ਪੰਚਕੂਲਾ- ਡੇਰਾ ਸਿਰਸਾ ਦੇ ਮੈਨੇਜਰ ਰਣਜੀਤ ਕਤਲ ਕੇਸ ਵਿੱਚ ਅੱਜ ਸੀਬੀਆਈ ਅਦਾਲਤ ਨੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਅਤੇ 31 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਇਸਦੇ ਨਾਲ ਹੀ ਬਾਕੀ ਚਾਰ ਦੋਸ਼ੀ ਨੂੰ ਵੀ ਉਮਰ ਕੈਦ ਦੀ ਸਜ਼ਾ ਅਤੇ ਪੰਜਾਹ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਗੁਰਮੀਤ ਰਾਮ ਰਹੀਮ ਸਿੰਘ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਜੁੜਿਆ ਅਤੇ ਬਾਕੀ ਚਾਰੇ ਦੋਸ਼ੀ ਕ੍ਰਿਸ਼ਨ, ਸਬਦਿਲ, ਅਵਤਾਰ ਤੇ ਜਸਬੀਰ ਪੰਚਕੂਲਾ ਦੀ ਚ ਪੇਸ਼ ਹੋਏ। ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਪੰਚਕੂਲਾ ‘ਚ ਧਾਰਾ 144 ਲਾਈ ਗਈ।
ਇਹ ਹੈ ਪੂਰਾ ਮਾਮਲਾ- 16 ਜੂਨ 2002 ਨੂੰ ਰਣਜੀਤ ਸਿੰਘ ਨੂੰ ਡੇਰਾ ਸੱਚਾ ਸੌਦਾ ਬੁਲਾਇਆ ਗਿਆ ਸੀ। ਡੇਰੇ ਨੂੰ ਰਣਜੀਤ ਸਿੰਘ ‘ਤੇ ਗੁਮਨਾਮ ਚਿੱਠੀ ਲਿਖਵਾਉਣ ਦਾ ਸ਼ੱਕ ਸੀ। ਰਣਜੀਤ ਸਿੰਘ ਨੂੰ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ ਗਈ। ਅਵਤਾਰ ਸਿੰਘ ਤੇ ਇੰਦਰ ਸੈਨ ਨੇ ਗੁਮਨਾਮ ਚਿੱਠੀਆਂ ਲਈ ਬਾਬਾ ਤੋਂ ਮਾਫ਼ੀ ਮੰਗਣ ਨੂੰ ਕਿਹਾ ਸੀ। ਰਣਜੀਤ ਸਿੰਘ ਨੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਮਾਫ਼ੀ ਨਾ ਮੰਗਣ ਦਾ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ। ਅਵਤਾਰ, ਇੰਦਰ ਸੈਨ ਨੇ ਕ੍ਰਿਸ਼ਣ ਲਾਲ, ਜਸਬੀਰ ਤੇ ਸਬਦਿਲ ਨਾਲ ਮਿਲ ਕੇ ਕਤਲ ਦੀ ਸਾਜਿਸ਼ ਰਚੀ ਸੀ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਆਪਣੇ ਘਰ ਤੋਂ ਥੋੜ੍ਹੀ ਦੂਰੀ ‘ਤੇ ਜੀਟੀ ਰੋਡ ਦੇ ਨਾਲ ਆਪਣੇ ਖੇਤਾਂ ਵਿੱਚ ਆਪਣੇ ਨੌਕਰਾਂ ਨੂੰ ਚਾਹ ਦੇਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ। ਕਾਤਲਾਂ ਨੇ ਆਪਣੀ ਕਾਰ ਜੀਟੀ ਰੋਡ ‘ਤੇ ਪਾਰਕ ਕੀਤੀ ਅਤੇ ਉਹ ਹੌਲੀ ਹੌਲੀ ਖੇਤ ਤੋਂ ਆ ਰਹੇ ਰਣਜੀਤ ਸਿੰਘ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਗੋਲੀਆਂ ਨਾਲ ਬੁਰੀ ਤਰ੍ਹਾਂ ਭੁੰਨ ਦਿੱਤਾ। ਗੋਲੀਆਂ ਚਲਾਉਣ ਤੋਂ ਬਾਅਦ ਕਾਤਲ ਭੱਜ ਗਏ। ਕਾਤਲਾਂ ਵਿੱਚ ਪੰਜਾਬ ਪੁਲਿਸ ਦੇ ਕਮਾਂਡੋ ਸਬਦੀਲ ਸਿੰਘ, ਅਵਤਾਰ ਸਿੰਘ, ਇੰਦਰਸਨ ਅਤੇ ਕ੍ਰਿਸ਼ਨਲਾਲ ਸ਼ਾਮਲ ਸਨ। ਇਹ ਵੀ ਪਤਾ ਲੱਗਾ ਕਿ ਰਣਜੀਤ ਸਿੰਘ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਡੇਰੇ ਵਿੱਚ ਵਰਤੇ ਗਏ ਹਥਿਆਰ ਜਮ੍ਹਾਂ ਕਰਵਾ ਦਿੱਤੇ ਸਨ। ਰਣਜੀਤ ਸਿੰਘ ਨੂੰ ਡੇਰਾਮੁਖੀ ਦੇ ਬਹੁਤ ਨੇੜੇ ਮੰਨਿਆ ਜਾਂਦਾ ਸੀ। ਸੀਬੀਆਈ ਨੇ 3 ਦਸੰਬਰ 2003 ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਐਫਆਈਆਰ ਦਰਜ ਕੀਤੀ ਸੀ। ਇਹ ਪਟੀਸ਼ਨ ਰਣਜੀਤ ਸਿੰਘ ਦੇ ਬੇਟੇ ਜਗਸੀਰ ਸਿੰਘ ਨੇ ਦਾਇਰ ਕੀਤੀ ਸੀ। ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਚਾਰਜ ਬਣਾਇਆ ਗਿਆ ਸੀ। ਅਦਾਲਤ ਵਿੱਚ ਸੁਣਵਾਈ ਕਈ ਵਾਰ ਮੁਲਤਵੀ ਹੋਈ। ਰਣਜੀਤ ਸਿੰਘ ਡੇਰੇ ਦਾ ਮੁੱਖ ਪ੍ਰਬੰਧਕ ਸੀ। ਸੀਬੀਆਈ ਨੇ 2003 ਵਿੱਚ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ 2007 ਵਿੱਚ ਅਦਾਲਤ ਨੇ ਦੋਸ਼ ਤੈਅ ਕੀਤੇ ਸਨ। ਸੀ ਬੀ ਆਈ ਨੇ 2007 ‘ਚ ਬਾਬਾ ਦੇ ਉਸ ਵੇਲੇ ਦੇ ਡਰਾਈਵਰ ਖੱਟਾ ਸਿੰਘ ਦੇ ਬਿਆਨ ਵੀ ਦਰਜ ਕੀਤੇ। ਖੱਟਾ ਸਿੰਘ ਨੇ ਆਪਣੇ ਬਿਆਨ ‘ਚ ਡੇਰਾ ਮੁਖੀ ‘ਤੇ ਕਤਲ ਦੇ ਹੁਕਮ ਦੇਣ ਦਾ ਇਲਜ਼ਾਮ ਲਾਇਆ ਸੀ। ਫਰਵਰੀ 2012 ‘ਚ ਸੁਣਵਾਈ ਦੇ ਦੌਰਾਨ ਖੱਟਾ ਸਿੰਘ ਆਪਣੇ ਬਿਆਨ ਤੋਂ ਮੁਕਰ ਗਿਆ ਪਰ ਕੁਝ ਮਹੀਨੇ ਬਾਅਦ ਖੱਟਾ ਸਿੰਘ ਇਕ ਵਾਰ ਫਿਰ ਆਪਣੇ ਪਹਿਲੇ ਬਿਆਨ ‘ਤੇ ਵਾਪਿਸ ਆਇਆ।
ਯਾਦ ਰਹੇ ਪਹਿਲੇ ਕੇਸ ਗੁਰਮੀਤ ਰਾਮ ਰਹੀਮ ਸਿੰਘ ਆਪਣੇ “ਡੇਰੇ ” ਵਿੱਚ ਆਪਣੀਆਂ ਦੋ ਮਹਿਲਾ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦੂਜੇ ਕੇਸ 2019 ਵਿੱਚ, ਗੁਰਮੀਤ ਰਾਮ ਰਹੀਮ ਸਿੰਘ ਅਤੇ ਤਿੰਨ ਹੋਰਨਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸਨੇ ਡੇਰਾ ਸੱਚਾ ਸੌਦਾ ਮੁਖੀ ਦੁਆਰਾ ਉਸਦੇ ਡੇਰੇ ਵਿੱਚ ਔਰਤਾਂ ਦੇ ਯੌਨ ਸ਼ੋਸ਼ਣ ਬਾਰੇ ਇੱਕ ਗੁਮਨਾਮ ਪੱਤਰ ਪ੍ਰਕਾਸ਼ਤ ਕੀਤਾ ਸੀ। ਇਸ ਕੇਸ ਵਿੱਚ ਰਾਮ ਰਹੀਮ ਸਮੇਤ 3 ਨੂੰ ਉਮਰ ਕੈਦ ਹੋਈ ਸੀ। ਸਾਰੇ ਮੁਲਜ਼ਮਾਂ ‘ਤੇ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਸੀ।
Comment here