ਸਿਆਸਤਖਬਰਾਂ

ਯੇਦੀਯੁਰੱਪਾ ਨੇ ਛੱਡੀ ਗੱਦੀ, ਅੱਜ ਸਰਕਾਰ ਦੇ ਦੋ ਵਰੇ ਹੋਏ ਨੇ ਮੁਕੰਮਲ

ਬੈਂਗਲੁਰੂ – ਕਰਨਾਟਕ ਵਿੱਚ ਯੇਦੀਯੁਰੱਪਾ ਸਰਕਾਰ ਦੇ ਕਾਰਜਕਾਲ ਦੇ ਅੱਜ 2 ਸਾਲ ਪੂਰੇ ਹੋਏ ਹਨ, ਤੇ ਅੱਜ ਹੀ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਇਕ ਪ੍ਰੋਗਰਾਮ ਵਿੱਚ ਉਨ੍ਹਾਂ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ। ਇਸ ਦੌਰਾਨ ਉਹ ਭਾਵੁਕ ਵੀ ਹੋਏ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਅਗਨੀ ਪ੍ਰੀਖਿਆ ‘ਚੋਂ ਲੰਘਿਆ ਤੇ ਪਾਰਟੀ ਨੂੰ ਇੱਥੇ ਤਕ ਪਹੁੰਚਾਇਆ। ਅਸਲ ਵਿੱਚ ਪਾਰਟੀ ਆਹਲਾਕਮਾਨ ਵੀ ਚਾਹੁੰਦੀ ਸੀ ਕਿ ਯੇਦੀਯੁਰੱਪਾ ਅਹੁਦਾ ਛੱਡ ਦੇਣ। ਇਸੇ ਲਈ ਉਨ੍ਹਾਂ ਨੂੰ ਬੀਤੇ ਦਿਨੀਂ ਬੁਲਾਇਆ ਗਿਆ ਸੀ। ਹੁਣ ਨਵੇਂ ਸੀਐੱਮ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਨਵੇਂ ਸੀਐੱਮ ਦੀ ਰੇਸ ਵਿਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀਐੱਲ ਸੰਤੋਸ਼ ਤੇ ਡਿਪਟੀ ਸੀਐੱਮ ਲਕਸ਼ਮਣ ਸਾਵਦੀ ਦਾ ਨਾਂ ਲਿਆ ਜਾ ਰਿਹਾ ਹੈ। ਇਸ ਦੌਰਾਨ ਇਹ ਵੀ ਚਰਚਾ ਹੋ ਰਹੀ ਹੈ ਕਿ ਯੇਦੀਯੁਰੱਪਾ ਲਿੰਗਾਇਤ ਭਾਈਚਾਰੇ ਤੋਂ ਹਨ ਤੇ ਲਿੰਗਾਇਤ ਭਾਈਚਾਰੇ ਨਾਲ ਜੁੜੇ ਸੰਤ ਲਗਾਤਾਰ ਉਨ੍ਹਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਰਹੇ ਹਨ। ਦੋ ਦਿਨ ਪਹਿਲਾਂ ਵੀ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਯੇਦੀਯੁਰੱਪਾ ਦਾ ਅਸਤੀਫ਼ਾ ਲਿਆ ਜਾਂਦਾ ਹੈ ਤਾਂ ਇਸ ਨਾਲ ਭਾਜਪਾ ਨੂੰ ਨੁਕਸਾਨ ਹੋਵੇਗਾ, ਪਰ ਹਾਈਕਮਾਂਡ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।

Comment here