ਅਪਰਾਧਖਬਰਾਂਦੁਨੀਆ

ਯੂ ਐਨ ਦੀ ਰਾਹਤ ਏਜੰਸੀ ਤੇ ਹੋਏ ਤਾਲਿਬਾਨੀ ਹਮਲੇ ਨੂੰ ਲੈ ਕੇ ਜੁਆਬ ਤਲਬੀ

ਕਾਬੁਲ– ਅਫਗਾਨਿਸਤਾਨ ਚ ਤਾਲਿਬਾਨਾਂ ਦੇ ਤੇਜ਼ ਹੋਏ ਹਮਲਿਆਂ ਖਿਲਾਫ ਦੁਨੀਆ ਭਰ ਚ ਅਵਾਜ਼ ਉਠ ਰਹੀ ਹੈ, ਇਸ ਦੌਰਾਨ ਯੂ.ਐੱਨ. ਅਸਿਸਟੈਂਸ ਮਿਸ਼ਨ ਇਨ ਅਫ਼ਗਾਨਿਸਤਾਨ ਨੇ ਤਾਲਿਬਾਨ ਤੋਂ ਹੈਰਾਤ ਸੂਬੇ ‘ਚ ਆਪਣੇ ਮੁੱਖ ਕੰਪਲੈਕਸ ‘ਤੇ ਹੋਏ ਹਮਲੇ ‘ਤੇ ਜਵਾਬ ਮੰਗਿਆ ਹੈ ਅਤੇ ਨਾਲ ਹੀ ਇਸ ਹਮਲੇ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਯੂ.ਐੱਨ.ਏ.ਐੱਮ.ਏ. ਦਾ ਕਹਿਣਾ ਹੈ ਕਿ 30 ਜੁਲਾਈ ਨੂੰ ਉਨ੍ਹਾਂ ਦੇ ਕੰਪਲੈਕਸ ‘ਤੇ ਰਾਕੇਟ ਹਮਲਾ ਕੀਤਾ ਗਿਆ ਅਤੇ ਅੰਨ੍ਹੇਵਾਹ ਗੋਲੀਬਾਰੀ ਵੀ ਕੀਤੀ ਗਈ ਸੀ। ਇਹ ਸਭ ਉਸ ਸਮੇਂ ਹੋਇਆ, ਜਦੋਂ ਅਫ਼ਗਾਨ ਫ਼ੌਜ ਨੇ ਤਾਲਿਬਾਨ ਦੇ ਅੱਤਵਾਦੀਆਂ ਨੂੰ ਹੈਰਾਤ ਪ੍ਰਾਂਤ ‘ਚ ਮਾਰ ਸੁੱਟਿਆ ਸੀ। ਯੂ.ਐੱਨ.ਏ.ਐੱਮ.ਏ. ਨੇ ਇਸ ਸੰਬੰਧ ‘ਚ ਕੀਤੇ ਗਏ ਇਕ ਟਵੀਟ ‘ਚ ਕਿਹਾ ਹੈ ਕਿ ਤਾਲਿਬਾਨੀਆਂ ਨੇ ਉਨ੍ਹਾਂ ਦੇ ਕੰਪਲੈਕਸ ‘ਚ ਤਾਇਨਾਤ ਗਾਰਡ ਦਾ ਕਤਲ ਕਰ ਦਿੱਤਾ। ਇਸ ਲਈ ਉਸ ਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ। ਸੰਯੁਕਤ ਰਾਸ਼ਟਰ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਹੈਰਾਤ ਪ੍ਰਾਂਤ ‘ਚ 28 ਜੁਲਾਈ ਤੋਂ ਹੀ ਅਫ਼ਗਾਨ ਅਤੇ ਤਾਲਿਬਾਨ ਅੱਤਵਾਦੀਆਂ ਵਿਚਾਲੇ ਜ਼ਬਰਦਸਤ ਲੜਾਈ ਚੱਲ ਰਹੀ ਹੈ। ਤਾਲਿਬਾਨ ਇਸ ‘ਤੇ ਕਬਜ਼ੇ ਲਈ ਪੂਰੀ ਤਾਕਤ ਲਾ ਰਿਹਾ ਹੈ। ਲਗਾਤਾਰ ਚਾਰ ਦਿਨਾਂ ਤੋਂ ਜਾਰੀ ਇਸ ਜੰਗ ‘ਚ ਕਈ ਆਮ ਨਾਗਰਿਕਾਂ ਦੀ ਵੀ ਮੌਤ ਹੋ ਚੁਕੀ ਹੈ। ਅਫ਼ਗਾਨਿਸਤਾਨ ਦੇ ਖ਼ਰਾਬ ਹਾਲਾਤਾਂ ‘ਤੇ ਅਤੇ ਵਿਸ਼ੇਸ਼ ਕਰ ਕੇ ਆਮ ਨਾਗਰਿਕਾਂ ਨੂੰ ਰਾਹਤ ਦੇਣ ਵਾਲੀਆਂ ਏਜੰਸੀਆਂ ‘ਤੇ ਹੋਏ ਹਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਕਾਫ਼ੀ ਚਿੰਤਤ ਹੈ।

Comment here