ਲੰਡਨ-ਯੂਕੇ ‘ਚ ਘੱਲੂਘਾਰੇ ਦੀ 39ਵੀਂ ਯਾਦ ‘ਚ ਭਾਰੀ ਰੋਸ ਮੁਜ਼ਾਹਰੇ ਦੀ ਖ਼ਬਰ ਸਾਹਮਣੇ ਆਈ ਹੈ। ਯੂਕੇ ਦੀਆਂ ਸਿੱਖ ਸੰਗਤਾਂ ਵੱਲੋਂ ਜੂਨ 1984 ਵਿਚ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਲੰਡਨ ਵਿੱਚ ਸ਼ਰਧਾਂਜਲੀ ਸਮਾਗਮ ਅਤੇ ਭਾਰਤ ਖ਼ਿਲਾਫ਼ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਯੂਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹਜ਼ਾਰਾਂ ਸਿੱਖ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ।
ਰੋਸ ਮੁਜ਼ਾਹਰਾ ਲੰਡਨ ਦੇ ਹਾਇਡ ਪਾਰਕ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਇਆ ਤੇ ਲੰਡਨ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦਾ ਹੋਇਆ ਟ੍ਰੈਫਲਗਰ ਸੂਕੈਅਰ ਜਾਂ ਸਮਾਪਤੀ ਦੀ ਅਰਦਾਸ ਤੋਂ ਬਾਅਦ ਸਮਾਪਤ ਹੋਇਆ। ਹਾਇਡ ਪਾਰਕ ਵਿੱਚ ਆਰਜ਼ੀ ਸਟੇਜ ਤੇ ਟ੍ਰੈਫਲਗਰ ਸੂਕੈਅਰ ਵਿੱਚ ਸਟੇਜ ਤੋਂ ਵੱਖ-ਵੱਖ ਬੁਲਾਰਿਆਂ ਨੇ ਜੂਨ 84 ਦੇ ਘੱਲੂਘਾਰੇ ਦੌਰਾਨ ਸਮੂਹ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤ ਵਿੱਚ ਘੱਟ ਗਿਣਤੀ ਕੌਮਾਂ ‘ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਖ਼ਤ ਨਿਖੇਧੀ ਕੀਤੀ ਗਈ ਅਤੇ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿੱਚ ਚੱਲ ਰਹੇ ਮੋਰਚੇ ਦੀ ਪੂਰਨ ਹਮਾਇਤ ਕੀਤੀ ਗਈ।
ਸਮਾਗਮ ਵਿੱਚ ਪਾਕਿਸਤਾਨ ਵਿੱਚ ਸ਼ਹੀਦ ਹੋਏ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸਿੱਖ ਜਰਨੈਲ ਹਰੀ ਸਿੰਘ ਨਲਵਾ ਐਵਾਰਡ ਦੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਪ੍ਰੋੜਤਾ ਕੀਤੀ ਗਈ। ਰੋਸ ਮਾਰਚ ਵਿੱਚ ਸਾਊਥਾਲ, ਹੇਜ਼, ਹੰਸਲੋ, ਸਲੋਹ, ਬਰਮਿੰਘਮ, ਰੈਡਿਗ, ਕਵੈਂਟਰੀ, ਗਲਾਸਗੋ, ਸਕਾਟਲੈਂਡ, ਵੂਲਵਰਹੈਪਟਨ, ਲੂਟਨ, ਨੋਰਵਿੱਚ, ਇੰਲਫੋਰਡ ਆਦਿ ਸ਼ਹਿਰਾਂ ਤੋਂ ਗੁਰਦਵਾਰਾ ਪ੍ਰਬੰਧਕਾਂ ਦੇ ਵੱਡੇ ਸਹਿਯੋਗ ਨਾਲ ਹਜ਼ਾਰਾਂ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ।
ਇਸ ਮੌਕੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਤੁਰ ਰਹੀਆਂ ਸਨ ਤੇ ਨੌਜਵਾਨਾਂ ਵੱਲੋਂ ਹੱਥਾਂ ਵਿੱਚ ਕੇਸਰੀ ਨਿਸ਼ਾਨ, ਖਾਲਿਸਤਾਨ ਝੰਡੇ ਤੇ ਖਾਲਿਸਤਾਨ ਜ਼ਿੰਦਾਬਾਦ, ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ। ਨੌਜਵਾਨਾਂ ਵੱਲੋਂ ਭਾਰਤ ਸਰਕਾਰ ਵੱਲੋਂ ਐਨ. ਆਈ. ਏ. ਲਾ ਕੇ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਵੱਡੇ-ਵੱਡੇ ਬੈਨਰ ਚੁੱਕੇ ਸਨ। ਇਸ ਮੌਕੇ ਫਰੀਡਮ ਆਫ਼ ਈਰਾਨ ਦੇ ਕਾਰਕੁੰਨ ਨੇ ਵੀ ਵੱਡੇ ਪੱਧਰ ‘ਤੇ ਸ਼ਿਰਕਤ ਕੀਤੀ।
Comment here