ਵਾਸ਼ਿੰਗਟਨ-ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਨੂੰ ਲੈਕੇ ਸਿਆਸਤ ਜਾਰੀ ਹੈ। ਰਿਪਬਲਿਕਨ ਪਾਰਟੀ ਵਲੋਂ ਸੰਭਾਵਿਤ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ ’ਚ ਸ਼ਾਮਲ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੇ ਇਹ ਕਹਿ ਕੇ ਆਪਣੀ ਪਾਰਟੀ ਦੇ ਵਿਰੋਧੀਆਂ ਨੂੰ ਨਾਰਾਜ਼ ਕੀਤਾ ਹੈ ਕਿ ਉਹ ਰੂਸ ਖ਼ਿਲਾਫ਼ ਜੰਗ ’ਚ ਯੂਕ੍ਰੇਨ ਦਾ ਸਮਰਥਨ ਨਹੀਂ ਕਰਨਗੇ। ਉਨ੍ਹਾਂ ਦਾ ਬਿਆਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਏ ਨਾਲ ਮੇਲ ਖਾਂਦਾ ਹੈ, ਜੋ ਕੀਵ ਨੂੰ ਮਹੱਤਵਪੂਰਨ ਸਹਾਇਤਾ ਛੱਡਣ ਦੇ ਪੱਖ ’ਚ ਹਨ। ਅਰਬਪਤੀ ਉਦਯੋਗਪਤੀ ਰਾਮਾਸਵਾਮੀ ਨੇ ਬੁੱਧਵਾਰ ਨੂੰ ਕੈਲੀਫੋਰਨੀਆ ’ਚ ਰਿਪਬਲਿਕਨ ਪਾਰਟੀ ਦੀ ਦੂਜੀ ਪ੍ਰਾਇਮਰੀ ਬਹਿਸ ’ਚ ਕਿਹਾ, ‘‘ਸਿਰਫ਼ ਕਿਉਂਕਿ (ਰੂਸੀ ਰਾਸ਼ਟਰਪਤੀ ਵਲਾਦੀਮੀਰ) ਪੁਤਿਨ ਇਕ ਤਾਨਾਸ਼ਾਹ ਹਨ, ਇਸ ਦਾ ਮਤਲਬ ਇਹ ਨਹੀਂ ਕਿ ਯੂਕ੍ਰੇਨ ਚੰਗਾ ਹੈ। ਇਹ ਉਹ ਦੇਸ਼ ਹੈ, ਜਿਸ ਨੇ 11 ਵਿਰੋਧੀ ਪਾਰਟੀਆਂ ’ਤੇ ਪਾਬੰਦੀ ਲਗਾਈ ਹੋਈ ਹੈ।’’
ਰਾਮਾਸਵਾਮੀ ਦੇ ਇਸ ਬਿਆਨ ਦੀ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਨਿਊਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੇ ਭਾਰੀ ਨਿੰਦਿਆ ਕੀਤੀ ਸੀ। ਭਾਰਤੀ ਮੂਲ ਦੀ ਹੇਲੀ ਨੇ ਸਭ ਤੋਂ ਪਹਿਲਾਂ ਰਾਮਾਸਵਾਮੀ ਦੇ ਇਸ ਬਿਆਨ ਦਾ ਵਿਰੋਧ ਕੀਤਾ ਸੀ। ਉਸ ਨੇ ਕਿਹਾ, ‘‘ਰੂਸ ਦੀ ਜਿੱਤ ਦਾ ਮਤਲਬ ਚੀਨ ਦੀ ਜਿੱਤ ਹੈ।’’ ਰਾਮਾਸਵਾਮੀ ਇਸ ਨਾਲ ਅਸਹਿਮਤ ਸਨ ਤੇ ਕਿਹਾ, ‘‘ਚੀਨ ਅਸਲ ਦੁਸ਼ਮਣ ਹੈ। ਅਸੀਂ ਰੂਸ ਨੂੰ ਚੀਨ ਦੇ ਨੇੜੇ ਧੱਕ ਰਹੇ ਹਾਂ। ਸਾਨੂੰ ਇਸ ਨੂੰ ਖ਼ਤਮ ਕਰਨ ਲਈ ਇਕ ਉਚਿਤ ਸ਼ਾਂਤੀ ਯੋਜਨਾ ਦੀ ਲੋੜ ਹੈ, ਇਹ ਉਹ ਦੇਸ਼ ਹੈ, ਜਿਸ ਦੇ ਰਾਸ਼ਟਰਪਤੀ ਪਿਛਲੇ ਹਫ਼ਤੇ ਇਕ ਨਾਜ਼ੀ ਦੀ ਤਾਰੀਫ਼ ਕਰ ਰਹੇ ਸਨ।’’
Comment here