ਸੰਯੁਕਤ ਰਾਸ਼ਟਰ-ਤਾਲਿਬਾਨ ਨੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਟਾਰੇਸ ਨੂੰ ਪੱਤਰ ਲਿਖ ਕੇ ਆਪਣੇ ਬੁਲਾਰੇ ਸੁਹੈਲ ਸ਼ਾਹੀਨ ਨੂੰ ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦਾ ਨਵਾਂ ਰਾਜਦੂਤ ਨਾਮਜ਼ਦ ਕਰਨ ਅਤੇ ਮਹਾਸਭਾ ਦੇ ਉੱਚ ਪੱਧਰੀ 76ਵੇਂ ਸੈਸ਼ਨ ਵਿਚ ਉਸਦੇ ਵਫਦ ਨੂੰ ਭਾਗ ਲੈਣ ਦੇਣ ਦੀ ਬੇਨਤੀ ਕੀਤੀ ਹੈ। ਨਾਮਜ਼ਦਗੀ ਨਾਲ ਤਾਲਿਬਾਨ ਅਤੇ ਅਫਗਾਨਿਸਤਾਨ ਦੀ ਪਿਛਲੀ ਸਰਕਾਰ ਦੇ ਦੂਤ ਗ੍ਰਾਮ ਇਸਾਕਜਾਈ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ, ਜੋ ਇਸ ਅਹੁਦੇ ’ਤੇ ਕਾਬਿਜ਼ ਹਨ। ਸੰਯੁਕਤ ਰਾਸ਼ਟਰ ਮਹਾਸਭਾ ਚਰਚਾ ਦੇ ਸ਼ੁਰੂ ਹੋਣ ਦੀ ਪੂਰਵਲੀ ਸ਼ਾਮ ’ਤੇ 20 ਸਤੰਬਰ ਨੂੰ ਜਨਰਲ ਸਕੱਤਰ ਨੂੰ ‘ਅਫਗਾਨਿਸਤਾਨ ਦੇ ਇਸਲਾਮੀ ਅਮੀਰਾਤ, ਵਿਦੇਸ਼ੀ ਮਾਮਲਿਆਂ ਦੇ ਮੰਤਰਾਲਾ’ ਦਾ ਇਕ ਪੱਤਰ ਮਿਲਿਆ, ਜਿਸ ’ਤੇ 20 ਸਤੰਬਰ, 2021 ਦੀ ਤਾਰੀਖ਼ ਸੀ ਅਤੇ ‘ਵਿਦੇਸ਼ ਮੰਤਰੀ ਦੇ ਤੌਰ ’ਤੇ ਅਮੀਰ ਖਾਨ ਮੁਤੱਕੀ’ ਨੇ ਉਸ ’ਤੇ ਦਸਤਖ਼ਤ ਕੀਤੇ ਸਨ।
ਪੱਤਰ ਵਿਚ ਤਾਲਿਬਾਨ ਨੇ ‘21 ਤੋਂ 27 ਸਤੰਬਰ ਦਰਮਿਆਨ ਹੋ ਰਹੇ ਸੰਯੁਕਤ ਰਾਸ਼ਟਰ ਮਹਾਸਭਾ 76ਵੇਂ ਸੈਸ਼ਨ ਵਿਚ’ ਹਿੱਸਾ ਲੈਣ ਦੀ ਬੇਨਤੀ ਕੀਤੀ ਹੈ। ਨਿਊਯਾਰਕ ਟਾਈਮਸ ਦੀ ਖਬਰ ਮੁਤਾਬਕ ਮੁਤੱਕੀ ਮਹਾਸਭਾ ਸੈਸ਼ਨ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ। ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਦੱਸਿਆ ਕਿ ਪੱਤਰ ਵਿਚ ਕਿਹਾ ਗਿਆ ਕਿ 15 ਅਗਸਤ, 2021 ਨੂੰ ‘ਮੁਹੰਮਦ ਅਸ਼ਰਫ ਗਨੀ ਨੂੰ ਬਾਹਰ ਕਰ ਦਿੱਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਰੂਪ ਵਿਚ ਮਾਨਤਾ ਨਹੀਂ ਦਿੰਦੇ ਹਨ ਅਤੇ ਉਨ੍ਹਾਂ ਨੇ ਹੀ ਜੂਨ 2021 ਵਿਚ ਇਸਾਕਜਈ ਨੂੰ ਅਫਗਾਨਿਸਤਾਨ ਦਾ ਰਾਜਦੂਤ ਨਿਯੁਕਤ ਕੀਤਾ ਸੀ। ਚਿੱਠੀ ਵਿਚ ਕਿਹਾ ਗਿਆ ਹੈ ਕਿ ਇਸਾਕਜਈ ਹੁਣ ਅਫਗਾਨਿਸਤਾਨ ਦੀ ਅਗਵਾਈ ਨਹੀਂ ਕਰਦੇ, ਇਸ ਲਈ ਉਨ੍ਹਾਂ ਦਾ ਸਥਾਈ ਪ੍ਰਤੀਨਿਧੀ ਦਾ ਮਿਸ਼ਨ ਖ਼ਤਮ ਮੰਨਿਆ ਜਾਵੇ। ਤਾਲਿਬਾਨ ਦੇ ਪੱਤਰ ਮੁਤਾਬਕ ਨਵੇਂ ਸਥਾਈ ਪ੍ਰਤੀਨਿਧੀ ਦੇ ਰੂਪ ਵਿਚ ਮੁਹੰਮਦ ਸੁਹੈਲ ਸ਼ਾਹੀਨ ਨੂੰ ਨਾਮਜ਼ਦ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟਾਰੇਸ ਨੂੰ 15 ਸਤੰਬਰ ਨੂੰ ਮੌਜੂਦਾ ਸਮੇਂ ਵਿਚ ਮਾਨਤਾ ਪ੍ਰਾਪਤ ਅਫਗਾਨ ਰਾਜਦੂਤ ਗੁਲਾਮ ਇਸਾਕਜਈ ਦਾ ਪੱਤਰ ਮਿਲਿਆ ਸੀ, ਜਿਸ ਵਿਚ ਮਹਾਸਭਾ ਦੇ 76ਵੇਂ ਸਾਲਾਨਾ ਸੈਸ਼ਨ ਵਿਚ ਹਿੱਸਾ ਲੈਣ ਵਾਲੇ ਅਫਗਾਨਿਸਤਾਨ ਦੇ ਵਫਦ ਦੀ ਸੂਚੀ ਸੀ। ਇਸ ਵਿਚ ਇਸਾਕਜਈ ਨੂੰ ਵਫਦ ਦਾ ਪ੍ਰਮੁੱਖ ਦੱਸਿਆ ਗਿਆ ਸੀ। ਇਹ ਦੋਨੋਂ ਪੱਤਰ ਸੰਯੁਕਤ ਰਾਸ਼ਟਰ ਸਕੱਤਰੇਤ ਵਲੋਂ ਮਹਾਸਭਾ ਦੇ ਪ੍ਰਧਾਨ ਦੇ ਦਫਤਰ ਤੋਂ ਸਲਾਹ ਤੋਂ ਬਾਅਦ ਮਹਾਸਭਾ ਦੇ 76ਵੇਂ ਸੈਸ਼ਨ ਦੀ ਕ੍ਰੈਡੈਂਸ਼ੀਅਲ ਕਮੇਟੀ ਦੇ ਮੈਂਬਰਾਂ ਨੂੰ ਭੇਜੇ ਗਏ ਹਨ। ਕਮੇਟੀ ਇਹ ਤੈਅ ਕਰੇਗੀ ਕਿ ਆਖਿਰ ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦਾ ਅਸਲੀ ਅਗਵਾਈ ਕੌਣ ਕਰੇਗਾ।
Comment here