ਸਿਆਸਤਖਬਰਾਂਦੁਨੀਆ

ਯੂ.ਏ.ਈ. ’ਚ ਵਿਕਣਗੀਆਂ ਕਸ਼ਮੀਰ ਦੀਆਂ ਸਬਜ਼ੀਆਂ

ਦੁਬਈ-ਫ਼ਲਾਂ ਵਾਂਗ ਹੀ ਹੁਣ ਕਸ਼ਮੀਰ ਦੀਆਂ ਸਬਜ਼ੀਆਂ ਵੀ ਵਿਦੇਸ਼ਾਂ ’ਚ ਵਿਕਣਗੀਆਂ। ਕਸ਼ਮੀਰ ਆਧਾਰਿਤ ਸਬਜ਼ੀਆਂ, ਮਸਾਲੇ ਅਤੇ ਹੋਰ ਖੇਤੀ ਵਸਤੂਆਂ ਨੂੰ ਗਲੋਬਲ ਪਲੇਟਫਾਰਮ ’ਤੇ ਪੇਸ਼ ਕਰਨ ਲਈ ਇਸ ਦੀ ਪਹਿਲੀ ਖੇਪ ਯੂ.ਏ.ਈ. ਨੂੰ ਭੇਜੀ ਗਈ ਹੈ। ਖੇਤੀਬਾੜੀ ਵਿਭਾਗ ਕਸ਼ਮੀਰ ਦੇ ਸਹਿਯੋਗ ਨਾਲ ਇਕ ਅੰਤਰਰਾਸ਼ਟਰੀ ਮਾਰਕੀਟਿੰਗ ਸਮੂਹ ਲੁਲੁ ਨੇ ਕਸ਼ਮੀਰ ਦੀਆਂ ਵਿਸ਼ੇਸ਼ ਸਬਜ਼ੀਆਂ (ਮੂਲੀ, ਸ਼ਲਗਮ, ਗਾਜਰ) ਦੀ ਪਹਿਲੀ ਖੇਪ ਯੂ.ਏ.ਈ. ਨੂੰ ਭੇਜੀ ਹੈ। ਭਾਵੇਂ ਕਸ਼ਮੀਰ ਦੇ ਸੇਬ ਭਾਰਤ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਮਸ਼ਹੂਰ ਹਨ ਪਰ ਹੁਣ ਕਸ਼ਮੀਰ ਦਾ ਖੇਤੀਬਾੜੀ ਵਿਭਾਗ ਕਸ਼ਮੀਰ ਦੀਆਂ ਸਬਜ਼ੀਆਂ ਅਤੇ ਇਥੋਂ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਆਲਮੀ ਖੇਤੀ ਵਪਾਰ ’ਚ ਕਸ਼ਮੀਰ ਦੇ ਕਿਸਾਨਾਂ, ਖੇਤੀ ਉੱਦਮੀਆਂ ਦੀ ਭਾਈਵਾਲੀ ਵਧਾਉਣ ਲਈ ਖੇਤੀਬਾੜੀ ਵਿਭਾਗ ਕਸ਼ਮੀਰ ਨੇ ਸਬਜ਼ੀਆਂ ਦੀ ਪਹਿਲੀ ਖੇਪ ਯੂ. ਏ. ਈ. ਨੂੰ ਭੇਜੀ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਵੀ ਸਬਜ਼ੀਆਂ ਦੀ ਵੱਡੀ ਖੇਪ ਦੁਬਈ, ਸ਼ਾਰਜਾਹ, ਆਬੂਧਾਬੀ ਅਤੇ ਹੋਰ ਖਾੜੀ ਦੇ ਬਾਜ਼ਾਰਾਂ ’ਚ ਭੇਜੀ ਗਈ ਸੀ। ਫੇਅਰ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਸਬਜ਼ੀਆਂ ਦੀ ਖੇਪ ਸ਼੍ਰੀਨਗਰ ਦੇ ਡੱਲ ਝੀਲ ਖੇਤਰ ਤੋਂ ਡੱਲ ਲੇਕ ਸਟੈਮ ਪ੍ਰੋਡਿਊਸਰ ਕੰਪਨੀ ਲਿਮਟਿਡ ਨਾਮੀ ਐੱਫ.ਪੀ.ਓ. ਤੋਂ ਖਰੀਦੀ ਹੈ। ਖੇਪ ਨੂੰ ਡਾਇਰੈਕਟਰ ਖੇਤੀਬਾੜੀ ਕਸ਼ਮੀਰ ਚੌਧਰੀ ਮੁਹੰਮਦ ਇਕਬਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾਇਰੈਕਟਰ ਐਗਰੀਕਲਚਰ ਨੇ ਕਿਹਾ ਕਿ ਵਿਭਾਗ ਜੰਮੂ-ਕਸ਼ਮੀਰ ਦੀ ਬਰਾਮਦ ਪ੍ਰੋਤਸਾਹਨ ਨੀਤੀ ਨੂੰ ਮਜ਼ਬੂਤ ​​ਕਰਨ ਲਈ ਲੰਬੇ ਸਮੇਂ ਦੀ ਅਭਿਲਾਸ਼ੀ ਯੋਜਨਾ ’ਤੇ ਕੰਮ ਕਰ ਰਿਹਾ ਹੈ।

Comment here