ਸਿਆਸਤਖਬਰਾਂਚਲੰਤ ਮਾਮਲੇ

ਰਵਾਇਤੀ ਪਾਰਟੀਆਂ ਦੇ ਯੂਥ ਨੂੰ ਪ੍ਰਭਾਵਿਤ ਕਰਨ ਲੱਗੀ ਆਪ ਦੀ ਸਿਆਸਤ

ਮੋਹਾਲੀ :- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਵੱਡੇ ਥੰਮਾਂ ਨੂੰ ਗਿਰਾ ਕੇ ਜਬਰਦਸਤ ਐਂਟਰੀ ਲਈ ਹੈ। ਲੰਘੀ 10 ਮਾਰਚ ਨੂੰ ਆਈ ‘ਆਪ’ ਦੀ ਇਸ ‘ਸੁਨਾਮੀ’ ਨੇ ਆਪਣੀ ਸਿਆਸੀ ਪਾਰੀ ਅੱਗੇ ਵਧਾਉਣ ਵਾਲੇ ਯੂਥ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਅਗਲਾ ਸਿਆਸੀ ਬੌਸ ਕੌਣ ਹੋਵੇਗਾ ਕਿਉਂਕਿ ਉਨ੍ਹਾਂ ਦੇ ਪੁਰਾਣੇ ਸਿਆਸੀ ਗੁਰੂ ਵੱਲੋਂ ਕੀਤੇ ਦਾਅਵੇ-ਵਾਅਦੇ  ‘ਆਪ’ ਦੀ ਸੁਨਾਮੀ ’ਚ ਹੀ ਗੁਆਚ ਗਏ ਹਨ। ਇਸ ਯੂਥ ਬ੍ਰਿਗੇਡ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਪੁਰਾਣੇ ਰਵਾਇਤੀ ਪਾਰਟੀਆਂ ਵਿਚਲੇ ਵਿਚਾਰਾਂ ’ਤੇ ਹੀ ਪਹਿਰਾ ਦੇਣ ਜਾਂ ‘ਆਪ’ ਦੀ ਸਰਕਾਰ ਵਿਚਲੇ ਆਗੂਆਂ ਨੂੰ ਆਪਣਾ ਲੀਡਰ ਮੰਨ ਲੈਣ।  ਇਸ ਗੱਲ ਨੂੰ ਸਭ ਰਣਨੀਤੀਕਾਰ ਅਤੇ ਰਾਜਨੇਤਾ ਚੰਗੀ ਤਰ੍ਹਾਂ ਸਮਝਦੇ ਹਨ ਕਿ ਸੱਤਾ ਪ੍ਰਾਪਤੀ ਲਈ ਮੌਜੂਦਾ ਸੰਦਰਭ ’ਚ ਨੌਜਵਾਨ ਤਬਕੇ ਦਾ ਕਿੰਨਾ ਵੱਡਾ ਰੋਲ ਹੁੰਦਾ ਹੈ। ‘ਆਪ’ ਪਾਰਟੀ ਪ੍ਰਤੀ ਚਿੰਤਤ ਲੋਕਾਂ ਦਾ ਇਹ ਸਾਫ਼ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਪਾਰਟੀ ਹਾਈਕਮਾਂਡ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਯੂਨਿਟਾਂ ਬਣਾਉਣ ਦੇ ਨਾਲ ਪਾਰਟੀ ਦਾ ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਬਕਾਇਦਾ ਮਜ਼ਬੂਤ ਕਰਨਾ ਹੋਵੇਗਾ। ਉੱਥੇ ਹੀ ਪਾਰਟੀ ਪ੍ਰਤੀ ਵਫ਼ਾਦਾਰਾਂ ਅਤੇ ‘ਆਪ’ ਲਈ ਇਕ ਪਲ ਲਈ ਵੀ ਵਫ਼ਾਦਾਰੀ ਅਤੇ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਆਗੂਆਂ ਅਤੇ ਪਾਰਟੀ ਕੇਡਰ ਦਾ ਧਿਆਨ ਰੱਖਣਾ ਪਵੇਗਾ। ਚੋਣਾਂ ਦੌਰਾਨ ‘ਆਪ’ ਵਿਰੁੱਧ ਭੜਕਾਊ ਭਾਸ਼ਣਬਾਜ਼ੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਧਿਆਨ ਗੋਚਰੇ ਰੱਖਣਾ ਪਵੇਗਾ ਕਿਉਂਕਿ ਜਿਹੜੇ ਲੋਕ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ-ਦਿੰਦੇ ਆਪਣਾ ਸਿਆਸੀ ਕਰੀਅਰ ਦਾਅ ’ਤੇ ਲਾ ਚੁੱਕੇ ਹੋਣ, ਦੇ ਜਜ਼ਬਾਤਾਂ ਦੀ ਸਹੀ ਮਾਇਨਿਆਂ ’ਚ ਤਰਜਮਾਨੀ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਹੈ, ਜਿਸ ਨਾਲ ਪਾਰਟੀ ਦੇ ਪੁਰਾਣੇ ਕੇਡਰ ਤੇ ਸਮਰਥਕਾਂ ਦੇ ਹੌਸਲੇ ਬੁਲੰਦ ਰਹਿਣ। ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਆਪਣੀ ਫੇਰੀ ਦੌਰਾਨ ਐਜੂਕੇਸ਼ਨ, ਸਿਹਤ ਅਤੇ ਖ਼ਾਸ ਕਰ ਕੇ ਇੰਡਸਟਰੀ ਜਗਤ ਲਈ ਤਰ੍ਹਾਂ-ਤਰ੍ਹਾਂ ਦੀਆਂ ਗਾਰੰਟੀਆਂ ਦਿੱਤੀਆਂ ਗਈਆਂ ਕਿ ‘ਆਪ’ ਦੀ ਸਰਕਾਰ ਬਣਨ ’ਤੇ ਲੋਕ-ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ ਤੇ ਸਿਰਫ਼ ਵਾਅਦੇ ਅਤੇ ਦਾਅਵੇ ਨਹੀਂ ਸਗੋਂ ਗਾਰੰਟੀਆਂ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੌਰਾਨ ਹੀ ਇਹ ਕਿਹਾ ਜਾਂਦਾ ਰਿਹਾ ਕਿ ਪੰਜਾਬ ਨੂੰ ਸਹੀ ਮਾਇਨਿਆਂ ਵਿਚ ਪੰਜਾਬ ਬਣਾਇਆ ਜਾਵੇਗਾ ਅਤੇ ਹੁਣ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਵਲੋਂ ਦਿੱਤੀਆਂ ਗਾਰੰਟੀਆਂ ਅਤੇ ਭਗਵੰਤ ਮਾਨ ਵਲੋਂ ਕੀਤੇ ਜਾਂਦੇ ਐਲਾਨਾਂ ਨੂੰ ਅਮਲ ‘ਚ ਲਿਆਉਂਦੇ ਵੇਖਣਾ ਚਾਹੁੰਦੇ ਹਨ ਅਤੇ ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਇਕ-ਇਕ ਕਰ ਕੇ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਕਦੋਂ ਲਾਗੂ ਕਰੇਗੀ? ਇਸ ਦੀ ਉਡੀਕ ਸਭ ਨੂੰ ਹੈ।

Comment here