ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕ੍ਰੇਨ ਲਈ ਪਾਕਿ ਅਰਬਪਤੀ ਨੇ ਖਰੀਦੇ 2 ਲੜਾਕੂ ਜਹਾਜ਼

ਕਿਹਾ-ਅਸੀਂ ਅਜਿਹੇ ਸਮੇੰ ਚੁੱਪ ਨਹੀਂ ਰਹਿ ਸਕਦੇ

ਕੀਵ- 24 ਫਰਵਰੀ ਤੋਂ ਰੂਸ-ਯੂਕ੍ਰੇਨ ਯੁੱਧ ਚੱਲ ਰਿਹਾ ਹੈ। ਪੂਰਾ ਯੂਰਪ ਯੂਕ੍ਰੇਨ ਦੇ ਸਮਰਥਨ ਵਿੱਚ ਇੱਕ ਹੈ, ਉੱਥੇ ਰੂਸ ਲਗਭਗ ਇਕੱਲਾ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੇ ਇੱਕ ਅਰਬਪਤੀ ਕਾਰੋਬਾਰੀ ਨੇ ਯੂਕ੍ਰੇਨ ਨੂੰ ਦੋ ਲੜਾਕੂ ਜਹਾਜ਼ ਖਰੀਦ ਕੇ ਤੋਹਫੇ ਵਿੱਚ ਦਿੱਤੇ ਹਨ। ਇਸ ਕਾਰੋਬਾਰੀ ਦਾ ਨਾਂ ਮੁਹੰਮਦ ਜ਼ਹੂਰ ਦੱਸਿਆ ਜਾ ਰਿਹਾ ਹੈ। ਉਸ ਦੀ ਪਤਨੀ ਕਮਾਲੀਆ ਜ਼ਹੂਰ ਇੱਕ ਯੂਕ੍ਰੇਨੀ ਨਾਗਰਿਕ ਅਤੇ ਮਸ਼ਹੂਰ ਗਾਇਕਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਦਾ ਪਤੀ ਅਤੇ ਹੋਰ ਅਮੀਰ ਦੋਸਤ ਰੂਸ ਖ਼ਿਲਾਫ਼ ਲੜਾਈ ਵਿੱਚ ਯੂਕ੍ਰੇਨ ਦੀ ਚੁੱਪਚਾਪ ਮਦਦ ਕਰ ਰਹੇ ਹਨ। ਹਾਲਾਂਕਿ ਇਸ ਪੂਰੇ ਮਾਮਲੇ ‘ਤੇ ਪੁੱਛੇ ਜਾਣ ਦੇ ਬਾਵਜੂਦ ਪਾਕਿਸਤਾਨ ਨੇ ਚੁੱਪੀ ਧਾਰੀ ਹੋਈ ਹੈ। ਮਾਰਨਿੰਗ ਵਿਦ ਯੂਕ੍ਰੇਨ ਪ੍ਰੋਗਰਾਮ ਦੌਰਾਨ ਕਮਾਲੀਆ ਜ਼ਹੂਰ ਨੇ ਦੱਸਿਆ ਕਿ ਮੇਰੇ ਪਤੀ ਮੁਹੰਮਦ ਜ਼ਹੂਰ ਨੇ ਮੈਨੂੰ ਇਹ ਦੱਸਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂ ਵਿੱਚ ਇਸ ਮਦਦ ਨੂੰ ਲੁਕਾਇਆ ਸੀ। ਉਹਨਾਂ ਨੇ ਯੂਕ੍ਰੇਨ ਨੂੰ ਦੋ ਲੜਾਕੂ ਜਹਾਜ਼ ਦਿੱਤੇ ਅਤੇ ਹੋਰ ਕਈ ਤਰੀਕਿਆਂ ਨਾਲ ਵੀ ਮਦਦ ਕੀਤੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਮਲੀਆ ਨੇ ਇਹ ਬਿਆਨ ਕਦੋਂ ਦਿੱਤਾ ਹੈ। ਸਿਰਫ ਪਾਕਿਸਤਾਨੀ ਕਾਰੋਬਾਰੀਆਂ ਨੇ ਹੀ ਨਹੀਂ, ਸਗੋਂ ਯੂਰਪ ਅਤੇ ਅਮਰੀਕਾ ਦੇ ਕਈ ਅਮੀਰ ਲੋਕਾਂ ਨੇ ਵੀ ਆਪਣੇ ਪੱਧਰ ‘ਤੇ ਯੂਕ੍ਰੇਨ ਦੀ ਮਦਦ ਕੀਤੀ ਹੈ। ਕਈ ਪੱਛਮੀ ਮੀਡੀਆ ਸੰਸਥਾਵਾਂ ਨੇ ਵੀ ਯੂਕ੍ਰੇਨ ਲਈ ਫੰਡ ਇਕੱਠੇ ਕੀਤੇ ਹਨ।

ਕੌਣ ਹੈ ਮੁਹੰਮਦ ਜ਼ਹੂਰ – ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਮੁਹੰਮਦ ਜ਼ਹੂਰ ਯੂਕ੍ਰੇਨੀ ਅਖ਼ਬਾਰ ਕੀਵ ਪੋਸਟ ਦਾ ਸਾਬਕਾ ਮਾਲਕ ਹੈ। ਫਰਵਰੀ ਦੇ ਅਖੀਰ ਵਿੱਚ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ, ਜ਼ਹੂਰ ਯੂਕ੍ਰੇਨੀ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਦਾ ਪ੍ਰਬੰਧ ਕਰਨ ਵਿੱਚ ਜੁਟੇ ਹੋਏ ਸਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਰਾਚੀ ਵਿੱਚ ਪੈਦਾ ਹੋਏ ਅਰਬਪਤੀ ਕਾਰੋਬਾਰੀ ਨੇ ਪੈਸਾ ਇਕੱਠਾ ਕਰਨ ਅਤੇ ਸ਼ਰਨਾਰਥੀਆਂ ਨੂੰ ਯੂਨਾਈਟਿਡ ਕਿੰਗਡਮ ਅਤੇ ਯੂਰਪ ਦੇ ਹੋਰ ਹਿੱਸਿਆਂ ਵਿੱਚ ਕੱਢਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਜ਼ਹੂਰ ਨੇ ਯੂਕ੍ਰੇਨੀਆਂ ਲਈ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਲਈ ਕਈ ਦੇਸ਼ਾਂ ਦੇ ਰਾਜ ਮੁਖੀਆਂ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ। ਮਾਰਚ ਵਿੱਚ ਜ਼ਹੂਰ ਨੇ ਅਰਬ ਨਿਊਜ਼ ਨੂੰ ਕਿਹਾ ਸੀ ਕਿ ਅਸਲ ਵਿੱਚ ਇਹ ਸਾਡੇ ਲਈ ਚੁੱਪ ਨਾ ਰਹਿਣ ਦਾ ਸਮਾਂ ਹੈ। ਸਾਨੂੰ ਪੱਖ ਲੈਣਾ ਪਵੇਗਾ। ਮੈਂ ਖੁੱਲ੍ਹ ਕੇ ਯੂਕ੍ਰੇਨ ਦਾ ਪੱਖ ਲੈ ਰਿਹਾ ਹਾਂ ਕਿਉਂਕਿ ਪੱਛਮੀ, ਯੂਕ੍ਰੇਨੀ ਅਤੇ ਰੂਸੀ ਮੀਡੀਆ ਨੂੰ ਦੇਖਣ ਤੋਂ ਬਾਅਦ, ਮੈਂ ਦੇਖ ਸਕਦਾ ਹਾਂ ਅਤੇ ਫ਼ੈਸਲਾ ਕਰ ਸਕਦਾ ਹਾਂ ਕਿ ਕੌਣ ਸੱਚ ਬੋਲ ਰਿਹਾ ਹੈ। ਇਹ ਸੱਚਮੁੱਚ ਹਰ ਕਿਸੇ ਲਈ ਯੂਕ੍ਰੇਨ ਲਈ ਬੋਲਣ ਦਾ ਸਮਾਂ ਹੈ ਨਹੀਂ ਤਾਂ ਹਰ ਵੱਡਾ ਦੇਸ਼ ਆਪਣੇ ਛੋਟੇ ਗੁਆਂਢੀਆਂ ਨੂੰ ਨਿਗਲ ਜਾਵੇਗਾ। ਉਨ੍ਹਾਂ ਨੇ ਦੁਨੀਆ ਦੇ ਲੋਕਾਂ ਨੂੰ ਯੂਕ੍ਰੇਨ ਦਾ ਸਮਰਥਨ ਕਰਨ ਅਤੇ ਉਸ ਦਾ ਸਾਥ ਦੇਣ ਦਾ ਸੱਦਾ ਵੀ ਦਿੱਤਾ। ਮੁਹੰਮਦ ਜ਼ਹੂਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਦੇ ਸਭ ਤੋਂ ਭਿਆਨਕ ਸੰਕਟ ਵਿੱਚ ਹਾਂ। ਅਸੀਂ ਅਸਲ ਵਿੱਚ ਯੂਰਪ ਦੇ ਮੱਧ ਵਿੱਚ ਹਾਂ। ਜੇ ਉਨ੍ਹਾਂ ਪਰਮਾਣੂ ਪਾਵਰ ਪਲਾਂਟਾਂ ਨੂੰ ਕੁਝ ਵਾਪਰਦਾ ਹੈ ਤਾਂ ਚਰਨੋਬਲ ਤੋਂ ਵੱਧ ਤਬਾਹੀ ਹੋ ਸਕਦੀ ਹੈ। ਦਰਅਸਲ ਪੱਛਮੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਰੂਸੀ ਫ਼ੌਜ ਜਾਣਬੁੱਝ ਕੇ ਯੂਕ੍ਰੇਨ ਦੇ ਪ੍ਰਮਾਣੂ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਹਾਲਾਂਕਿ ਰੂਸ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।

Comment here