ਕਿਹਾ-ਅਕਾਲੀ ਦਲ ਸਾਡੀ ਮਾਂ ਪਾਰਟੀ
ਬ੍ਰਹਮਪੁਰਾ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਹੋਰ ਬਲ ਮਿਲਿਆ—ਬਾਦਲ
ਚੰਡੀਗੜ੍ਹ-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ ਤੇ ਜੋੜ ਤੋੜ ਦਾ ਸਿਲਸਿਲਾ ਜਾਰੀ ਹੈ। ਹੁਣੇ ਜਿਹੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਵਾਪਸੀ ਕਰ ਲਈ ਹੈ। ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਚ ਵਾਪਸੀ ਕਰਵਾਉਂਦੇ ਹੋਏ ਆਖਿਆ ਕਿ ਉਨ੍ਹਾਂ ਦੀ ਘਰ ਵਾਪਸੀ ਨਾਲ ਪਾਰਟੀ ਨੂੰ ਚੋਣਾਂ ਵਿਚ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਰ ਔਖੀ ਘੜੀ ਵਿਚ ਇਕੱਠੇ ਰਹਿ ਕੇ ਇਕ-ਦੂਜੇ ਦਾ ਸਾਥ ਦਿੱਤਾ ਹੈ। ਕੁੱਝ ਕਾਰਨਾਂ ਕਰਕੇ ਅਸੀਂ ਵਿੱਛੜ ਗਏ ਸੀ ਪਰ ਹੁਣ ਫਿਰ ਬ੍ਰਹਮਪੁਰਾ ਸਾਹਿਬ ਦੇ ਅਸ਼ੀਰਵਾਦ ਨਾਲ ਅਸੀਂ ਮਜ਼ਬੂਤ ਹੋ ਕੇ ਚੋਣ ਲੜਾਂਗੇ ਅਤੇ ਜਿੱਤ ਹਾਸਲ ਕਰਾਂਗੇ।
ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਦੀ ਦੂਰ ਅੰਦੇਸ਼ੀ ਸੋਚ ਨਾਲ ਅਕਾਲੀ ਦਲ ਨੂੰ ਵੱਡਾ ਲਾਭ ਹੋਵੇਗਾ। ਸੁਖਬੀਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਹੁਕਮ ਦਿੱਤਾ ਹੈ ਕਿ ਕਿ ਸਾਰੀਆਂ ਪੰਥਕ ਧਿਰਾਂ ਨੂੰ ਹੁਣ ਇਕੱਠਿਆਂ ਹੋਣ ਦੀ ਲੋੜ ਹੈ। ਅੱਜ ਸਾਡੇ ਧਰਮ ਅਤੇ ਪੰਜਾਬ ’ਤੇ ਹਮਲਾ ਹੋ ਰਿਹਾ ਹੈ। ਤਿੰਨ ਸਰਕਾਰਾਂ ਨਾਲ ਅਕਾਲੀ ਦਲ ਟੱਕਰ ਲੈ ਰਿਹਾ ਹੈ। ਇਕ ਦੋਸ਼ੀ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਹਿਲਾਂ ਇੰਦਰਾ ਗਾਂਧੀ ਨੇ ਵੀ ਹਮਲਾ ਕਰਵਾਇਆ ਸੀ ਅਤੇ ਹੁਣ ਫਿਰ ਅਜਿਹੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ, ਅਜਿਹੀਆਂ ਤਾਕਤਾਂ ਨਾਲ ਇਕੱਠੇ ਹੋ ਕੇ ਲੜਨ ਦੀ ਲੋੜ ਹੈ।
ਕੀ ਬੋਲੇ ਰਣਜੀਤ ਸਿੰਘ ਬ੍ਰਹਮਪੁਰਾ
ਇਸ ਮੌਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਤਾਂ ਹੀ ਜਿੱਤਿਆ ਜਾ ਸਕਦਾ ਹੈ ਜੇਕਰ ਅਸੀਂ ਇਕੱਠੇ ਹੋ ਕੇ ਮੈਦਾਨ ਵਿਚ ਉਤਰੀਏ। ਉਨ੍ਹਾਂ ਕਿਹਾ ਕਿ ਕੁੱਝ ਮੱਤਭੇਦਾਂ ਕਾਰਣ ਅਸੀਂ ਵੱਖ ਜ਼ਰੂਰ ਹੋ ਗਏ ਸੀ ਪਰ ਅੱਜ ਫਿਰ ਉਹ ਇਕੱਠੇ ਹੋ ਗਏ ਹਨ ਅਤੇ ਤੱਗੜੇ ਹੋ ਕੇ ਚੋਣਾਂ ਲੜਨਗੇ।
ਬ੍ਰਹਮਪੁਰਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ : ਪ੍ਰਕਾਸ਼ ਸਿੰਘ ਬਾਦਲ
ਇਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਜੇਕਰ ਮੈਨੂੰ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਇਸ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਦਾ ਬਹੁਤ ਵੱਡਾ ਹੱਥ ਰਿਹਾ। ਉਨ੍ਹਾਂ ਕਿਹਾ ਭਾਵੇਂ ਕੁੱਝ ਮਤਭੇਦਾਂ ਕਰਕੇ ਥੋੜ੍ਹੇ ਸਮੇਂ ਲਈ ਬ੍ਰਹਮਪੁਰਾ ਵੱਖ ਹੋ ਗਏ ਸਨ ਪਰ ਅਸੀਂ ਦਿਲੋਂ ਇਕ ਹਾਂ, ਅੱਜ ਬ੍ਰਹਮਪੁਰਾ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਦੇ ਵੀ ਜ਼ਬਰ ਨਾਲ ਦੱਬਣ ਵਾਲਾ ਨਹੀਂ ਹੈ, ਜਦੋਂ ਵੀ ਅਕਾਲੀ ਦਲ ਨਾਲ ਧੱਕਾ ਹੋਇਆ ਹੈ ਤਾਂ ਅਕਾਲੀ ਦਲ ਦੁੱਗਣਾ ਮਜ਼ਬੂਤ ਹੋਇਆ ਹੈ।
Comment here