ਸਿਆਸਤਖਬਰਾਂਚਲੰਤ ਮਾਮਲੇ

ਯੇਤੀ ਜਹਾਜ਼ ਹਾਦਸੇ ‘ਚ ਕੋ-ਪਾਇਲਟ ਅੰਜੂ ਖਾਤੀਵਾੜਾ ਦੀ ਹੋਈ ਮੌਤ

ਕਾਠਮੰਡੂ-ਯੇਤੀ ਏਅਰਲਾਈਨਜ਼ ਦੇ ਜਹਾਜ਼ ਹਾਦਸੇ ‘ਚ ਸਵਾਰ 4 ਲਾਪਤਾ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਮੁੜ ਸ਼ੁਰੂ ਕੀਤੀ। ਹਾਦਸਾਗ੍ਰਸਤ ਹੋਏ ATR-72 ਜਹਾਜ਼ ਵਿੱਚ ਚਾਲਕ ਦਲ ਦੇ 4 ਮੈਂਬਰਾਂ ਸਮੇਤ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 71 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ।
ਉਥੇ ਹੀ ਇਸ ਹਾਦਸੇ ‘ਚ ਮਾਰੀ ਗਈ ਕੋ-ਪਾਇਲਟ ਅੰਜੂ ਖਾਤੀਵਾੜਾ ਦੀ ਕਹਾਣੀ ਬਹੁਤ ਦਰਦਨਾਕ ਰਹੀ। ਇਸ ਫਲਾਈਟ ਨੂੰ ਸੁਰੱਖਿਅਤ ਲੈਂਡ ਕਰਵਾਉਣ ਤੋਂ ਬਾਅਦ ਅੰਜੂ ਕੋ-ਪਾਇਲਟ ਤੋਂ ਕੈਪਟਨ ਬਣਨ ਵਾਲੀ ਸੀ। ਇਸ ਤੋਂ ਪਹਿਲਾਂ ਅੰਜੂ ਨੇਪਾਲ ਦੇ ਲਗਭਗ ਸਾਰੇ ਹਵਾਈ ਅੱਡਿਆਂ ‘ਤੇ ਜਹਾਜ਼ ਨੂੰ ਸਫਲਤਾਪੂਰਵਕ ਲੈਂਡ ਕਰਵਾ ਚੁੱਕੀ ਹੈ। ਦੱਸ ਦੇਈਏ ਕਿ ਜਹਾਜ਼ ਨੂੰ ਸੀਨੀਅਰ ਕੈਪਟਨ ਕਮਲ ਕੇਸੀ ਉਡਾ ਰਹੇ ਸਨ, ਜਦੋਂ ਕਿ ਅੰਜੂ ਜਹਾਜ਼ ਵਿੱਚ ਕੋ-ਪਾਇਲਟ ਸੀ। ਕਮਲ ਕੇਸੀ ਕੋਲ ਏਅਰਕ੍ਰਾਫਟ ਪਾਇਲਟਿੰਗ ਦਾ 35 ਸਾਲਾਂ ਦਾ ਤਜ਼ਰਬਾ ਸੀ ਅਤੇ ਉਹ ਹਵਾਬਾਜ਼ੀ ਖੇਤਰ ਵਿੱਚ ਆਪਣੇ ਕਰੀਅਰ ਦੌਰਾਨ ਕਈ ਪਾਇਲਟਾਂ ਨੂੰ ਸਿਖਲਾਈ ਵੀ ਦੇ ਚੁੱਕੇ ਸਨ।
ਇੰਨਾ ਹੀ ਨਹੀਂ 16 ਸਾਲ ਪਹਿਲਾਂ ਇਸੇ ਯੇਤੀ ਏਅਰਲਾਈਨਜ਼ ਦੇ ਜਹਾਜ਼ ਹਾਦਸੇ ‘ਚ ਅੰਜੂ ਦੇ ਪਤੀ ਦੀਪਕ ਪੋਖਰੇਲ ਦੀ ਵੀ ਮੌਤ ਹੋ ਗਈ ਸੀ। ਦੀਪਕ ਵੀ ਕੋ-ਪਾਇਲਟ ਵਜੋਂ ਤਾਇਨਾਤ ਸਨ। ਉਦੋਂ ਇਹ ਘਟਨਾ 21 ਜੂਨ 2006 ਨੂੰ ਵਾਪਰੀ ਸੀ। ਇਸ ਜਹਾਜ਼ (9N-AEQ) ਨੇ ਪਾਲਗੰਜ ਤੋਂ ਸੁਰਖੇਤ ਲਈ ਉਡਾਣ ਭਰੀ ਸੀ ਪਰ ਲੈਂਡਿੰਗ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ‘ਚ ਚਾਲਕ ਦਲ ਦੇ 4 ਮੈਂਬਰ ਅਤੇ 6 ਯਾਤਰੀ ਮਾਰੇ ਗਏ ਸਨ।
ਦੱਸ ਦੇਈਏ ਕਿ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਵਿੱਚ ਹੋਇਆ ਇਹ ਹਿਮਾਲੀਅਨ ਦੇਸ਼ ਵਿੱਚ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਦੱਸਿਆ ਕਿ ਯੇਤੀ ਏਅਰਲਾਈਨਜ਼ ਦੇ 9N-ANC ATR-72 ਜਹਾਜ਼ ਨੇ ਸਵੇਰੇ 10.33 ਵਜੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਕਰੀਬ 11 ਵਜੇ ਪੋਖਰਾ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ।

Comment here