ਕੀਵ, ਮਾਸਕੋ-ਯੂਕ੍ਰੇਨ-ਰੂਸ ਜੰਗ ਦਾ ਅੱਜ ਤੀਜਾ ਦਿਨ ਹੈ ਅਤੇ ਅਜੇ ਵੀ ਕੋਈ ਆਸ ਨਹੀਂ ਕਿ ਇਹ ਜੰਗ ਕਦੋਂ ਤੱਕ ਥਮੇਗੀ। ਜੰਗ ਕਾਰਨ ਯੂਕਰੇਨ ’ਚ ਭਾਰੀ ਤਬਾਹੀ ਮਚ ਚੁੱਕੀ ਹੈ। ਗ੍ਰਹਿ ਮੰਤਰਾਲੇ ਨੇ ਬੀਤੇ ਦਿਨ ਦੱਸਿਆ ਸੀ ਕਿ ਰੂਸੀ ਹਮਲੇ ਵਿੱਚ ਹੁਣ ਤੱਕ 14 ਬੱਚਿਆਂ ਸਮੇਤ 352 ਯੂਕ੍ਰੇਨੀ ਨਾਗਰਿਕ ਮਾਰੇ ਗਏ ਹਨ ਅਤੇ 116 ਬੱਚਿਆਂ ਸਮੇਤ 1,684 ਲੋਕ ਜ਼ਖ਼ਮੀ ਹੋਏ ਹਨ। ਜੇਕਰ ਜੰਗ ਦੇ ਕਾਰਨਾਂ ‘ਤੇ ਝਾਤ ਮਾਰੀ ਜਾਵੇ ਤਾਂ ਰੂਸ-ਯੂਕ੍ਰੇਨ ਲੜਾਈ ਦੇ ਕਾਰਨਾਂ ਵਿੱਚੋਂ ਇਕ ਵੱਡਾ ਕਾਰਨ ਯੂਕ੍ਰੇਨ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ‘ਇੱਛਾ’ ਹੈ, ਜਿਸਦਾ ਰੂਸੀ ਰਾਸ਼ਟਰਪਤੀ ਪੁਤਿਨ ਸਖ਼ਤ ਵਿਰੋਧ ਕਰ ਰਹੇ ਹਨ।
ਨਾਟੋ ਕੀ ਹੈ ਤੇ ਇਸਦਾ ਉਦੇਸ਼ ਕੀ ਹੈ
ਨਾਟੋ – ਦਰਅਸਲ ਨਾਟੋ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਹੈ। ਨਾਟੋ ਇੱਕ ਫ਼ੌਜੀ ਗਠਜੋੜ ਹੈ ਜੋ ਸੰਯੁਕਤ ਰਾਜ, ਯੂਕੇ, ਫਰਾਂਸ ਅਤੇ ਕੈਨੇਡਾ ਸਮੇਤ 12 ਦੇਸ਼ਾਂ ਦੁਆਰਾ 1949 ਵਿੱਚ ਬਣਾਇਆ ਗਿਆ ਸੀ। ਹੁਣ ਨਾਟੋ 30 ਮੈਂਬਰ ਦੇਸ਼ਾਂ ਦਾ ਇੱਕ ਸਮੂਹ ਹੈ ਜੋ ਉੱਤਰੀ ਅਟਲਾਂਟਿਕ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੈ। ਨਾਟੋ ਦਾ ਮੁੱਖ ਦਫ਼ਤਰ ਬੈਲਜੀਅਮ ਵਿੱਚ ਸਥਿਤ ਹੈ। ਨਾਟੋ ਦੀ ਵੈੱਬਸਾਈਟ ਦੇ ਅਨੁਸਾਰ, ਇਸਦਾ ਉਦੇਸ਼ ਰਾਜਨੀਤਿਕ ਅਤੇ ਫ਼ੌਜੀ ਸਾਧਨਾਂ ਦੁਆਰਾ ਆਪਣੇ ਮੈਂਬਰਾਂ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਬਣਾਈ ਰੱਖਣਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਨਾਟੋ ਦਾ ਗਠਨ ਕੀਤਾ ਗਿਆ ਸੀ। USSR ਨੇ 1955 ਵਿੱਚ ਨਾਟੋ ਦਾ ਮੁਕਾਬਲਾ ਕਰਨ ਲਈ ਆਪਣਾ ਫ਼ੌਜੀ ਗਠਜੋੜ ਬਣਾਇਆ ਸੀ, ਜਿਸਨੂੰ ‘ਵਾਰਸਾ’ ਸਮਝੌਤਾ ਕਿਹਾ ਜਾਂਦਾ ਹੈ। 1990 ਵਿੱਚ ਸੋਵੀਅਤ ਯੂਨੀਅਨ ਦੇ ਢਹਿ ਜਾਣ ਨਾਲ ‘ਵਾਰਸਾ’ ਭੰਗ ਹੋ ਗਿਆ ਅਤੇ ਇਸ ਸਮਝੌਤੇ ਦੇ ਮੈਂਬਰ ਕਈ ਦੇਸ਼ ਨਾਟੋ ਦੇ ਮੈਂਬਰ ਬਣ ਗਏ।ਮੌਜੂਦਾ ਸਮੇਂ ‘ਚ ਨਾਟੋ ਦੇ 30 ਮੈਂਬਰ ਹਨ। ਉੱਤਰੀ ਮੈਸੇਡੋਨੀਆ, 2020 ਵਿੱਚ ਨਾਟੋ ਵਿੱਚ ਸ਼ਾਮਲ ਹੋਣ ਵਾਲਾ ਸਭ ਤੋਂ ਨਵਾਂ ਮੈਂਬਰ ਹੈ। ਨਾਟੋ ਦੇ ਮੈਂਬਰ ਦੇਸ਼ਾਂ ਵਿੱਚ ਦੋ ਉੱਤਰੀ ਅਮਰੀਕੀ ਦੇਸ਼, 27 ਯੂਰਪੀਅਨ ਦੇਸ਼ ਅਤੇ ਇੱਕ ਯੂਰੇਸ਼ੀਅਨ ਦੇਸ਼ ਸ਼ਾਮਲ ਹਨ। ਯੂਕ੍ਰੇਨ ਨਾਟੋ ਦਾ ਮੈਂਬਰ ਦੇਸ਼ ਨਹੀਂ ਹੈ। 12 ਜੂਨ 2020 ਨੂੰ, ਯੂਕ੍ਰੇਨ ਨਾਟੋ ਦੇ ਵਿਸਥਾਰ ਮੌਕੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ, ਜੋ ਇਸ ਗੱਲ ਵੱਲ ਇਸ਼ਾਰਾ ਸੀ ਕਿ ਭਵਿੱਖ ਵਿੱਚ ਯੂਕ੍ਰੇਨ ਨਾਟੋ ਵਿੱਚ ਸ਼ਾਮਲ ਹੋ ਸਕਦਾ ਹੈ। ਮੌਜੂਦਾ ਜੰਗ ਦਾ ਵੱਡਾ ਕਾਰਨ ਵੀ ਇਹੀ ਹੈ ਕਿ ਰੂਸ ਯੂਕ੍ਰੇਨ ਦੇ ਨਾਟੋ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰਦਾ ਆ ਰਿਹਾ ਹੈ ਅਤੇ ਪੱਛਮ ਤੋਂ ਇਹ ਭਰੋਸਾ ਚਾਹੁੰਦਾ ਹੈ ਕਿ ਯੂਕ੍ਰੇਨ ਨੂੰ ਕਦੇ ਵੀ ਨਾਟੋ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Comment here