰਡਾਂ, ਸ਼ਹਿਰਾਂ ਅਤੇ ਦੇਸ਼ ਦਾ ਵਿਕਾਸ ਗਲੀਆਂ-ਨਾਲੀਆਂ ਤੱਕ ਹੀ ਸੀਮਤ ਹੈ। ਸਰਕਾਰਾਂ ਵੱਲੋਂ ਪਿੰਡਾਂ ਨੂੰ ਜਾਰੀ ਕੀਤੀ ਜਾਣ ਵਾਲੀ ਗ੍ਰਾਂਟ ਵੀ ਗਲੀਆਂ ਨਾਲੀਆਂ ਲਈ ਹੀ ਆਉਂਦੀ ਹੈ। ਉਹਨਾਂ ਕਿਹਾ ਕਿ ਜਿਸ ਦੇਸ਼ ਵਿਚ ਅਜੇ ਗਲੀਆਂ-ਨਾਲੀਆਂ ਦਾ ਵਿਕਾਸ ਹੀ ਨਹੀਂ ਹੋਇਆ, ਉਹ ਦੇਸ਼ ਹੋਰਨਾਂ ਦੇਸ਼ਾਂ ਨਾਲ ਕੀ ਮੁਕਾਬਲਾ ਕਰੇਗਾ। ਇਹ ਬਹੁਤ ਚਿੰਤਾਜਨਕ ਹੈ। ਮਿੰਟੂ ਨੇ ਦੱਸਿਆ ਕਿ ਉਹ ਕੁਝ ਸਮਾਂ ਕੈਨੇਡਾ ਵਿਚ ਵੀ ਰਹੇ ਅਤੇ ਉੱਥੋਂ ਦੇ ਵਿਕਾਸ ਨੇ ਉਹਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਉਹ 2013 ਵਿਚ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਬਣੇ। ਇਸ ਦੌਰਾਨ ਉਹਨਾਂ ਦਾ ਮੁੱਖ ਮਕਸਦ ਇਹੀ ਸੀ ਕਿ ਪਿੰਡ ਨੂੰ ਨਾਲੀਆਂ ਤੋਂ ਮੁਕਤ ਕੀਤਾ ਜਾਵੇਗਾ। ਰਣਸੀਂਹ ਕਲਾਂ ਪਿੰਡ ਦੀ ਪੰਚਾਇਤ ਨੇ ਸਰਕਾਰੀ ਮਦਦ ਤੋਂ ਬਿਨ੍ਹਾਂ ਅਪਣੇ ਦਮ ‘ਤੇ ਪਿੰਡ ਦਾ ਵੱਡੇ ਪੱਧਰ ‘ਤੇ ਵਿਕਾਸ ਕੀਤਾ। ਪਿੰਡ ਦੇ ਘਰ-ਘਰ ਵਿਚ ਸੀਵਰੇਜ ਪਾਈ ਗਈ ਅਤੇ ਛੱਪੜ ਨੂੰ ਝੀਲ ਵਿਚ ਬਦਲ ਦਿੱਤਾ। ਇਸ ਦੇ ਲਈ ਪਿੰਡ ਦੇ ਨੌਜਵਾਨਾਂ ਨੇ ਦਿਨ-ਰਾਤ ਇਕ ਕਰਕੇ ਮਿਹਨਤ ਕੀਤੀ ਅਤੇ ਇਹ ਮਿਹਨਤ ਰੰਗ ਲਿਆਈ। ਇਸ ਦੌਰਾਨ ਪਿੰਡ ਦੇ ਨੌਜਵਾਨ ਠੰਢੀਆਂ ਰਾਤਾਂ ਵਿਚ ਵੀ ਡਟੇ ਰਹੇ। ਉਹਨਾਂ ਦੱਸਿਆ ਕਿ ਪਿੰਡ ਨੇ ਪਾਣੀ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਕੰਮ ਕੀਤਾ, ਗੰਦੇ ਪਾਣੀ ਲਈ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਅਤੇ ਸੋਧਿਆ ਹੋਇਆ ਪਾਣੀ ਖੇਤਾਂ ਨੂੰ ਦਿੱਤਾ ਗਿਆ। ਗੰਦੇ ਪਾਣੀ ਨੂੰ ਸੋਧ ਕੇ ਪਿੰਡ ਵੱਲੋਂ 100 ਏਕੜ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ। ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵੀ ਅਹਿਮ ਉਪਰਾਲੇ ਕੀਤੇ।  ਸਰਪੰਚ ਨੇ ਦੱਸਿਆ ਕਿ ਹੁਣ ਪਿੰਡ ਵੱਲੋਂ ਰੁੱਖ ਲਗਾਓ, ਵਾਤਾਵਰਣ ਬਚਾਓ ਅਤੇ ਪੈਸੇ ਕਮਾਓ ਮੁਹਿੰਮ ਸ਼ੁਰੂ ਕੀਤੀ ਜਾ ਰਿਹਾ ਹੈ। ਇਸ ਦੇ ਤਹਿਤ ਇਕ ਰੁੱਖ ਲਗਾਉਣ ’ਤੇ ਪਿੰਡ ਵੱਲੋਂ 100 ਰੁਪਏ ਦਾ ਚੈੱਕ ਦਿੱਤਾ ਜਾਵੇਗਾ ਤੇ 2 ਰੁੱਖ ਲਗਾਉਣ ਵਾਲੇ ਨੂੰ 200 ਰੁਪਏ ਦਾ ਚੈੱਕ ਦਿੱਤਾ ਜਾਵੇਗਾ। ਇਹ ਸਾਰੇ ਰੁੱਖ ਫਲਦਾਰ ਹੋਣਗੇ। ਮਿੰਟੂ ਸਰਪੰਚ ਨੇ ਕਿਹਾ ਕਿ ਉਹਨਾਂ ਦਾ ਇਹੀ ਸੁਪਨਾ ਹੈ ਕਿ ਪੰਜਾਬ ਦੇ ਹਰ ਪਿੰਡ ਦਾ ਰਣਸੀਂਹ ਕਲਾਂ ਦੀ ਤਰ੍ਹਾਂ ਵਿਕਾਸ ਹੋਵੇ। ਪਿੰਡ ਵਿਚ ਸਿਹਤ ਸਬੰਧੀ ਸਹੂਲਤਾਂ ਬਾਰੇ ਗੱਲ ਕਰਦਿਆਂ ਮਿੰਟੂ ਸਰਪੰਚ ਨੇ ਦੱਸਿਆ ਕਿ ਸੀਵਰੇਜ ਪਾਉਣ ਤੋਂ ਬਾਅਦ ਰਣਸੀਂਹ ਕਲਾਂ ਕਈ ਬਿਮਾਰੀਆਂ ਤੋਂ ਮੁਕਤ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਲੋੜਵੰਦ ਲੋਕਾਂ ਦਾ ਇਕ ਰੁਪਏ ਵਿਚ ਇਕ ਲੱਖ ਰੁਪਏ ਦਾ ਸਿਹਤ ਬੀਮਾ ਕੀਤਾ ਜਾਂਦਾ ਹੈ। ਹੁਣ ਤੱਕ ਪਿੰਡ ਵਿਚ 70-75 ਲਾਭਪਾਤਰੀ ਇਸ ਯੋਜਨਾ ਨਾਲ ਜੁੜੇ ਹਨ। ਇਹਨਾਂ ਸਕੀਮਾਂ ਦਾ ਖਰਚਾ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਹੁਣ ਤੱਕ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਲਈ 5 ਕਰੋੜ ਰੁਪਏ ਤੋਂ ਵੱਧ ਪੈਸੇ ਖਰਚੇ ਜਾ ਚੁੱਕੇ ਹਨ। ਇਸ ਵਿਚੋਂ ਸਰਕਾਰ ਦਾ ਯੋਗਦਾਨ ਸਿਰਫ 20% ਹੀ ਸੀ। ਇਹ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਪਿੰਡ ਦੀ ਪੰਚਾਇਤ ਨੇ ਕੇਦਰ ਵਲੋਂ ਮਿਲੇ ਦੋ ਰਾਸ਼ਟਰੀ ਪੁਰਸਕਾਰ ਅਤੇ 18 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਪਸ ਕੀਤੀ ਸੀ। ਉਹਨਾਂ ਕਿਹਾ ਕਿ ਕਿਸਾਨੀ ਲਈ ਅਸੀਂ ਕੋਈ ਵੀ ਕੁਰਬਾਨੀ ਦੇ ਸਕਦੇ ਹਾਂ ਇਹ ਪੁਰਸਕਾਰ ਤਾਂ ਬਹੁਤ ਛੋਟੇ ਹਨ।

Comment here