ਅਪਰਾਧਖਬਰਾਂ

ਰਾਜਧਾਨੀ ਦਿੱਲੀ ਨੂੰ ਅੱਤਵਾਦੀ ਹਮਲੇ ਦਾ ਖਤਰਾ

ਨਵੀਂ ਦਿੱਲੀ-ਖੁਫੀਆ ਏਜੰਸੀਆਂ ਦੀ ਰਿਪੋਰਟ ਮਗਰੋਂ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਤਵਾਦੀ ਹਮਲੇ ਨੂੰ ਲੈ ਕੇ ਇਕ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਡ੍ਰੋਨ ਰਾਹੀਂ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ। ਕਿਹਾ ਗਿਆ ਹੈ ਕਿ 15 ਅਗਸਤ ਤੋਂ ਪਹਿਲਾਂ ਪਾਕਿਸਤਾਨੀ ਅੱਤਵਾਦੀ ਦਿੱਲੀ ਨੂੰ ਦਹਿਲਾ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਹਟੀ ਸੀ। ਅਜਿਹੇ ‘ਚ ਹਮਲੇ ਲਈ ਇਹ ਦਿਨ ਚੁਣਿਆ ਜਾ ਸਕਦਾ ਹੈ ,ਜ਼ਿਕਰਯੋਗ ਹੈ ਕਿ ਡ੍ਰੋਨ ਦੇ ਖਤਰੇ ਨਾਲ ਨਜਿੱਠਣ ਲਈ ਪਹਿਲੀ ਵਾਰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਲੀ ਪੁਲਿਸ ਤੇ ਦੂਜੀ ਫੋਰਸ ਨੂੰ ਦਿੱਤੀ ਗਈ ਹੈ ਜਿਸ ‘ਚ ‘ਸਾਫਟ ਕਿਲ’ ਤੇ ‘ਹਾਰਡ ਕਿਲ’ ਦੋਵੇਂ ਟ੍ਰੇਨਿੰਗ ਸ਼ਾਮਲ ਹਨ। ਡ੍ਰੋਨ ਦੇ ਖਤਰੇ ਦੇ ਮੱਦੇਨਜ਼ਰ ਏਅਰਫੋਰਸ ਨੇ ਇਕ ਵਿਸ਼ੇਸ਼ ਡ੍ਰੋਨ ਕੰਟਰੋਲ ਰੂਮ ਵੀ ਬਣਾਇਆ ਹੈ। ਇਸ ਵਾਰ ਚਾਰ ਐਂਟੀ ਡ੍ਰੋਨ ਸਿਸਟਮ ਵੀ ਲਾਲ ਕਿਲ੍ਹੇ ‘ਤੇ ਲਾਏ ਜਾ ਰਹੇ ਹਨ। ਪਿਛਲੀ ਵਾਰ ਦੋ ਐਂਟੀ ਡ੍ਰੋਨ ਸਿਸਟਮ ਲਾਏ ਗਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾਵਾਂ ਦੁਆਰਾ ਕੀਤੀ ਗਈ ਪੜਤਾਲ ‘ਚ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਦੇ ਸ਼ਾਮਲ ਹੋਣ ਦਾ ਸੰਕੇਤ ਮਿਲਿਆ ਹੈ ਜਿਨ੍ਹਾਂ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਇੰਟਰ ਸਰਵਿਸ ਇੰਟੇਲੀਜੈਂਸ ਤੋਂ ਮਦਦ ਮਿਲ ਰਹੀ ਸੀ।

ਸੰਸਦ ਦੀ ਸੁਰੱਖਿਆ ਵਧਾਈ

ਕਿਸਾਨ ਅੰਦੋਲਨ ਦੇ ਚਲਦਿਆਂ ਅਤੇ ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਸਦ ਭਵਨ ਦੀ ਸੜਕ ਤੋਂ ਲੈ ਕੇ ਅਸਮਾਨ ਤਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੌਨਸੂਨ ਸੈਸ਼ਨ ਦੌਰਾਨ ਸੰਸਦ ਦੀ 24 ਘੰਟੇ ਸੁਰੱਖਿਆ ਹੋਵੇਗੀ। ਦਿੱਲੀ ਪੁਲਿਸ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਹਾਲਾਤ ‘ਚ ਕਿਸੇ ਵੀ ਟਰੈਕਟਰ ਨੂੰ ਨਵੀਂ ਦਿੱਲੀ ਦੇ ਖੇਤਰ ‘ਚ ਦਾਖਲ ਹੋਣ ਦੀ ਮਨਜੂਰੀ ਨਾ ਦਿੱਤੀ ਜਾਵੇ। ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦਿਨ ਭਰ ਸੰਸਦ ਦੇ ਆਸਪਾਸ ਗਸ਼ਤ ਕਰਦੇ ਵਿਖਾਈ ਦਿੱਤੇ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਕਿਸਾਨਾਂ ਦੁਆਰਾ ਕੀਤੇ ਗਏ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ।
ਇਸ ਤੋਂ ਇਲਾਵਾ ਡ੍ਰੋਨ ਹਮਲਿਆਂ ਦੇ ਖਤਰੇ ਨੂੰ ਧਿਆਨ ‘ਚ ਰੱਖਦੇ ਹੋਏ ਸੰਸਦ ਦੇ ਆਸਪਾਸ ਮਲਟੀ ਲੇਅਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਰਾਜਨੀਤਕ ਤੇ ਧਾਰਮਿਕ ਜਨਤਕ ਇਕੱਠਾਂ ‘ਤੇ ਡੀਡੀਐਮਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਬੰਦੀ ਹੈ। ਧਾਰਾ-144 ਵੀ ਲਗਾਈ ਗਈ ਹੈ। ਅਜਿਹੀ ਸਥਿਤੀ ‘ਚ ਬਹੁਤ ਸਾਰੇ ਲੋਕਾਂ ਨੂੰ ਇਕ ਥਾਂ ‘ਤੇ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ। ਅਰਧ ਸੈਨਿਕ ਬਲਾਂ ਦੀਆਂ ਚਾਰ ਕੰਪਨੀਆਂ ਸੰਸਦ ਭਵਨ ਦੀ ਸੁਰੱਖਿਆ ਲਈ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਕੰਪਨੀ ‘ਚ 75 ਤੋਂ 80 ਜਵਾਨ ਹਨ। ਇਸ ਤੋਂ ਇਲਾਵਾ ਦਿੱਲੀ ਪੁਲਿਸ ਦੇ 600 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ।

 

Comment here